ਬਾਇਡਨ ਵੱਲੋਂ ਐੱਸ.ਬੀ.ਏ. ਦੇ ਉੱਪ ਪ੍ਰਸ਼ਾਸਕ ਵਜੋਂ ਨਾਮਜ਼ਦ ਦਿਲਵਰ ਸਈਦ ਦੀ ਪੁਸ਼ਟੀ ਦੇ ਰਾਹ ’ਚ ਰਿਪਬਲਿਕਨ ਬਣੇ ਅੜਿੱਕਾ

247
ਦਿਲਵਰ ਸਈਦ (ਖੱਬੇ) ਸੈਨੇਟਰ ਬੇਨ ਕਾਰਡਿਨ ਚੇਅਰਮੈਨ ਸਮਾਲ ਬਿਜ਼ਨਸ ਕਮੇਟੀ ਨਾਲ ਨਜ਼ਰ ਆ ਰਹੇ ਹਨ।
Share

ਸੈਕਰਾਮੈਂਟੋ, 22 ਨਵੰਬਰ (ਹੁਸਨ ਲੜੋਆ ਬੰਗਾ/ਪੰਜਾਬ ਮੇਲ)- ਰਾਸ਼ਟਰਪਤੀ ਜੋਅ ਬਾਇਡਨ ਦੁਆਰਾ ਸਮਾਲ ਬਿਜ਼ਨਸ ਐਡਮਿਨਿਸਟ੍ਰੇਸ਼ਨ (ਐੱਸ.ਬੀ.ਏ.) ਦੇ ਡਿਪਟੀ ਪ੍ਰਸ਼ਾਸਕ ਵਜੋਂ ਨਾਮਜ਼ਦ ਪਾਕਿਸਤਾਨੀ ਮੂਲ ਦੇ ਅਮਰੀਕੀ ਦਿਲਵਰ ਸਈਦ ਦੀ ਸਮਾਲ ਬਿਜ਼ਨਸ ਕਮੇਟੀ ’ਚ ਪੁਸ਼ਟੀ ਦੇ ਰਾਹ ’ਚ ਰਿਪਬਲਿਕਨਾਂ ਨੇ ਅੜਿੱਕਾ ਪਾ ਦਿੱਤਾ ਹੈ। ਦਿਲਵਰ ਸਈਦ ਦੀ ਡਿਪਟੀ ਪ੍ਰਸ਼ਾਸਕ ਵਜੋਂ ਨਾਮਜ਼ਦਗੀ ਦੀ ਪੁਸ਼ਟੀ ਲਈ ਸੱਦੀ ਕਮੇਟੀ ਦੀ ਮੀਟਿੰਗ ’ਚ ਕੋਈ ਵੀ ਰਿਪਬਲੀਕਨ ਮੈਂਬਰ ਹਾਜ਼ਰ ਨਹੀਂ ਹੋਇਆ। ਸਮਾਲ ਬਿਜ਼ਨਸ ਕਮੇਟੀ ਦੀ ਪੁਸ਼ਟੀ ਉਪਰੰਤ ਹੀ ਦਿਲਵਰ ਸਈਦ ਦੀ ਐੱਸ.ਬੀ.ਏ. ਦੇ ਡਿਪਟੀ ਪ੍ਰਸ਼ਾਸਕ ਵਜੋਂ ਨਾਮਜ਼ਦੀ ਦੀ ਪੁਸ਼ਟੀ ਪੂਰੀ ਸੈਨੇਟ ਦੀ ਮੀਟਿੰਗ ’ਚ ਕੀਤੀ ਜਾਣੀ ਸੀ। ਮਾਨਵੀ ਹੱਕਾਂ ਬਾਰੇ ਲੀਡਰਸ਼ਿੱਪ ਕਾਨਫਰੰਸ ਦੇ ਪ੍ਰਧਾਨ ਵੇਡ ਹੈਂਡਰਸਨ ਨੇ ਇਸ ਬਾਰੇ ਪ੍ਰਤੀਕਰਮ ਪ੍ਰਗਟ ਕਰਦਿਆਂ ਕਿਹਾ ਹੈ ਕਿ ਇਹ ਵਤੀਰਾ ਅਣਉੱਚਿਤ ਹੈ। ਹੈਂਡਰਸਨ ਦਾ ਮੰਨਣਾ ਹੈ ਕਿ ਸਈਦ ਨੂੰ ਆਪਣੇ ਧਰਮ ਕਾਰਨ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਹੈਂਡਰਸਨ ਨੇ ਕਿਹਾ ਹੈ ਇਹ ਮੁਸਲਮਾਨ ਵਿਰੋਧੀ ਕੱਟੜਤਾ ਹੈ, ਸਾਨੂੰ ਇਸ ਕੱਟੜਤਾ ਵਿਰੁੱਧ ਖੜ੍ਹੇ ਹੋਣਾ ਚਾਹੀਦਾ ਹੈ। ਸਈਦ ਮੂਲ ਰੂਪ ’ਚ ਪਾਕਿਸਤਾਨੀ ਹੈ। ਉਹ ਸਾਨਫਰਾਂਸਿਸਕੋ, ਬੇ-ਏਰੀਆ ਸਥਿਤ ਕੰਪਨੀ ਲੁਮਿਆਟਾ ਦਾ ਸੀ.ਈ.ਓ. ਹੈ। ਉਹ ‘ਵਿਕਟਰੀ ਫੰਡ’ ਦਾ ਸਹਿ ਸੰਸਥਾਪਕ ਸੀ, ਜਿਸ ਕਾਰਨ 2020 ’ਚ ਬਾਇਡਨ ਦੇ ਨਾਂ ਦੀ ਰਾਸ਼ਟਰਪਤੀ ਦੇ ਉਮੀਦਵਾਰ ਵਜੋਂ ਸ਼ੁਰੂਆਤ ’ਚ ਹੀ ਪੁਸ਼ਟੀ ਹੋ ਗਈ ਸੀ। ਉਬਾਮਾ ਪ੍ਰਸ਼ਾਸਨ ਵਿਚ ਵੀ ਦਿਲਵਰ ਅਹਿਮ ਅਹੁਦਿਆਂ ਉਪਰ ਕੰਮ ਕਰਦਾ ਰਿਹਾ ਹੈ।

Share