ਬਾਈਡਨ ਵੱਲੋਂ ਭੰਗ ਰੱਖਣ ਦੇ ਦੋਸ਼ੀ ਹਜ਼ਾਰਾਂ ਲੋਕਾਂ ਦੀ ਰਿਹਾਈ ਦੇ ਆਦੇਸ਼

36
Share

-ਅਮਰੀਕਾ ’ਚ ਭੰਗ ਰੱਖਣ ਜਾਂ ਵਰਤਣ ਲਈ ਹੁਣ ਨਹੀਂ ਜਾਣਾ ਪਵੇਗਾ ਜੇਲ੍ਹ
– ਨਸਲੀ ਘੱਟ-ਗਿਣਤੀਆਂ ਸਭ ਤੋਂ ਵੱਧ ਪੀੜਤ
– ਗੈਰ-ਕਾਨੂੰਨੀ ਖਰੀਦ-ਵੇਚ ’ਤੇ ਰੋਕ ਜਾਰੀ
ਵਾਸ਼ਿੰਗਟਨ, 7 ਅਕਤੂਬਰ (ਪੰਜਾਬ ਮੇਲ)- ਅਮਰੀਕਾ ਵਿਚ ਹੁਣ ਸੀਮਤ ਮਾਤਰਾ ਵਿਚ ਭੰਗ ਰੱਖਣ ਜਾਂ ਵਰਤਣ ਲਈ ਜੇਲ੍ਹ ਨਹੀਂ ਜਾਣਾ ਪਵੇਗਾ। ਨਾਲ ਹੀ ਅਜਿਹੇ ਦੋਸ਼ਾਂ ਲਈ ਸਜ਼ਾ ਕੱਟ ਰਹੇ ਲੋਕਾਂ ਨੂੰ ਵੀ ਜੇਲ੍ਹ ਤੋਂ ਰਿਹਾਅ ਕੀਤਾ ਜਾਵੇਗਾ। ਅਮਰੀਕਾ ਦੇ ਰਾਸ਼ਟਰਪਤੀ ਜੋਅ ਬਇਡਨ ਨੇ ਵੀਰਵਾਰ ਨੂੰ ਮਾਰਿਜੁਆਨਾ ਭਾਵ ਭੰਗ ਰੱਖਣ ਦੇ ਦੋਸ਼ੀ ਹਜ਼ਾਰਾਂ ਅਮਰੀਕੀਆਂ ਨੂੰ ਮੁਆਫ਼ ਕਰ ਦਿੱਤਾ। ਇਸ ਤਰ੍ਹਾਂ ਉਨ੍ਹਾਂ ਨੇ ਮੱਧਕਾਲੀ ਚੋਣਾਂ ਤੋਂ ਇਕ ਮਹੀਨਾ ਪਹਿਲਾਂ ਆਪਣੇ ਸਮਰਥਕਾਂ ਨਾਲ ਕੀਤਾ ਵਾਅਦਾ ਪੂਰਾ ਕੀਤਾ।
ਬਾਇਡਨ ਨੇ ਕਿਹਾ ਕਿ ਮੈਂ ਸਿਰਫ਼ ਭੰਗ ਰੱਖਣ ਦੇ ਸਾਰੇ ਪੁਰਾਣੇ ਅਪਰਾਧਾਂ ਲਈ ਮੁਆਫ਼ੀ ਦਾ ਐਲਾਨ ਕਰ ਰਿਹਾ ਹਾਂ। ਹਾਲਾਂਕਿ ਉਨ੍ਹਾਂ ਨੇ ਇਸ ਨੂੰ ਪੂਰੀ ਤਰ੍ਹਾਂ ਨਾਲ ਅਪਰਾਧ ਮੁਕਤ ਬਣਾਉਣ ਦੀ ਗੱਲ ਨਹੀਂ ਕਹੀ। ਉਨ੍ਹਾਂ ਕਿਹਾ ਕਿ ਘੱਟ ਉਮਰ ਦੇ ਲੋਕਾਂ ਲਈ ਤਸਕਰੀ ਅਤੇ ਵੇਚਣ ’ਤੇ ਸੀਮਾਵਾਂ ਬਰਕਰਾਰ ਰਹਿਣੀਆਂ ਚਾਹੀਦੀਆਂ ਹਨ। ਅਮਰੀਕਾ ਦੇ ਬਹੁਤ ਸਾਰੇ ਰਾਜਾਂ ਵਿਚ ਲੋਕਾਂ ਨੂੰ ਪਹਿਲਾਂ ਹੀ ਨਾ ਸਿਰਫ ਡਾਕਟਰੀ ਵਰਤੋਂ ਲਈ, ਬਲਕਿ ਸ਼ੌਕ ਦੇ ਤੌਰ ’ਤੇ ਵੀ ਭੰਗ ਖਰੀਦਣ ਦੀ ਆਗਿਆ ਹੈ। ਬੀ.ਬੀ.