ਬਾਇਡਨ ਵੱਲੋਂ ਯੂਕਰੇਨ ਨੂੰ 40 ਬਿਲੀਅਨ ਡਾਲਰ ਦੇ ਸਹਾਇਤਾ ਪੈਕੇਜ ਦੀ ਮਨਜ਼ੂਰੀ

25
Share

ਵਾਸ਼ਿੰਗਟਨ, 11 ਮਈ (ਪੰਜਾਬ ਮੇਲ)- ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਨੇ ਯੂਕਰੇਨ ਨੂੰ 40 ਬਿਲੀਅਨ ਡਾਲਰ ਦੀ ਸਹਾਇਤਾ ਦੇਣ ਦੇ ਪ੍ਰਸਤਾਵ ‘ਤੇ ਹਸਤਾਖਰ ਕਰਕੇ ਮਨਜ਼ੂਰੀ ਦੇ ਦਿੱਤੀ ਹੈ। ਯੂਕਰੇਨ ‘ਤੇ ਰੂਸ ਦੇ ਹਮਲੇ ਖ਼ਿਲਾਫ਼ ਅਮਰੀਕਾ ਇੱਕ ਸੰਯੁਕਤ ਮੋਰਚਾ ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਅਮਰੀਕਾ ਦੀ ਉਧਾਰ ਦੇਣ ਦੀ ਇਸ ਨੀਤੀ ਨੇ ਦੂਜੇ ਵਿਸ਼ਵ ਯੁੱਧ ਵਿਚ ਨਾਜ਼ੀ ਜਰਮਨੀ ਨੂੰ ਹਰਾਉਣ ਵਿਚ ਮਦਦ ਕੀਤੀ ਸੀ। ਯੂਕਰੇਨ ਨੂੰ ਦਿੱਤੀ ਜਾਣ ਵਾਲੀ ਇਸ ਵਿੱਤੀ ਸਹਾਇਤਾ ਨੂੰ ਅਮਰੀਕਾ ਦੀਆਂ ਰਿਪਬਲਿਕਨ ਅਤੇ ਡੈਮੋਕ੍ਰੇਟਿਕ ਪਾਰਟੀਆਂ ਦੇ ਨੇਤਾਵਾਂ ਨੇ ਮਨਜ਼ੂਰੀ ਦਿੱਤੀ ਹੈ।
ਅਮਰੀਕੀ ਕਾਂਗਰਸ ਨੇ ਰੂਸ ਵਿਰੁੱਧ ਜੰਗ ਲੜਨ ਲਈ ਯੂਕਰੇਨ ਨੂੰ ਅਰਬਾਂ ਡਾਲਰ ਦੀ ਸਹਾਇਤਾ ਦੇਣ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ। ਅਮਰੀਕਾ ਵੱਲੋਂ ਯੂਕ੍ਰੇਨ ਨੂੰ 40 ਬਿਲੀਅਨ ਡਾਲਰ ਦੀ ਫ਼ੌਜੀ ਅਤੇ ਮਨੁੱਖੀ ਸਹਾਇਤਾ ਪ੍ਰਦਾਨ ਕਰਾਈ ਜਾਵੇਗੀ। ਹਾਲਾਂਕਿ, ਰਾਸ਼ਟਰਪਤੀ ਬਾਇਡਨ ਨੇ ਕਾਂਗਰਸ ਨੂੰ 33 ਬਿਲੀਅਨ ਡਾਲਰ ਦੀ ਰਕਮ ਪ੍ਰਦਾਨ ਕਰਨ ਦੀ ਬੇਨਤੀ ਕੀਤੀ। ਅਮਰੀਕਾ ਦੇ ਇਸ ਕਦਮ ਨੂੰ 9 ਮਈ ਨੂੰ ਵਿਜੇ ਦਿਵਸ ਪਰੇਡ ਦੌਰਾਨ ਰੂਸ ਵੱਲੋਂ ਤਾਕਤ ਦੇ ਪ੍ਰਦਰਸ਼ਨ ਦੇ ਜਵਾਬ ਵਜੋਂ ਦੇਖਿਆ ਜਾ ਰਿਹਾ ਹੈ। ਜ਼ਿਕਰਯੋਗ ਹੈ ਕਿ 9 ਮਈ 1945 ਨੂੰ ਜਰਮਨੀ ਨੇ ਬਿਨਾਂ ਸ਼ਰਤ ਆਤਮ ਸਮਰਪਣ ਕਰ ਦਿੱਤਾ ਸੀ।
ਬਾਇਡਨ ਨੇ ਮਤੇ ‘ਤੇ ਦਸਤਖ਼ਤ ਕਰਨ ਤੋਂ ਬਾਅਦ ਇਕ ਬਿਆਨ ‘ਚ ਕਿਹਾ ਕਿ ਇਹ ਸਹਾਇਤਾ ਯੁੱਧ ਦੇ ਮੈਦਾਨ ਵਿਚ ਯੂਕਰੇਨ ਦੀ ਸਫਲਤਾ ਲਈ ਬਹੁਤ ਮਹੱਤਵਪੂਰਨ ਹੈ। ਬਾਇਡਨ ਨੇ ਅੱਗੇ ਕਿਹਾ ਕਿ ਸੰਸਦ ਨੂੰ 10 ਦਿਨਾਂ ਦੇ ਅੰਦਰ ਅਗਲੇ ਯੂਕਰੇਨ ਸਹਾਇਤਾ ਪੈਕੇਜ ਨੂੰ ਮਨਜ਼ੂਰੀ ਦੇਣੀ ਚਾਹੀਦੀ ਹੈ, ਤਾਂ ਜੋ ਯੂਕਰੇਨ ਨੂੰ ਯੁੱਧ ਲੜਨ ਵਿਚ ਸਹਾਇਤਾ ਲਈ ਭੇਜੇ ਜਾ ਰਹੇ ਫ਼ੌਜੀ ਉਪਕਰਣਾਂ ਦੀ ਸਪਲਾਈ ਵਿਚ ਕਿਸੇ ਵੀ ਵਿਘਨ ਤੋਂ ਬਚਿਆ ਜਾ ਸਕੇ।


Share