ਬਾਇਡਨ ਪ੍ਰਸ਼ਾਸਨ ਵੱਲੋਂ ਟੈਕਸਾਸ ਸਰਹੱਦ ’ਤੇ ਪ੍ਰਵਾਸੀਆਂ ਦੇ ਰਹਿਣ ਲਈ ਟੈਂਟ ਸਹੂਲਤ ਖੋਲ੍ਹਣ ਦੀ ਯੋਜਨਾ

453
Share

ਫਰਿਜ਼ਨੋ, 2 ਮਾਰਚ (ਮਾਛੀਕੇ/ਧਾਲੀਆਂ/ਪੰਜਾਬ ਮੇਲ)- ਅਮਰੀਕਾ ’ਚ ਹਰ ਸਾਲ ਸੈਂਕੜੇ ਗੈਰ ਕਾਨੂੰਨੀ ਪ੍ਰਵਾਸੀ ਇਕੱਲੇ ਬੱਚੇ ਅਤੇ ਪਰਿਵਾਰ ਦਾਖਲ ਹੁੰਦੇ ਹਨ। ਇਨ੍ਹਾਂ ਪ੍ਰਵਾਸੀਆਂ ਦੇ ਰਹਿਣ ਦਾ ਪ੍ਰਬੰਧ ਵੀ ਸਰਕਾਰ ਦੁਆਰਾ ਕੀਤਾ ਜਾਂਦਾ ਹੈ। ਇਸ ਸੰਬੰਧੀ ਹੋਮਲੈਂਡ ਸਕਿਓਰਿਟੀ ਵਿਭਾਗ ਦੇ ਅਨੁਸਾਰ ਬਾਇਡਨ ਪ੍ਰਸ਼ਾਸਨ, ਅਮਰੀਕਾ-ਮੈਕਸੀਕੋ ਸਰਹੱਦ ’ਤੇ ਪਹੁੰਚਣ ਵਾਲੇ ਬੱਚਿਆਂ ਅਤੇ ਪਰਿਵਾਰਾਂ ਲਈ ਪ੍ਰੋਸੈਸਿੰਗ ਸਮਰੱਥਾ ਵਧਾਉਣ ਦੇ ਮੰਤਵ ਨਾਲ ਦੱਖਣੀ ਟੈਕਸਾਸ ਵਿਚ ਇੱਕ ਹੋਰ ਟੈਂਟ ਸਹੂਲਤ ਖੋਲ੍ਹਣ ਦੀ ਯੋਜਨਾ ਬਣਾ ਰਿਹਾ ਹੈ। ਅਮਰੀਕਾ ਦੀ ਦੱਖਣੀ ਸਰਹੱਦ ’ਤੇ ਪ੍ਰਵਾਸੀ ਪਰਿਵਾਰਾਂ ਅਤੇ ਬੱਚਿਆਂ ਦੀ ਵੱਧ ਰਹੀ ਗਿਣਤੀ ਨਾਲ ਨਜਿੱਠਣ ਲਈ ਬਾਇਡਨ ਪ੍ਰਸ਼ਾਸਨ ਦਾ ਇਹ ਤਾਜ਼ਾ ਕਦਮ ਹੈ। ਏਜੰਸੀ ਦੇ ਸਭ ਤੋਂ ਤਾਜ਼ਾ ਮਹੀਨਾਵਾਰ ਅੰਕੜਿਆਂ ਅਨੁਸਾਰ ਜਨਵਰੀ ਵਿਚ, ਯੂ.ਐੱਸ.-ਮੈਕਸੀਕੋ ਸਰਹੱਦ ’ਤੇ ਕਸਟਮਜ਼ ਅਤੇ ਬਾਰਡਰ ਪ੍ਰੋਟੈਕਸ਼ਨ ਦੁਆਰਾ 5,800 ਤੋਂ ਵੱਧ ਇਕੱਲੇ ਬੱਚਿਆਂ ਅਤੇ ਲਗਭਗ 7,500 ਪਰਿਵਾਰਾਂ ਨੂੰ ਹਿਰਾਸਤ ਵਿਚ ਲੈ ਲਿਆ ਗਿਆ ਹੈ ਅਤੇ ਇਸ ਸੰਖਿਆ ਵਿਚ ਵਾਧਾ ਜਾਰੀ ਰਹਿਣ ਦੀ ਉਮੀਦ ਹੈ। ਇੱਕ ਹੋਰ ਹੋਮਲੈਂਡ ਸਕਿਓਰਿਟੀ ਅਧਿਕਾਰੀ ਦੇ ਅਨੁਸਾਰ ਸਰਹੱਦੀ ਅਧਿਕਾਰੀ ਸਰਹੱਦ ’ਤੇ ਔਸਤਨ 300 ਤੋਂ ਵੱਧ ਅਣਪਛਾਤੇ ਬੱਚਿਆਂ ਨੂੰ ਹਿਰਾਸਤ ਵਿਚ ਲੈ ਰਹੇ ਹਨ। ਡੈਲ ਰੀਓ ਸੈਕਟਰ ਵਿਚ ਨਵੀਂ ਉਮੀਦ ਕੀਤੀ ਗਈ ਇਹ ਸਹੂਲਤ ਸਰਹੱਦ ’ਤੇ ਇਕੱਲੇ ਪਹੁੰਚਣ ਵਾਲੇ ਬੱਚਿਆਂ ਲਈ ਤਿਆਰ ਕੀਤੇ ਸ਼ੈਲਟਰਾਂ ਤੋਂ ਵੱਖਰੀ ਹੈ। ਇਸਦੇ ਇਲਾਵਾ ਇਸ ਵੇਲੇ ਈਗਲ ਪਾਸ, ਟੀਐਕਸ ਵਿਚ ਪ੍ਰਵਾਸੀਆਂ ਨੂੰ ਰੱਖਣ ਲਈ ਵੀ ਇੱਕ ਸਹੂਲਤ ਦਾ ਨਿਰਮਾਣ ਕੀਤਾ ਜਾ ਰਿਹਾ ਹੈ।

Share