ਬਾਇਡਨ ਪ੍ਰਸ਼ਾਸਨ ਵੱਲੋਂ ਤਹੱਵੁਰ ਰਾਣਾ ਨੂੰ ਭਾਰਤ ਹਵਾਲੇ ਕਰਨ ਦੀ ਹਮਾਇਤ

397
Share

ਵਾਸ਼ਿੰਗਟਨ, 24 ਮਾਰਚ (ਪੰਜਾਬ ਮੇਲ)- ਬਾਇਡਨ ਪ੍ਰਸ਼ਾਸਨ ਨੇ ਲਾਸ ਏਂਜਲਸ ਦੀ ਸੰਘੀ ਅਦਾਲਤ ਨੂੰ ਅਪੀਲ ਕੀਤੀ ਹੈ ਕਿ ਉਹ ਪਾਕਿਸਤਾਨੀ ਮੂਲ ਦੇ ਭਗੌੜੇ ਕੈਨੇਡਿਆਈ ਕਾਰੋਬਾਰੀ ਤਹੱਵੁਰ ਰਾਣਾ (59) ਦੀ ਹਵਾਲਗੀ ਸਬੰਧੀ ਭਾਰਤ ਦੀ ਬੇਨਤੀ ’ਤੇ ਗੌਰ ਕਰੇ। ਅਮਰੀਕੀ ਪ੍ਰਸ਼ਾਸਨ ਦਾ ਦਾਅਵਾ ਹੈ ਕਿ ਤਹੱਵੁਰ ਰਾਣਾ ਭਾਰਤ ਹਵਾਲੇ ਕੀਤੇ ਜਾਣ ਦੀਆਂ ਸਾਰੀਆਂ ਸ਼ਰਤਾਂ ਨੂੰ ਪੂਰਾ ਕਰਦਾ ਹੈ। ਲਾਸ ਏਂਜਲਸ ਵਿਚ ਅਮਰੀਕੀ ਜ਼ਿਲ੍ਹਾ ਜੱਜ ਜੈਕੁਲੀਨ ਚੂਲਜਿਆਨ ਵੱਲੋਂ ਰਾਣਾ ਦੀ ਸਪੁਰਦਗੀ ਮਾਮਲੇ ’ਤੇ 22 ਅਪ੍ਰੈਲ ਨੂੰ ਸੁਣਵਾਈ ਕੀਤੀ ਜਾਣੀ ਹੈ। ਰਾਣਾ 2008 ਮੁੰਬਈ ਦਹਿਸ਼ਤੀ ਹਮਲੇ ਵਿਚ ਸ਼ਮੂਲੀਅਤ ਲਈ ਭਾਰਤ ਵਿਚ ਲੋੜੀਂਦਾ ਹੈ। ਇਸ ਹਮਲੇ ਵਿਚ 166 ਲੋਕਾਂ ਦੀ ਜਾਨ ਜਾਂਦੀ ਰਹੀ ਸੀ ਤੇ 239 ਵਿਅਕਤੀ ਜ਼ਖ਼ਮੀ ਹੋਏ ਸਨ। ਅਮਰੀਕਾ ਦੇ ਸਹਾਇਕ ਅਟਾਰਨੀ ਜੌਹਨ ਜੇ.ਲੁਜਿਆਨ ਨੇ ਮੁਲਕ ਦੀ ਸੰਘੀ ਅਦਾਲਤ ਵਿਚ ਦਾਇਰ ਹਲਫ਼ਨਾਮੇ ’ਚ ਕਿਹਾ ਕਿ ਰਾਣਾ ਉਨ੍ਹਾਂ ਸਾਰੀਆਂ ਸ਼ਰਤਾਂ/ਮਾਪਦੰਡਾਂ ਨੂੰ ਪੂਰਾ ਕਰਦਾ ਹੈ, ਜਿਸ ਤਹਿਤ ਉਸ ਨੂੰ ਭਾਰਤ ਦੇ ਸਪੁਰਦ ਕੀਤਾ ਜਾ ਸਕਦਾ ਹੈ। ਰਾਣਾ ਮੁੰਬਈ ਦਹਿਸ਼ਤੀ ਹਮਲਾ ਕੇਸ ’ਚ ਭਾਰਤ ਨੂੰ ਲੋੜੀਂਦਾ ਹੈ।

Share