ਬਾਇਡਨ ਵੱਲੋਂ ਕੋਵਿਡ ਟੀਕਾਕਰਨ ਮੁਹਿੰਮ ’ਤੇ ਉਮਰ ਦੇ ਆਧਾਰ ’ਤੇ ਲੱਗੀਆਂ ਪਾਬੰਦੀਆਂ ਖਤਮ

403
Share

-ਬਾਲਗਾਂ ਨੂੰ ਵੀ ‘ਕੋਰੋਨਾ ਵੈਕਸੀਨ’ ਲਾਏ ਜਾਣ ਦਾ ਕੀਤਾ ਐਲਾਨ
-ਮਈ ਦੇ ਆਖਿਰ ਤੱਕ ਸਾਰੇ ਅਮਰੀਕੀਆਂ ਨੂੰ ਟੀਕਾ ਲਾਉਣ ਦਾ ਪਲਾਨ
ਵਾਸ਼ਿੰਗਟਨ, 20 ਅਪ੍ਰੈਲ (ਪੰਜਾਬ ਮੇਲ)- ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਨੇ ਕੋਵਿਡ ਟੀਕਾਕਰਨ ਮੁਹਿੰਮ ’ਤੇ ਉਮਰ ਦੇ ਆਧਾਰ ’ਤੇ ਲੱਗੀਆਂ ਪਾਬੰਦੀਆਂ ਨੂੰ ਖਤਮ ਕਰ ਦਿੱਤਾ ਹੈ। ਉਨ੍ਹਾਂ ਐਲਾਨ ਕੀਤਾ ਹੈ ਕਿ ਹੁਣ ਅਮਰੀਕਾ ਦੇ ਸਾਰੇ ਬਾਲਗ ਨਾਗਰਿਕ ਕੋਰੋਨਾ ਦੀ ਵੈਕਸੀਨ ਲੁਆ ਸਕਦੇ ਹਨ। ਬਾਇਡਨ ਨੇ ਮਹੀਨਾ ਪਹਿਲਾਂ ਹੀ 1 ਮਈ ਤੋਂ ਸਾਰੇ ਨਾਗਿਰਕਾਂ ਨੂੰ ਟੀਕਾ ਲਾਉਣ ਦੀ ਯੋਜਨਾ ਬਣਾਈ ਸੀ ਪਰ ਉਨ੍ਹਾਂ ਨੇ ਇਸ ਦਾ ਐਲਾਨ 2 ਹਫਤੇ ਪਹਿਲਾਂ ਹੀ ਕਰ ਦਿੱਤਾ ਹੈ।
ਦੱਸਿਆ ਜਾ ਰਿਹਾ ਹੈ ਕਿ ਅਮਰੀਕਾ ’ਚ ਕਈ ਸੂਬਿਆਂ ਨੇ ਸਾਰੇ ਬਾਲਗ ਨਾਗਰਿਕਾਂ ਨੂੰ ਵੈਕਸੀਨ ਦੇਣ ਦੀ ਯੋਜਨਾ ਪਹਿਲਾਂ ਹੀ ਸ਼ੁਰੂ ਕੀਤੀ ਹੋਈ ਹੈ। ਇਸ ’ਚ ਵਾਸ਼ਿੰਗਟਨ ਡੀ.ਸੀ. ਅਤੇ ਪਿਊਰਟੋ ਰਿਕੋ ਸ਼ਾਮਲ ਸਨ। ਇਸ ਤੋਂ ਬਾਅਦ ਸੋਮਵਾਰ ਹੁਆਈ, ਮੈਸਾਚੁਸੇਟਸ, ਨਿਊਜਰਸੀ, ਓਰੇਗਨ, ਰੋਡ ਆਈਲੈਂਡ ਅਤੇ ਵਰਮੋਂਟ ਨੇ ਵੀ ਆਪਣੇ ਨਾਗਰਿਕਾਂ ਨੂੰ ਟੀਕਾ ਲਾਉਣ ਦਾ ਐਲਾਨ ਕਰ ਦਿੱਤਾ ਸੀ। ਇਸ ਕਾਰਣ ਬਾਇਡਨ ਨੇ ਸਮੇਂ ਤੋਂ ਪਹਿਲਾਂ ਹੀ ਪੂਰੇ ਮੁਲਕ ਵਿਚ ਬਾਲਗ ਆਬਾਦੀ ਨੂੰ ਵੈਕਸੀਨ ਦੇਣ ਦਾ ਐਲਾਨ ਕੀਤਾ ਹੈ।
