ਬਾਈਡਨ ਪ੍ਰਸ਼ਾਸਨ ਨੇ ਐੱਚ-1ਬੀ ਵੀਜ਼ਾ ਕਾਮਿਆਂ ਦੇ ਤਨਖਾਹ ਨਿਰਧਾਰਣ ਦਾ ਕੰਮ ਡੇਢ ਸਾਲ ਲਈ ਟਾਲ਼ਿਆ

370
Share

ਵਾਸ਼ਿੰਗਟਨ, 24 ਮਾਰਚ (ਪੰਜਾਬ ਮੇਲ)- ਬਾਇਡਨ ਪ੍ਰਸ਼ਾਸਨ ਨੇ ਐੱਚ-1ਬੀ ਵੀਜ਼ਾ ਕਾਮਿਆਂ ਦੀ ਤਨਖ਼ਾਹ ਨਿਰਧਾਰਣ ਸਬੰਧੀ ਕੰਮ ਨੂੰ ਡੇਢ ਸਾਲ ਤੱਕ ਲਈ ਟਾਲ਼ ਦਿੱਤਾ ਹੈ। ਇਸ ਦੇਰੀ ਨਾਲ ਕਿਰਤ ਵਿਭਾਗ ਨੂੰ ਕਾਨੂੰਨੀ ਅਤੇ ਨੀਤੀਗਤ ਮੁੱਦਿਆਂ ’ਤੇ ਵਿਚਾਰ ਕਰਨ ਦਾ ਲੋੜੀਂਦਾ ਸਮਾਂ ਮਿਲੇਗਾ। ਇਸ ਮਹੀਨੇ ਦੇ ਸ਼ੁਰੂ ’ਚ ਤਨਖ਼ਾਹ ਸਬੰਧੀ ਨਿਰਧਾਰਣ ਨੂੰ 60 ਦਿਨਾਂ ਤੱਕ ਟਾਲ਼ੇ ਜਾਣ ਦੀ ਗੱਲ ਕਹੀ ਗਈ ਸੀ। ਦੱਸਣਯੋਗ ਹੈ ਕਿ ਐੱਚ-1ਬੀ ਵੀਜ਼ਾ ਇਕ ਗ਼ੈਰ-ਪ੍ਰਵਾਸੀ ਵੀਜ਼ਾ ਹੈ। ਇਹ ਵੀਜ਼ਾ ਅਮਰੀਕੀ ਕੰਪਨੀਆਂ ’ਚ ਕੰਮ ਕਰਨ ਵਾਲੇ ਅਜਿਹੇ ਨਿਪੁੰਨ ਕਾਮਿਆਂ ਨੂੰ ਰੱਖਣ ਲਈ ਦਿੱਤਾ ਜਾਂਦਾ ਹੈ, ਜਿਨ੍ਹਾਂ ਦੀ ਅਮਰੀਕਾ ਵਿਚ ਕਮੀ ਹੈ। ਇਸ ਵੀਜ਼ੇ ਦੀ ਮਿਆਦ 6 ਸਾਲ ਹੁੰਦੀ ਹੈ।
ਅਮਰੀਕੀ ਕੰਪਨੀਆਂ ਦੀ ਮੰਗ ਕਾਰਨ ਭਾਰਤੀ ਆਈ.ਟੀ. ਪੇਸ਼ੇਵਰ ਇਹ ਵੀਜ਼ਾ ਸਭ ਤੋਂ ਜ਼ਿਆਦਾ ਹਾਸਲ ਕਰਦੇ ਹਨ। ਇਸ ਮਹੀਨੇ ਦੇ ਸ਼ੁਰੂ ਵਿਚ ਜਾਰੀ ਕੀਤੇ ਗਏ ਸੰਘੀ ਨੋਟੀਫਿਕੇਸ਼ਨ ’ਚ ਕਿਰਤ ਵਿਭਾਗ ਨੇ ਕਿਹਾ ਸੀ ਕਿ ਉਹ ਇਸ ਗੱਲ ’ਤੇ ਵਿਚਾਰ ਕਰ ਰਿਹਾ ਹੈ ਕਿ ਅੰਤਿਮ ਨਿਯਮ ਦੀ ਪ੍ਰਭਾਵੀ ਤਰੀਕ ਨੂੰ ਅੱਗੇ ਵਧਾਉਣ ਦੇ ਪ੍ਰਸਤਾਵ ਨੂੰ ਮਨਜ਼ੂਰੀ ਦੇਵੇ ਜਾਂ ਨਹੀਂ। ਵਿਭਾਗ ਨੇ ਪ੍ਰਭਾਵੀ ਤਰੀਕ ਦੀ ਪ੍ਰਸਤਾਵਿਤ ਦੇਰੀ ’ਤੇ ਜਨਤਾ ਤੋਂ ਲਿਖਤੀ ਇਤਰਾਜ਼ ਮੰਗੇ ਸਨ, ਜਿਸ ਦੀ ਆਖਰੀ ਤਰੀਕ 16 ਫਰਵਰੀ ਸੀ। ਜਨਵਰੀ 2021 ’ਚ ਪ੍ਰਕਾਸ਼ਿਤ ਅੰਤਿ੍ਰਮ ਨਿਯਮ ਉਨ੍ਹਾਂ ਮਾਲਕਾਂ ਨੂੰ ਪ੍ਰਭਾਵਿਤ ਕਰਦੇ ਹਨ, ਜੋ ਆਪਣੇ ਅਦਾਰਿਆਂ ’ਚ ਐੱਚ-1ਬੀ, ਐੱਚ-1ਬੀ1 ਅਤੇ ਈ-3 ਵੀਜ਼ਾ ਧਾਰਕਾਂ ਨੂੰ ਸਥਾਈ ਜਾਂ ਅਸਥਾਈ ਆਧਾਰ ’ਤੇ ਰੱਖਣਾ ਚਾਹੁੰਦੇ ਹਨ।

Share