ਬਾਇਡਨ ਵੱਲੋਂ ਸੋਮਾਲੀਆ ‘ਚ ਮੁੜ ਸੈਨਿਕ ਤਾਇਨਾਤ ਕੀਤੇ ਜਾਣ ਨੂੰ ਹਰੀ ਝੰਡੀ

67
Share

* ਸਾਬਕਾ ਰਾਸ਼ਟਰਪਤੀ ਟਰੰਪ ਦੇ ਫੈਸਲੇ ਨੂੰ ਉਲਟਾਇਆ
ਸੈਕਰਾਮੈਂਟੋ, 18 ਮਈ (ਹੁਸਨ ਲੜੋਆ ਬੰਗਾ/ਪੰਜਾਬ ਮੇਲ)- ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਨੇ ਪੈਂਟਾਗਨ ਦੀ ਬੇਨਤੀ ਸਵੀਕਾਰ ਕਰਦਿਆਂ ਸੋਮਾਲੀਆ ‘ਚ ਮੁੜ ਅਮਰੀਕੀ ਫੌਜੀ ਤਾਇਨਾਤ ਕਰਨ ਨੂੰ ਪ੍ਰਵਾਨਗੀ ਦੇ ਦਿੱਤੀ ਹੈ। ਬਾਇਡਨ ਪ੍ਰਸ਼ਾਸਨ ਦੇ ਇਕ ਸੀਨੀਅਰ ਅਧਿਕਾਰੀ ਨੇ ਕਿਹਾ ਹੈ ਕਿ ਇਹ ਕਦਮ ਅਲ-ਸ਼ਬਾਬ ਗਰੁੱਪ ਦੇ ਅੱਤਵਾਦੀਆਂ ਨੂੰ ਨੱਥ ਪਾਉਣ ਦੇ ਮਕਸਦ ਨਾਲ ਚੁੱਕਿਆ ਗਿਆ ਹੈ। ਸਾਬਕਾ ਰਾਸ਼ਟਰਪਤੀ ਡੋਨਲਡ ਟਰੰਪ ਨੇ 2020 ‘ਚ ਸੋਮਾਲੀਆ ਵਿਚੋਂ ਅਮਰੀਕੀ ਫੌਜੀ ਵਾਪਸ ਬੁਲਾ ਲਏ ਸਨ, ਜਿਸ ਫੈਸਲੇ ਨੂੰ ਬਾਇਡਨ ਨੇ ਉਲਟਾ ਦਿੱਤਾ ਹੈ। ਸੀਨੀਅਰ ਅਧਿਕਾਰੀ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਸੋਮਾਲੀਆ ਸਰਕਾਰ ਦੀ ਸਲਾਹ ਨਾਲ ਅਮਰੀਕੀ ਫੌਜੀਆਂ ਨੂੰ ਤਾਇਨਾਤ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਆਰੰਭ ਵਿਚ 500 ਦੇ ਕਰੀਬ ਫੌਜੀ ਤਾਇਨਾਤ ਕੀਤੇ ਜਾਣਗੇ। ਅਧਿਕਾਰੀ ਨੇ ਕਿਹਾ ਕਿ ਸਾਬਕਾ ਰਾਸ਼ਟਰਪਤੀ ਟਰੰਪ ਵੱਲੋਂ ਫੌਜੀ ਵਾਪਸ ਬੁਲਾਉਣ ਦੀ ਫੈਸਲਾ ਅਚਾਨਕ ਲਿਆ ਗਿਆ ਸੀ ਤੇ ਉਸ ਤੋਂ ਬਾਅਦ ਅਲ-ਸ਼ਬਾਬ ਅੱਤਵਾਦੀ ਸੰਗਠਨ ਮਜ਼ਬੂਤ ਹੋਇਆ ਹੈ, ਜਿਸ ਤੋਂ ਅਮਰੀਕੀਆਂ ਨੂੰ ਖਤਰਾ ਹੈ। ਇਸ ਸੰਗਠਨ ‘ਚ ਅਮਰੀਕੀਆਂ ਨੂੰ ਨਿਸ਼ਾਨਾ ਬਣਾਉਣ ਦੀ ਸਮਰਥਾ ਹੈ। ਇਹ ਸੰਗਠਨ ਹਾਲ ਹੀ ਦੇ ਸਾਲਾਂ ਦੌਰਾਨ ਪੂਰਬੀ ਅਫਰੀਕਾ ‘ਚ ਦਰਜ਼ਨ ਤੋਂ ਵਧ ਅਮਰੀਕੀਆਂ ਦੀਆਂ ਜਾਨਾਂ ਲੈ ਚੁੱਕਾ ਹੈ। ਇਸ ਗਰੁੱਪ ਨੇ 2020 ਦੇ ਸ਼ੁਰੂ ‘ਚ ਕੀਨੀਆ ਵਿਚ ਇਕ ਫੌਜੀ ਟਿਕਾਣੇ ‘ਤੇ 3 ਅਮਰੀਕੀਆਂ ਦੀ ਹੱਤਿਆ ਕੀਤੀ ਸੀ।


Share