ਬਾਇਡਨ ਪ੍ਰਸ਼ਾਸਨ ਵੱਲੋਂ ਲੱਖਾਂ ਵੈਨਜ਼ੁਏਲਾ ਪ੍ਰਵਾਸੀਆਂ ਲਈ ਅਸਥਾਈ ਕਾਨੂੰਨੀ ਦਰਜੇ ਦੀ ਪੇਸ਼ਕਸ਼

349
Share

ਫਰਿਜ਼ਨੋ, 10 ਮਾਰਚ (ਮਾਛੀਕੇ/ਧਾਲੀਆਂ/ਪੰਜਾਬ ਮੇਲ)- ਬਾਇਡਨ ਪ੍ਰਸ਼ਾਸਨ ਨੇ ਦੇਸ਼ ਵਿਚ ਰਹਿ ਰਹੇ ਵੈਨਜ਼ੁਏਲਾ ਦੇ ਹਜ਼ਾਰਾਂ ਪ੍ਰਵਾਸੀਆਂ ਦੇ ਸੰਬੰਧ ’ਚ ਸੋਮਵਾਰ ਨੂੰ ਐਲਾਨ ਕਰਦਿਆਂ ਕਿਹਾ ਕਿ ਇਸ ਦੇਸ਼ ਵਿਚ ਰਾਜਨੀਤਿਕ ਅਤੇ ਆਰਥਿਕ ਅਸਮਾਨਤਾਵਾਂ ਹੁੰਦੇ ਹੋਏ, ਅਮਰੀਕਾ ਇਨ੍ਹਾਂ ਪ੍ਰਵਾਸੀਆਂ ਨੂੰ ਦੇਸ਼ ਨਿਕਾਲੇ ਦੀ ਰਾਹਤ ਅਤੇ ਵਰਕ ਪਰਮਿਟ ਦੀ ਪੇਸ਼ਕਸ਼ ਕਰੇਗਾ। ਇਸ ਸੰਬੰਧ ’ਚ ਹੋਮਲੈਂਡ ਸੁੱਰਖਿਆ ਸੱਕਤਰ ਵਿਭਾਗ ਦੇ ਅਲੇਜੈਂਡਰੋ ਮੇਯੋਰਕਾਸ ਨੇ ਇੱਕ ਕਾਨੂੰਨੀ ਆਰਡਰ ਜਾਰੀ ਕੀਤਾ, ਜਿਸ ਵਿਚ ਕੁਝ ਵੈਨਜ਼ੂਏਲਾ ਵਾਸੀਆਂ ਨੂੰ ਅਸਥਾਈ ਪ੍ਰੋਟੈਕਟਿਡ ਸਟੇਟਸ (ਟੀ.ਪੀ.ਐਸ) ਲਈ ਯੋਗ ਬਣਾਇਆ ਗਿਆ ਹੈ।
ਇਸ ਨਾਲ ਅਮਰੀਕੀ ਸਰਕਾਰ ਉਨ੍ਹਾਂ ਪ੍ਰਵਾਸੀਆਂ ਨੂੰ ਆਰਜ਼ੀ ਮਨੁੱਖੀ ਸੁਰੱਖਿਆ ਪ੍ਰਦਾਨ ਕਰ ਸਕਦੀ ਹੈ, ਜਿਨ੍ਹਾਂ ਦੇ ਘਰੇਲੂ ਦੇਸ਼ ਹਥਿਆਰਬੰਦ ਟਕਰਾਅ, ਕੁਦਰਤੀ ਆਫ਼ਤਾਂ ਜਾਂ ਕਿਸੇ ਮਹਾਮਾਰੀ ਨਾਲ ਜੂਝ ਰਹੇ ਹਨ। ਇਸੇ ਤਰ੍ਹਾਂ ਦੇ ਹਾਲਾਤ ਇਸ ਸਮੇਂ ਵੈਨਜ਼ੂਏਲਾ ਵਿਚ ਹਨ, ਜਿੱਥੇ ਬਾਇਡਨ ਪ੍ਰਸ਼ਾਸਨ ਦੇ ਇੱਕ ਸੀਨੀਅਰ ਅਧਿਕਾਰੀ ਅਨੁਸਾਰ ਲੋਕਾਂ ਦਾ ਵਾਪਸ ਜਾਣਾ ਸੁਰੱਖਿਅਤ ਨਹੀਂ ਹੈ। ਇਹ ਟੀ.ਪੀ.ਐੱਸ. ਯੋਜਨਾ ਸੋਮਵਾਰ, 8 ਮਾਰਚ ਤੱਕ ਅਮਰੀਕਾ ਵਿਚ ਬਿਨਾਂ ਢੁੱਕਵੇ ਕਾਗਜ਼ਾਂ ਦੇ ਰਹਿ ਰਹੇ ਵੈਨਜ਼ੂਏਲਾ ਦੇ ਪ੍ਰਵਾਸੀਆਂ ’ਤੇ ਲਾਗੂ ਹੁੰਦੀ ਹੈ। ਅਧਿਕਾਰੀਆਂ ਅਨੁਸਾਰ ਅਨੁਮਾਨਿਤ 320,000 ਵੈਨਜ਼ੂਏਲਾ ਨਿਵਾਸੀ ਇਸ ਰਾਹਤ ਲਈ ਯੋਗ ਹੋਣਗੇ ਅਤੇ ਇਸ ਲਈ ਅਰਜ਼ੀ ਦੀ ਪ੍ਰਕਿਰਿਆ ਲਈ 545 ਡਾਲਰ ਫੀਸ ਵੀ ਲਈ ਜਾਵੇਗੀ।
ਆਪਣੀ ਰਾਸ਼ਟਰਪਤੀ ਚੋਣ ਮੁਹਿੰਮ ਦੌਰਾਨ ਰਾਸ਼ਟਰਪਤੀ ਜੋਅ ਬਾਇਡਨ ਨੇ ਵੈਨਜ਼ੂਏਲਾ ਵਾਸੀਆਂ ਨੂੰ ਟੀ.ਪੀ.ਐੱਸ. ਦੇਣ ਦਾ ਵਾਅਦਾ ਕੀਤਾ ਸੀ। ਹਾਲ ਹੀ ਦੇ ਸਾਲਾਂ ਵਿਚ, ਵੈਨਜ਼ੂਏਲਾ ’ਚ ਰਾਜਨੀਤਿਕ ਅਤੇ ਆਰਥਿਕ ਸੰਕਟ ਕਾਰਨ ਲੱਖਾਂ ਵੈਨਜ਼ੂਏਲਾ ਵਾਸੀਆਂ ਨੇ ਆਪਣੇ ਦੇਸ਼ ਨੂੰ ਛੱਡਿਆ ਹੈ, ਜਿਨ੍ਹਾਂ ਵਿਚੋਂ ਜ਼ਿਆਦਾਤਰ ਕੋਲੰਬੀਆ ਅਤੇ ਦੱਖਣੀ ਅਮਰੀਕਾ ਦੇ ਹੋਰ ਦੇਸ਼ਾਂ ’ਚ ਗਏ ਹਨ। ਅਮਰੀਕਾ ਦੇ ਸ਼ਰਨਾਰਥੀ ਹਾਈ ਕਮਿਸ਼ਨਰ ਦੇ ਅਨੁਸਾਰ, ਇਸ ਸਮੇਂ ਵਿਸ਼ਵ ਭਰ ’ਚ ਵੈਨਜ਼ੁਏਲਾ ਤੋਂ ਲੱਗਭਗ 5.4 ਮਿਲੀਅਨ ਸ਼ਰਨਾਰਥੀ ਅਤੇ ਪ੍ਰਵਾਸੀ ਹਨ।

Share