ਬਾਇਡਨ ਵੱਲੋਂ ਅਮਰੀਕੀ ਮੀਡੀਆ ਦੀ ਤੁਲਨਾ ’ਚ ਭਾਰਤੀ ਮੀਡੀਆ ਨੂੰ ‘ਬਿਹਤਰ’ ਦੱਸਣ ’ਤੇ ਅਮਰੀਕੀ ਪੱਤਰਕਾਰ ਨਾਰਾਜ਼

132
Share

-ਵ੍ਹਾਈਟ ਹਾਊਸ ਨੇ ਦਿੱਤਾ ਸਪੱਸ਼ਟੀਕਰਨ
ਵਾਸ਼ਿੰਗਟਨ, 28 ਸਤੰਬਰ (ਪੰਜਾਬ ਮੇਲ)- ਭਾਰਤੀ ਮੀਡੀਆ ਦੇ ਲੋਕਾਂ ਨੂੰ ਉਨ੍ਹਾਂ ਦੇ ਅਮਰੀਕੀ ਹਮਰੁਤਬਿਆਂ ਦੇ ਮੁਕਾਬਲੇ ‘ਬਿਹਤਰ ਵਿਵਹਾਰ’ ਕਰਨ ਵਾਲਾ ਦੱਸਣ ’ਤੇ ਜੋਅ ਬਾਇਡਨ ਤੋਂ ਨਾਰਾਜ਼ ਚੱਲ ਰਹੇ ਅਮਰੀਕੀ ਮੀਡੀਆ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕਰਦੇ ਹੋਏ ਵ੍ਹਾਈਟ ਹਾਊਸ ਦੀ ਇਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਰਾਸ਼ਟਰਪਤੀ ਦਾ ਇਰਾਦਾ ਉਨ੍ਹਾਂ ਨੂੰ ਠੇਸ ਪਹੁੰਚਾਉਣ ਦਾ ਨਹੀਂ ਸੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਲ ਪਹਿਲੀ ਸਿੱਧੀ ਦੋ-ਪੱਖੀ ਬੈਠਕ ਦੌਰਾਨ ਰਾਸ਼ਟਰਪਤੀ ਬਾਇਡਨ ਨੇ ਸ਼ੁੱਕਰਵਾਰ ਨੂੰ ਭਾਰਤੀ ਮੀਡੀਆ ਦੀ ਪ੍ਰਸ਼ੰਸਾ ਕਰਦੇ ਹੋਏ ਕਿਹਾ ਸੀ ਕਿ ਉਹ ਅਮਰੀਕੀ ਮੀਡੀਆ ਦੇ ਮੁਕਾਬਲੇ ‘ਬਿਹਤਰ ਵਿਵਹਾਰ’ ਕਰਦਾ ਹੈ।
ਉਨ੍ਹਾਂ ਨੇ ਅਮਰੀਕੀ ਪੱਤਰਕਾਰਾਂ ਦੀ ਆਲੋਚਨਾ ਕਰਦੇ ਹੋਏ ਕਿਹਾ ਸੀ ਕਿ ਉਹ ਹੋਰ ਦੇਸ਼ਾਂ ਦੇ ਰਾਸ਼ਟਰ ਪ੍ਰਮੁੱਖਾਂ ਦੇ ਸਾਹਮਣੇ ਅਜਿਹੇ ਸਵਾਲ ਕਰ ਰਹੇ ਹਨ, ਜੋ ਮੁੱਦਿਆਂ ਨਾਲ ਜੁੜੇ ਨਹੀਂ ਹਨ। ਅਮਰੀਕੀ ਪੱਤਰਕਾਰ ਨੇ ਬਾਇਡਨ ਦੀਆਂ ਟਿੱਪਣੀਆਂ ਦੇ ਬਾਰੇ ’ਚ ਵ੍ਹਾਈਟ ਹਾਊਸ ਦੀ ਪ੍ਰੈੱਸ ਸਕੱਤਰ ਜੇਨ ਸਾਕੀ ਤੋਂ ਸੋਮਵਾਰ ਨੂੰ ਕਈ ਸਵਾਲ ਪੁੱਛੇ ਅਤੇ ਸਾਕੀ ਨੇ ਰਾਸ਼ਟਰਪਤੀ ਦੀਆਂ ਟਿੱਪਣੀਆਂ ਦਾ ਬਚਾਅ ਕੀਤਾ। ਉਨ੍ਹਾਂ ਕਿਹਾ, ‘ਮੇਰਾ ਖ਼ਿਆਲ ਹੈ ਕਿ ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੇ (ਅਮਰੀਕੀ ਪੱਤਰਕਾਰ) ਕੁੱਝ ਸਵਾਲ ਉਨ੍ਹਾਂ ਮੁੱਦਿਆਂ ਦੇ ਬਾਰੇ ਵਿਚ ਨਹੀਂ ਹੁੰਦੇ, ਜਿਸ ਮੁੱਦੇ ’ਤੇ ਉਹ (ਬਾਇਡਨ) ਉਸ ਦਿਨ ਗੱਲ ਕਰ ਰਹੇ ਹੁੰਦੇ ਹਨ।’ ਸਾਕੀ ਨੇ ਕਿਹਾ, ‘ਮੈਨੂੰ ਨਹੀਂ ਲੱਗਦਾ ਕਿ ਉਹ ਮੀਡੀਆ ਦੇ ਮੈਂਬਰਾਂ ਨੂੰ ਠੇਸ ਪਹੁੰਚਾਉਣਾ ਚਾਹ ਰਹੇ ਸਨ।’
ਵ੍ਹਾਈਟ ਹਾਊਸ ਦੀ ਬ੍ਰੀਫਿੰਗ ’ਚ ਇਕ ਪੱਤਰਕਾਰ ਨੇ ਭਾਰਤ ਅਤੇ ਅਮਰੀਕਾ ਦੇ ਮੀਡੀਆ ਦੀ ਤੁਲਨਾ ਕਰਨ ’ਤੇ ਇਤਰਾਜ਼ ਜਤਾਇਆ। ਉਨ੍ਹਾਂ ਕਿਹਾ, ‘ਰਿਪੋਰਟਰਸ ਵਿਦਾਊਟ ਬੋਰਡਰਸ ਦੇ ਮੁਤਾਬਕ ਪ੍ਰੈੱਸ ਦੀ ਆਜ਼ਾਦੀ ਦੇ ਮਾਮਲੇ ’ਚ ਭਾਰਤੀ ਪ੍ਰੈਸ ਦੀ ਰੈਂਕ ਦੁਨੀਆਂ ਵਿਚ 142ਵੀਂ ਹੈ। ਉਹ ਭਾਰਤੀ ਪ੍ਰੈੱਸ ਦੀ ਤੁਲਨਾ ’ਚ ਅਮਰੀਕੀ ਪ੍ਰੈਸ ਦੇ ਬਾਰੇ ਵਿਚ ਅਜਿਹਾ ਕਿਵੇਂ ਕਹਿ ਸਕਦੇ ਹਨ।’ ਇਸ ’ਤੇ ਸਾਕੀ ਨੇ ਕਿਹਾ ਕਿ ਉਹ (ਬਾਇਡਨ) ਪ੍ਰੈੱਸ ਦੀ ਭੂਮਿਕਾ ਦਾ ਸਨਮਾਨ ਕਰਦੇ ਹਨ। ਰਿਪੋਰਟਸ ਵਿਦਾਊਟ ਬੋਰਡਰਸ ਦੇ ਮੁਤਾਬਕ ਪ੍ਰੈਸ ਦੀ ਆਜ਼ਾਦੀ ਦੇ ਮਾਮਲੇ ਵਿਚ ਅਮਰੀਕੀ ਪ੍ਰੈੱਸ 44ਵੇਂ ਸਥਾਨ ’ਤੇ ਹੈ।

Share