ਬਾਇਡਨ ਵੱਲੋਂ ਵਿਦਿਆਰਥੀ ਵੀਜ਼ਾ 4 ਸਾਲ ਤੱਕ ਸੀਮਿਤ ਕਰ ਦੇਣ ਦੀ ਟਰੰਪ ਦੀ ਤਜਵੀਜ਼ ਰੱਦ

497
Share

ਸੈਕਰਾਮੈਂਟੋ, 14 ਜੁਲਾਈ (ਹੁਸਨ ਲੜੋਆ ਬੰਗਾ/ਪੰਜਾਬ ਮੇਲ)- ਰਾਸ਼ਟਰਪਤੀ ਜੋਅ ਬਾਇਡਨ ਪ੍ਰਸ਼ਾਸਨ ਨੇ ਸਾਬਕਾ ਰਾਸ਼ਟਰਪਤੀ ਡੋਨਲਡ ਟਰੰਪ ਦੀ ਉਸ ਤਜਵੀਜ਼ ਨੂੰ ਰੱਦ ਕਰਨ ਦਾ ਐਲਾਨ ਕੀਤਾ ਹੈ, ਜਿਸ ਤਹਿਤ ਭਾਰਤੀ ਤੇ ਹੋਰ ਦੇਸ਼ਾਂ ਦੇ ਵਿਦਿਆਰਥੀਆਂ ਲਈ ਵੀਜ਼ਾ 4 ਸਾਲ ਤੱਕ ਸੀਮਿਤ ਕਰ ਦੇਣ ਦੀ ਵਿਵਸਥਾ ਹੈ। ਬਾਇਡਨ ਪ੍ਰਸ਼ਾਸਨ ਨੇ ਇਸ ਦੇ ਨਾਲ ਹੀ ਪੱਤਰਕਾਰਾਂ ਦੇ ਵੀਜ਼ੇ ਦੀ ਮਿਆਦ ਸੀਮਿਤ ਕਰਨ ਦਾ ਪ੍ਰਸਤਾਵ ਵੀ ਰੱਦ ਕਰ ਦਿੱਤਾ ਹੈ। ਹੋਮਲੈਂਡ ਸਕਿਉਰਿਟੀ ਵਿਭਾਗ ਨੇ ਕਿਹਾ ਹੈ ਕਿ ਉਸ ਨੂੰ ਆਮ ਲੋਕਾਂ ਦੀਆਂ 32000 ਟਿੱਪਣੀਆਂ ਮਿਲੀਆਂ ਹਨ, ਜਿਨਾਂ ਵਿਚੋਂ 99% ਨੇ ਪਿਛਲੇ ਸਾਲ ਸਤੰਬਰ ’ਚ ਟਰੰਪ ਪ੍ਰਸ਼ਾਸਨ ਵੱਲੋਂ ਲਿਆਂਦੀਆਂ ਤਜਵੀਜ਼ਾਂ ਦੀ ਆਲੋਚਨਾ ਕੀਤੀ ਹੈ, ਇਸ ਲਈ ਉਹ ਵੀਜ਼ੇ ਸਬੰਧੀ ਪ੍ਰਸਤਾਵਿਤ ਤਬਦੀਲੀਆਂ ਵਾਪਸ ਲੈ ਰਿਹਾ ਹੈ। ਹੋਮਲੈਂਡ ਵਿਭਾਗ ਨੇ ਕਿਹਾ ਹੈ ਕਿ ਪ੍ਰਸਤਾਵਿਤ ਤਬਦੀਲੀਆਂ ਬਿਨਾਂ ਕਾਰਨ ਇਮੀਗ੍ਰੇਸ਼ਨ ਲਾਭ ਲੈਣ ’ਚ ਅੜਿੱਕਾ ਬਣਦੀਆਂ ਹਨ। ਇਸ ਤਰ੍ਹਾਂ ਹੁਣ ਮੌਜੂਦਾ ਨਿਯਮਾਂ ਅਨੁਸਾਰ ਐੱਫ ਤੇ ਜੇ ਵੀਜ਼ੇ ਵਾਲੇ ਵਿਦਿਆਰਥੀ ਅਮਰੀਕਾ ’ਚ ਆਪਣੀ ਪੜ੍ਹਾਈ ਮੁਕੰਮਲ ਕਰਨ ਤੱਕ ਰਹਿ ਸਕਣਗੇ ਤੇ ਪੱਤਰਕਾਰ ਵੀ ਆਪਣੀ ਨੌਕਰੀ ਜਾਰੀ ਰੱਖ ਸਕਣਗੇ। ਇਥੇ ਜ਼ਿਕਰਯੋਗ ਹੈ ਕਿ ਜੇਕਰ ਟਰੰਪ ਪ੍ਰਸ਼ਾਸਨ ਦੀਆਂ ਪ੍ਰਸਤਾਵਿਤ ਤਜਵੀਜ਼ਾਂ ਨੂੰ ਮੰਨ ਲਿਆ ਜਾਂਦਾ, ਤਾਂ ਵਿਦਿਆਰਥੀਆਂ ਤੇ ਪੱਤਰਕਾਰਾਂ ਨੂੰ ਆਪਣਾ ਵੀਜ਼ਾ ਵਧਾਉਣ ਲਈ ਯੂ.ਐੱਸ. ਸਿਟੀਜ਼ਨਸ਼ਿਪ ਐਂਡ ਇਮੀਗ੍ਰੇਸ਼ਨ ਸਰਵਿਸ ਨੂੰ ਦਰਖਾਸਤ ਦੇਣੀ ਪੈਣੀ ਸੀ ਜਾਂ ਫਿਰ ਦੇਸ਼ ਛੱਡਣਾ ਪੈਣਾ ਸੀ। ਇਸ ਤੋਂ ਇਲਾਵਾ ਕਸਟਮਜ਼ ਐਂਡ ਬਾਰਡਰ ਪ੍ਰੋਟੈਕਸ਼ਨ ਏਜੰਸੀ ਨੂੰ ਵੀ ਦੇਸ਼ ’ਚ ਦੁਬਾਰਾ ਦਾਖਲੇ ਲਈ ਬੇਨਤੀ ਕਰਨੀ ਪੈਣੀ ਸੀ। ਇਥੇ ਇਹ ਵੀ ਦੱਸਣਯੋਗ ਹੈ ਕਿ ਟਰੰਪ ਪ੍ਰਸ਼ਾਸਨ ਉਨ੍ਹਾਂ ਕੁਝ ਵਿਸ਼ੇਸ਼ ਦੇਸ਼ਾਂ ਜਿਨ੍ਹਾਂ ਦੇ ਵੱਡੀ ਗਿਣਤੀ ’ਚ ਸ਼ਹਿਰੀ ਅਮਰੀਕਾ ’ਚ ਤੈਅ ਸਮੇਂ ਤੋਂ ਵਧ ਸਮੇਂ ਤੋਂ ਠਹਿਰੇ ਹੋਏ ਹਨ, ਦੇ ਵਿਦਿਆਰਥੀਆਂ ਦੇ ਵੀਜ਼ੇ ਦੀ ਮਿਆਦ ਦੋ ਸਾਲ ਤੱਕ ਸੀਮਿਤ ਕਰਨਾ ਚਾਹੁੰਦਾ ਸੀ। ਅਜਿਹੇ ਦੇਸ਼ਾਂ ’ਚ ਭਾਰਤ ਵਰਗੇ ਦੇਸ਼ ਵੀ ਆਉਂਦੇ ਹਨ। ਬਾਇਡਨ ਪ੍ਰਸ਼ਾਸਨ ਵੱਲੋਂ ਟਰੰਪ ਪ੍ਰਸ਼ਾਸਨ ਦੀਆਂ ਤਜਵੀਜ਼ਾਂ ਰੱਦ ਕਰ ਦੇਣ ਨਾਲ ਹਜ਼ਾਰਾਂ ਭਾਰਤੀ ਵਿਦਿਆਰਥੀਆਂ ਸਮੇਤ ਦੁਨੀਆਂ ਭਰ ਦੇ ਲੱਖਾਂ ਵਿਦਿਆਰਥੀਆਂ ਨੇ ਰਾਹਤ ਮਹਿਸੂਸ ਕੀਤੀ ਹੈ।


Share