ਬਾਇਡਨ ਵੱਲੋਂ ਟਰੂਡੋ ਨਾਲ ਪਾਈਪਲਾਈਨ ਸਮੇਤ ਦੋ ਪੱਖੀ ਸਬੰਧਾਂ ਨੂੰ ਲੈ ਕੇ ਗੱਲਬਾਤ

449
Share

-ਦੋਵਾਂ ਨੇਤਾਵਾਂ ਵਿਚਕਾਰ ਅਗਲੇ ਮਹੀਨੇ ਹੋ ਸਕਦੀ ਬੈਠਕ
ਵਾਸ਼ਿੰਗਟਨ, 24 ਜਨਵਰੀ (ਪੰਜਾਬ ਮੇਲ)- ਜੋਅ ਬਾਇਡਨ ਨੇ ਅਮਰੀਕਾ ਦੇ ਰਾਸ਼ਟਰਪਤੀ ਵਜੋਂ ਅਹੁਦਾ ਸੰਭਾਲਣ ਮਗਰੋਂ ਕੈਨੇਡਾ ਦੇ ਪ੍ਰਧਾਨ ਮੰਤਰੀ ਨਾਲ ਫੋਨ ’ਤੇ ਗੱਲ ਕੀਤੀ। ਇਸ ਦੌਰਾਨ ਉਨ੍ਹਾਂ ਵਲੋਂ ਕੀਸਟੋਨ ਐਕਸ ਐੱਲ ਪਾਈਪਲਾਈਨ ਸਣੇ ਕਈ ਹੋਰ ਦੋ-ਪੱਖੀ ਸਬੰਧਾਂ ਨੂੰ ਲੈ ਕੇ ਗੱਲਬਾਤ ਕੀਤੀ ਗਈ।
ਪ੍ਰਧਾਨ ਮੰਤਰੀ ਟਰੂਡੋ ਨੇ ਕਿਹਾ ਕਿ ਕੈਨੇਡਾ ਤੇ ਅਮਰੀਕਾ ਕੋਲ ਬਹੁਤ ਸਾਰੇ ਸਾਂਝੇ ਪ੍ਰੋਜੈਕਟ ਹਨ, ਜਿਨ੍ਹਾਂ ’ਤੇ ਗੱਲਬਾਤ ਹੋਣੀ ਜ਼ਰੂਰੀ ਹੈ ਤੇ ਦੋਵੇਂ ਦੇਸ਼ ਇਕ-ਦੂਜੇ ਦੇ ਚੰਗੇ ਸਹਿਯੋਗੀ ਰਹੇ ਹਨ।¿;
ਦੋਹਾਂ ਦੇਸ਼ਾਂ ਦੇ ਮੁਖੀਆਂ ਨੇ ਲਗਭਗ 30 ਮਿੰਟਾਂ ਤੱਕ ਗੱਲਬਾਤ ਕੀਤੀ ਤੇ ਪ੍ਰਧਾਨ ਮੰਤਰੀ ਟਰੂਡੋ ਨੇ ਕਿਹਾ ਕਿ ਉਹ ਬਾਇਡਨ ਨਾਲ ਕੰਮ ਕਰਨ ਨੂੰ ਲੈ ਕੇ ਆਸਵੰਦ ਹਨ। ਦੱਸ ਦਈਏ ਕਿ ਰਾਸ਼ਟਰਪਤੀ ਬਾਇਡੇਨ ਨੇ ਸੱਤਾ ਸੰਭਾਲਦਿਆਂ ਹੀ ਕੈਨੇਡਾ ਦੀ ਕੀਸਟੋਨ ਐਕਸ ਐੱਲ ਪਾਈਪਲਾਈਨ ਯੋਜਨਾ ਨੂੰ ਰੱਦ ਕਰ ਦਿੱਤਾ ਹੈ। ਇਸ ਤੋਂ ਪਹਿਲਾਂ 2015 ’ਚ ਬਰਾਕ ਓਬਾਮਾ ਨੇ ਵੀ ਇਸ ਪ੍ਰਾਜੈਕਟ ਨੂੰ ਮਨਜ਼ੂਰੀ ਦੇਣ ਤੋਂ ਇਨਕਾਰ ਕਰ ਦਿੱਤਾ ਸੀ। ਫਿਰ 2017 ’ਚ ਡੋਨਾਲਡ ਟਰੰਪ ਨੇ ਇਸ ਫ਼ੈਸਲੇ ਨੂੰ ਉਲਟਾ ਦਿੱਤਾ ਅਤੇ ਪਰਮਿਟ ਜਾਰੀ ਕਰ ਦਿੱਤਾ। 2019 ’ਚ ਇਸ ਪਾਈਪਲਾਈਨ ਦੇ ਨਿਰਮਾਣ ਨੂੰ ਮਨਜ਼ੂਰੀ ਦੇ ਦਿੱਤੀ ਗਈ ਸੀ।
ਕੀਸਟੋਨ ਕੈਨੇਡਾ ਅਤੇ ਅਮਰੀਕਾ ਵਿਚਕਾਰ ਇਕ ਤੇਲ ਪਾਈਪਲਾਈਨ ਹੈ। ਸੰਯੁਕਤ ਰਾਜ ਅਮਰੀਕਾ ਦੇ ਵਾਤਾਵਰਣ ਪੱਖੀ ਲੋਕ ਤੇ ਸੰਗਠਨ ਇਸ ਦੇ ਵਿਰੋਧ ਵਿਚ ਰਹੇ ਹਨ ਕਿਉਂਕਿ ਮੰਨਿਆ ਜਾਂਦਾ ਹੈ ਕਿ ਇਸ ਪਾਈਪਲਾਈਨ ਜ਼ਰੀਏ ਜੋ ਤੇਲ ਆਉਣ ਵਾਲਾ ਹੈ, ਉਸ ਤੋਂ ਹੋਣ ਵਾਲੀ ਕਾਰਬਨ ਨਿਕਾਸੀ 30 ਫ਼ੀਸਦੀ ਜ਼ਿਆਦਾ ਹੈ। ਟਰੰਪ ਨੇ ਸਾਲ 2019 ’ਚ ਕੈਨੇਡਾ ਨਾਲ 1,900 ਕਿਲੋਮੀਟਰ ਲੰਬੀ ਤੇਲ ਪਾਈਪਲਾਈਨ ਬਣਾਉਣ ਦਾ ਕਰਾਰ ਕੀਤਾ ਸੀ। ਇਸ ਜ਼ਰੀਏ ਇਕ ਦਿਨ ਵਿਚ ਲਗਭਗ 8,30,000 ਬੈਰਲ ਭਾਰੀ ਕੱਚੇ ਤੇਲ ਨੂੰ ਕੈਨੇਡਾ ਦੇ ਅਲਬਰਟਾ ਤੋਂ ਅਮਰੀਕਾ ਨੈਬਰਾਸਕਾ ਲਿਜਾਣ ਦੀ ਯੋਜਨਾ ਸੀ। ਹਾਲਾਂਕਿ, ਬਾਇਡਨ ਨੇ ਇਸ ਨੂੰ ਰੱਦ ਕਰ ਕੇ ਇਹ ਸਪੱਸ਼ਟ ਸੰਦੇਸ਼ ਦਿੱਤਾ ਹੈ ਕਿ ਅਮਰੀਕਾ ਹੁਣ ਸਿਰਫ਼ ਸਵੱਛ ਊਰਜਾ ’ਤੇ ਜ਼ੋਰ ਦੇਵੇਗਾ। ਦੱਸਿਆ ਜਾ ਰਿਹਾ ਹੈ ਕਿ ਅਗਲੇ ਮਹੀਨੇ ਦੋਵੇਂ ਨੇਤਾ ਬੈਠਕ ਕਰ ਸਕਦੇ ਹਨ।

Share