ਬਾਇਡਨ ਪ੍ਰਸ਼ਾਸਨ ਵੱਲੋਂ ਵੱਡੇ ਕਾਰੋਬਾਰੀ ਅਦਾਰਿਆਂ ’ਤੇ ਲਾਗੂ ਲਾਜ਼ਮੀ ਟੀਕਾਕਰਣ ਤੇ ਟੈਸਟਿੰਗ ਨਿਯਮ ਵਾਪਸ ਲੈਣ ਦੀ ਤਿਆਰੀ

180
Share

ਸੈਕਰਾਮੈਂਟੋ, 27 ਜਨਵਰੀ (ਹੁਸਨ ਲੜੋਆ ਬੰਗਾ/ਪੰਜਾਬ ਮੇਲ)-ਸੁਪਰੀਮ ਕੋਰਟ ਵੱਲੋਂ ਇਸ ਮਹੀਨੇ ਦੇ ਸ਼ੁਰੂ ਵਿਚ ਵੱਡੇ ਕਾਰੋਬਾਰੀ ਅਦਾਰਿਆਂ ਉਪਰ ਲਾਜ਼ਮੀ ਕੋਵਿਡ-19 ਟੀਕਾਕਰਣ ਜਾਂ ਨਿਰੰਤਰ ਟੈਸਟਿੰਗ ਲਈ ਲਾਗੂ ਕੀਤੇ ਨਿਯਮ ਉਪਰ ਪਾਬੰਦੀ ਲਾ ਦੇਣ ਉਪਰੰਤ ਬਾਇਡਨ ਪ੍ਰਸ਼ਾਸਨ ਇਸ ਆਦੇਸ਼ ਨੂੰ ਵਾਪਸ ਲੈ ਰਿਹਾ ਹੈ। ਅਮਰੀਕਾ ਦੇ ‘ਲੇਬਰ ਆਕੂਪੇਸ਼ਨਲ ਸੇਫਟੀ ਐਂਡ ਹੈਲਥ ਐਡਮਿਨਿਸਟ੍ਰੇਸ਼ਨ’ (ਓ.ਐੱਸ.ਐੱਚ.ਏ.) ਨੇ ਕਿਹਾ ਹੈ ਕਿ ਉਸ ਵੱਲੋਂ 100 ਤੋਂ ਵਧ ਮੁਲਾਜ਼ਮਾਂ ਵਾਲੇ ਕਾਰੋਬਾਰੀ ਅਦਾਰਿਆਂ ’ਤੇ ਲਾਗੂ ਲਾਜ਼ਮੀ ਵੈਕਸੀਨੇਸ਼ਨ ਤੇ ਟੈਸਟਿੰਗ ਦੀ ਸ਼ਰਤ ਵਾਪਸ ਲਈ ਜਾ ਰਹੀ ਹੈ। ਅਮਰੀਕੀ ਕਿਰਤ ਵਿਭਾਗ ਦੇ ਇਕ ਬੁਲਾਰੇ ਨੇ ਸਪੱਸ਼ਟ ਕੀਤਾ ਹੈ ਕਿ ਹਾਲਾਂਕਿ ਉਹ ਵੈਕਸੀਨੇਸ਼ਨ ਤੇ ਟੈਸਟਿੰਗ ਵਾਪਸ ਲੈ ਰਿਹਾ ਹੈ ਪਰੰਤੂ ਇਸ ਨਾਲ ਹੰਗਾਮੀ ਆਰਜੀ ਮਾਪਦੰਡ ਪ੍ਰਭਾਵਿਤ ਨਹੀਂ ਹੋਣਗੇ ਤੇ ਇਹ ਪ੍ਰਸਤਾਵਿਤ ਨਿਯਮ ਵਜੋਂ ਕਾਇਮ ਰਹਿਣਗੇ। ਬੁਲਾਰੇ ਨੇ ਕਿਹਾ ਹੈ ਕਿ ਵਿਭਾਗ ਕੋਵਿਡ-19 ਤੋਂ ਸਿਹਤ ਮੁਲਾਜ਼ਮਾਂ ਨੂੰ ਬਚਾਉਣ ਲਈ ਤੇਜੀ ਨਾਲ ਕੰਮ ਕਰ ਰਿਹਾ ਹੈ ਤੇ ਇਸ ਸਬੰਧ ਮਾਪਦੰਡਾਂ ਨੂੰ ਛੇਤੀ ਅੰਤਿਮ ਰੂਪ ਦੇ ਦਿੱਤਾ ਜਾਵੇਗਾ। ਦੋ ਹਫਤਿਆਂ ਦੇ ਵੀ ਘੱਟ ਸਮੇਂ ਤੋਂ ਪਹਿਲਾਂ ਸੁਪਰੀਮ ਕੋਰਟ ਵੱਲੋਂ ਦਿੱਤਾ ਗਿਆ ਨਿਰਨਾ ਰਾਸ਼ਟਰਪਤੀ ਬਾਇਡਨ ਨੂੰ ਵੱਡਾ ਝਟਕਾ ਸਮਝਿਆ ਜਾ ਰਿਹਾ ਹੈ, ਜੋ ਸੰਘੀ ਸਰਕਾਰ ਦੀ ਤਾਕਤ ਦੀ ਵਰਤੋਂ ਰਾਹੀਂ ਜਬਰਨ ਕੋਵਿਡ-19 ਨਿਯਮ ਥੋਪਣਾ ਚਾਹੁੰਦਾ ਸੀ। ਇਸ ਨਿਯਮ ’ਚ ਬਾਇਡਨ ਪ੍ਰਸ਼ਾਸਨ ਨੇ 100 ਤੋਂ ਵਧ ਮੁਲਾਜ਼ਮਾਂ ਵਾਲੇ ਕਾਰੋਬਾਰੀ ਅਦਾਰਿਆਂ ਨੂੰ ਆਪਣੇ ਮੁਲਾਜ਼ਮਾਂ ਦਾ ਲਾਜਮੀ ਕੋਵਿਡ ਟੀਕਾਕਰਣ ਕਰਨ ਲਈ ਕਿਹਾ ਸੀ ਤੇ ਜਿਹੜਾ ਮੁਲਾਜ਼ਮ ਟੀਕਾਕਰਣ ਨਹੀਂ ਕਰਵਾਉਂਦਾ ਉਸ ਦਾ ਨਿਰੰਤਰ ਟੈਸਟ ਕਰਨ ਲਈ ਕਿਹਾ ਸੀ। ਇਸ ਨਿਯਮ ’ਚ ਮਾਸਕ ਲਾਜ਼ਮੀ ਪਾਉਣ ਦੀ ਵੀ ਹਦਾਇਤ ਦਿੱਤੀ ਗਈ ਸੀ।

Share