ਅਮਰੀਕਾ ਦੇ ਸੈਂਟਰਸ ਫਾਰ ਡਿਜ਼ੀਜ ਕੰਟਰੋਲ ਐਂਡ ਪਿ੍ਰਵੈਂਸ਼ਨ (ਸੀ.ਡੀ.ਸੀ.) ਨੇ ਦੱਸਿਆ ਹੈ ਕਿ ਕਰੀਬ ਅੱਧੇ ਅਮਰੀਕੀ ਬਾਲਗਾਂ ਨੂੰ ਕੋਰੋਨਾ ਦੀ ਵੈਕਸੀਨ ਦੀ ਇਕ ਡੋਜ਼ ਲਾਈ ਜਾ ਚੁੱਕੀ ਹੈ। ਇਨ੍ਹਾਂ ਵਿਚੋਂ 32.5 ਫੀਸਦੀ ਬਾਲਗਾਂ ਨੂੰ ਵੈਕਸੀਨ ਦੀਆਂ ਦੋਹਾਂ ਖੁਰਾਕਾਂ ਲਾਈਆਂ ਗਈਆਂ ਹਨ। ਨਿਊਯਾਰਕ ਟਾਈਮਜ਼ ਨੇ ਦਾਅਵਾ ਕੀਤਾ ਹੈ ਕਿ ਜੇ ਹੁਣ ਵੀ ਸਪੀਡ ਨਾਲ ਲੋਕਾਂ ਦਾ ਟੀਕਾਕਰਨ ਕੀਤਾ ਜਾਂਦਾ ਰਿਹਾ, ਤਾਂ ਅਮਰੀਕਾ ਵਿਚ ਜੂਨ ਦੇ ਅੱਧ ਵਿਚਾਲੇ 70 ਫੀਸਦੀ ਆਬਾਦੀ ਨੂੰ ਟੀਕੇ ਦੀ ਖੁਰਾਕ ਦਿੱਤੀ ਜਾ ਸਕੇਗੀ।
ਅਮਰੀਕਾ ਨੇ ਤਾਂ ਮਈ ਦੇ ਆਖਿਰ ਤੱਕ ਆਪਣੀ ਪੂਰੀ ਬਾਲਗ ਆਬਾਦੀ ਨੂੰ ਕੋਰੋਨਾ ਦਾ ਟੀਕਾ ਲਾਉਣ ਦਾ ਪਲਾਨ ਬਣਾਇਆ ਹੋਇਆ ਹੈ। ਭਾਰਤ ਤੋਂ ਆਬਾਦੀ ਦੇ ਮਾਮਲੇ ’ਚ ਕਿਤੇ ਛੋਟਾ ਮੁਲਕ ਹੋਣ ਦੇ ਬਾਵਜੂਦ ਅਮਰੀਕਾ ਰੋਜ਼ ਲੱਖਾਂ ਦੀ ਗਿਣਤੀ ਵਿਚ ਲੋਕਾਂ ਨੂੰ ਟੀਕਾ ਲਾ ਰਿਹਾ ਹੈ। ਅਮਰੀਕਾ ਦੇ ਸੈਂਟ੍ਰਸ ਫਾਰ ਡਿਜ਼ੀਜ ਕੰਟਰੋਲ ਐਂਡ ਪਿ੍ਰਵੈਂਸ਼ਨ (ਸੀ.ਡੀ.ਸੀ.) ਦੇ ਅੰਕੜਿਆਂ ਮੁਤਾਬਕ ਕੋਰੋਨਾ ਦੀਆਂ 209,406,814 ਖੁਰਾਕਾਂ ਲੋਕਾਂ ਨੂੰ ਲਾਈਆਂ ਜਾ ਚੁੱਕੀਆਂ ਹਨ।

Share