ਬਾਇਡਨ ਪ੍ਰਸ਼ਾਸਨ ਵੱਲੋਂ ਪੈਂਟਾਗਨ ਨੂੰ 2 ਬਿਲੀਅਨ ਡਾਲਰ ਦੇ ਫੌਜੀ ਫੰਡ ਵਾਪਸ

101
Share

ਫਰਿਜ਼ਨੋ, 13 ਜੂਨ (ਮਾਛੀਕੇ/ਧਾਲੀਆਂ/ਪੰਜਾਬ ਮੇਲ)- ਬਾਇਡਨ ਪ੍ਰਸ਼ਾਸਨ ਨੇ ਸ਼ੁੱਕਰਵਾਰ ਨੂੰ ਪੈਂਟਾਗਨ ਨੂੰ 2 ਬਿਲੀਅਨ ਡਾਲਰ ਤੋਂ ਵੱਧ ਦੇ ਫੌਜੀ ਫੰਡਾਂ ਨੂੰ ਵਾਪਸ ਕਰ ਦਿੱਤਾ ਹੈ, ਜੋ ਕਿ ਸਾਬਕਾ ਰਾਸ਼ਟਰਪਤੀ ਟਰੰਪ ਨੇ ਸਰਹੱਦੀ ਦੀਵਾਰ ਦੀ ਉਸਾਰੀ ਲਈ ਤਬਦੀਲ ਕੀਤੇ ਸਨ।
ਟਰੰਪ ਪ੍ਰਸ਼ਾਸਨ ਦੌਰਾਨ ਪੈਂਟਾਗਨ ਕੰਸਟਰਕਸ਼ਨ ਫੰਡਾਂ ਵਿਚੋਂ ਲਈ ਗਈ 3.6 ਬਿਲੀਅਨ ਡਾਲਰ ਦੀ ਰਾਸ਼ੀ ਵਿਚੋਂ ਬਚੇ ਹੋਏ ਇਨ੍ਹਾਂ ਫੰਡਾਂ ਦੀ ਵਰਤੋਂ ਹੁਣ ਅਮਰੀਕਾ ਅਤੇ ਵਿਦੇਸ਼ਾਂ ਵਿਚ ਮਿਲਟਰੀ ਦੇ 60 ਤੋਂ ਵੱਧ ਪ੍ਰਾਜੈਕਟਾਂ ਲਈ ਕੀਤੀ ਜਾਵੇਗੀ। ਟਰੰਪ ਪ੍ਰਸ਼ਾਸਨ ਦੇ ਦੌਰਾਨ, ਫੈਡਰਲ ਸਰਕਾਰ ਨੇ ਅਮਰੀਕਾ-ਮੈਕਸੀਕੋ ਸਰਹੱਦ ਦੇ ਨਾਲ ਤਕਰੀਬਨ 52 ਮੀਲ ਦੀ ਸਰਹੱਦੀ ਦੀਵਾਰ ਬਣਾਈ ਸੀ, ਜਿਸ ਵਿਚ ਪ੍ਰਤੀ ਮੀਲ 46 ਮਿਲੀਅਨ ਡਾਲਰ ਦੀ ਲਾਗਤ ਆਈ ਹੈ। ਟਰੰਪ ਪ੍ਰਸ਼ਾਸਨ ਦੌਰਾਨ ਮੈਕਸੀਕੋ ਦੀ ਸਰਹੱਦ ਦੇ ਨਾਲ ਦੀਵਾਰ ਦੀ ਉਸਾਰੀ ਅਮਰੀਕਾ ਦੇ ਇਤਿਹਾਸ ਵਿਚ ਇੱਕ ਮਹਿੰਗਾ ਫੈਡਰਲ ਕੰਸਟਰਕਸਨ ਪ੍ਰੋਜੈਕਟ ਸੀ। ਟਰੰਪ ਪ੍ਰਸ਼ਾਸਨ ਦੇ ਅਖੀਰ ਤੱਕ ਅਧਿਕਾਰੀਆਂ ਨੇ ਇਸ ਲਈ 15 ਬਿਲੀਅਨ ਡਾਲਰ ਦੀ ਪਛਾਣ ਕੀਤੀ ਹੈ, ਜਿਸ ਵਿਚੋਂ 10 ਬਿਲੀਅਨ ਡਾਲਰ ਮਿਲਟਰੀ ਦੇ ਕਾਉਂਟਰ ਨਾਰਕੋਟਿਕਸ ਅਤੇ ਨਿਰਮਾਣ ਪ੍ਰੋਗਰਾਮਾਂ ਤੋਂ ਤਬਦੀਲ ਕੀਤੇ ਗਏ ਸਨ।