ਸੀ. ਦੀਆਂ ਖ਼ਬਰਾਂ ਦੇ ਅਨੁਸਾਰ ਇੱਕ ਤਾਜ਼ਾ ਪੋਲ ਦਰਸਾਉਂਦਾ ਹੈ ਕਿ ਜ਼ਿਆਦਾਤਰ ਅਮਰੀਕੀ ਮੰਨਦੇ ਹਨ ਕਿ ਭੰਗ ਕਾਨੂੰਨੀ ਹੋਣੀ ਚਾਹੀਦੀ ਹੈ। ਬਾਇਡਨ ਨੇ ਕਿਹਾ ਕਿ ਭੰਗ ਰੱਖਣ ਦੇ ਦੋਸ਼ ਵਿਚ ਲੋਕਾਂ ਨੂੰ ਜੇਲ੍ਹ ਭੇਜ ਕੇ ਉਨ੍ਹਾਂ ਦੀਆਂ ਜ਼ਿੰਦਗੀਆਂ ਬਰਬਾਦ ਕੀਤੀਆਂ ਗਈਆਂ।
ਬਾਇਡਨ ਨੇ ਕਿਹਾ ਕਿ ਲੋਕਾਂ ਨੂੰ ਅਜਿਹੇ ਵਿਵਹਾਰ ਲਈ ਜੇਲ੍ਹ ਵਿਚ ਬੰਦ ਕਰ ਦਿੱਤਾ ਗਿਆ ਸੀ, ਜਿਸ ’ਤੇ ਹੁਣ ਬਹੁਤ ਸਾਰੇ ਰਾਜਾਂ ਵਿਚ ਪਾਬੰਦੀ ਨਹੀਂ ਹੈ। ਉਨ੍ਹਾਂ ਕਿਹਾ ਕਿ ਭੰਗ ਲਈ ਜੇਲ੍ਹ ਜਾਣ ਵਾਲੇ ਨਸਲੀ ਘੱਟ ਗਿਣਤੀਆਂ ਦੀ ਗਿਣਤੀ ਕਿਤੇ ਵੱਧ ਹੈ। ਅਮਰੀਕੀ ਰਾਸ਼ਟਰਪਤੀ ਨੇ ਕਿਹਾ ਕਿ ਮੈਂ ਭੰਗ ਦੀ ਵਰਤੋਂ ਨੂੰ ਲੈ ਕੇ ਅਪਰਾਧਿਕ ਨੀਤੀ ਨੂੰ ਬਦਲਣ ਲਈ ਤਿੰਨ ਕਦਮ ਚੁੱਕਣ ਜਾ ਰਿਹਾ ਹਾਂ। ਇਸ ਵਿਚ ਪਹਿਲਾਂ ਭੰਗ ਰੱਖਣ ਦੇ ਸਾਰੇ ਦੋਸ਼ੀਆਂ ਨੂੰ ਸੰਘੀ ਕਾਨੂੰਨ ਦੇ ਤਹਿਤ ਮੁਆਫ਼ੀ ਦਿੱਤੀ ਜਾਂਦੀ ਹੈ।
ਉਨ੍ਹਾਂ ਕਿਹਾ ਕਿ ਇਸ ਸਬੰਧੀ ਅਟਾਰਨੀ ਜਨਰਲ ਨੂੰ ਹਦਾਇਤਾਂ ਦਿੱਤੀਆਂ ਗਈਆਂ ਹਨ ਕਿ ਯੋਗ ਵਿਅਕਤੀਆਂ ਦੀਆਂ ਸਜ਼ਾਵਾਂ ਨੂੰ ਖ਼ਤਮ ਕੀਤਾ ਜਾਵੇ। ਇਹ ਫ਼ੈਸਲਾ ਵੱਡੀ ਗਿਣਤੀ ਵਿਚ ਭੰਗ ਰੱਖਣ ਲਈ ਸਜ਼ਾ ਕੱਟ ਰਹੇ ਲੋਕਾਂ ਦੀ ਮਦਦ ਕਰੇਗਾ। ਬਾਇਡਨ ਦੇ ਹੁਕਮਾਂ ਤੋਂ ਬਾਅਦ ਦੇਸ਼ ਦੇ ਸਾਰੇ ਗਵਰਨਰਾਂ ਨੂੰ ਸਲਾਹ ਦਿੱਤੀ ਗਈ ਹੈ ਕਿ ਜਿਨ੍ਹਾਂ ਲੋਕਾਂ ਕੋਲ ਸੀਮਤ ਮਾਤਰਾ ਵਿਚ ਭੰਗ ਹੈ, ਉਨ੍ਹਾਂ ਨੂੰ ਸਜ਼ਾ ਨਹੀਂ ਦਿੱਤੀ ਜਾਣੀ ਚਾਹੀਦੀ। ਹਾਲਾਂਕਿ ਅਮਰੀਕਾ ਵਿਚ ਗੈਰ-ਕਾਨੂੰਨੀ ਤੌਰ ’ਤੇ ਭੰਗ ਦੀ ਵਿਕਰੀ ਅਤੇ ਖਰੀਦ ’ਤੇ ਪਾਬੰਦੀ ਜਾਰੀ ਰਹੇਗੀ।

Share