ਇਨ੍ਹਾਂ ਮੁੜ ਬਹਾਲ ਕੀਤੇ ਫੰਡਾਂ ਨਾਲ 11 ਰਾਜਾਂ, ਤਿੰਨ ਅਮਰੀਕੀ ਟੈਰੀਟੋਰੀਜ਼ ਅਤੇ 16 ਦੇਸ਼ਾਂ ਦੇ ਫੌਜੀ ਪ੍ਰਾਜੈਕਟਾਂ ਨੂੰ ਫਾਇਦਾ ਮਿਲੇਗਾ। ਜਿਸ ਵਿਚ ਫੋਰਟ ਗਰੇਲੀ ਵਿਚ ਦੋ ਮਿਜ਼ਾਈਲ ਇੰਟਰਸੈਪਟਰ ਸ਼ਾਮਲ ਕਰਨੇ ਅਤੇ ਜਰਮਨੀ ਵਿਚ ਸਥਿਤ ਅਮਰੀਕੀ ਸੇਵਾ ਮੈਂਬਰਾਂ ਦੇ ਬੱਚਿਆਂ ਲਈ ਇੱਕ ਐਲੀਮੈਂਟਰੀ ਸਕੂਲ ਦਾ ਨਵੀਨੀਕਰਨ ਕਰਨ ਦੀ ਯੋਜਨਾ ਵੀ ਸ਼ਾਮਲ ਹੈ। ਇਸਦੇ ਇਲਾਵਾ ਉੱਤਰੀ ਕੈਰੋਲਿਨਾ ਵਿਚ ਦੋ ਸਮੁੰਦਰੀ ਬਟਾਲੀਅਨਾਂ, ਇੰਡੀਆਨਾ ਵਿਚ ਇੱਕ ਏਅਰ ਗਾਰਡ ਦਾ ਨਿਸ਼ਾਨੇਬਾਜ਼ੀ ਸਿਖਲਾਈ ਪ੍ਰੋਗਰਾਮ ਅਤੇ ਫਲੋਰਿਡਾ ਵਿਚ ਟਿੰਡਲ ਏਅਰ ਫੋਰਸ ਬੇਸ ’ਤੇ ਇੱਕ ਸਟੇਸ਼ਨ ਵੀ ਸ਼ਾਮਲ ਹੈ, ਜਿਸ ਵਿਚ ਅੱਗ ਬੁਝਾਉਣ ਵਾਲੇ ਵਾਹਨ ਅਤੇ ਯੂ.ਐੱਸ. ਦੇ ਸਰਵਿਸ ਮੈਂਬਰ ਹੋਣਗੇ। ਸਰਹੱਦੀ ਦੀਵਾਰ ਦੀ ਉਸਾਰੀ ਰੋਕਣ ਦੇ ਨਾਲ ਇੱਕ ਰੱਖਿਆ ਅਧਿਕਾਰੀ ਦੇ ਅਨੁਸਾਰ, ਅਮਰੀਕਾ ਦੇ ਕਸਟਮਜ਼ ਅਤੇ ਬਾਰਡਰ ਪ੍ਰੋਟੈਕਸ਼ਨ (ਸੀ.ਬੀ.ਪੀ.) ਦੇ ਸਮਰਥਨ ਵਿਚ, ਰਾਸ਼ਟਰੀ ਗਾਰਡ ਦੇ 3,800 ਮੈਂਬਰ ਦੱਖਣੀ ਸਰਹੱਦ ’ਤੇ ਤਾਇਨਾਤ ਰਹਿੰਦੇ ਹਨ, ਜਿਨ੍ਹਾਂ ਦੀ ਗਿਣਤੀ ਨੂੰ ਵਧਾਉਣ ਦੀ ਬੇਨਤੀ ਕੀਤੀ ਗਈ ਹੈ।

Share