ਬਾਇਡਨ ਪ੍ਰਸ਼ਾਸਨ ਵੱਲੋਂ ਟਰੰਪ ਯੁੱਗ ਦੀ ਸ਼ਰਨਾਰਥੀਆਂ ਬਾਰੇ ਨੀਤੀ ਦਾ ਖਾਤਮਾ

425
Share

-ਪ੍ਰਵਾਸੀਆਂ ਨੂੰ ਅਮਰੀਕਾ ’ਚ ਦਾਖਲੇ ਦੀ ਇਜਾਜ਼ਤ ਦੇਣ ਦੀ ਪ੍ਰਕਿਰਿਆ ਸ਼ੁਰੂ
– ਇਸ ਪ੍ਰੋਗਰਾਮ ਅਧੀਨ 25 ਹਜ਼ਾਰ ਪ੍ਰਵਾਸੀਆਂ ਨੂੰ ਮਿਲੇਗਾ ਫਾਇਦਾ
ਵਾਸ਼ਿੰਗਟਨ ਡੀ.ਸੀ., 10 ਮਾਰਚ (ਪੰਜਾਬ ਮੇਲ)- ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਬਾਰਡਰ ਪਾਰ ਕਰਕੇ ਆਉਣ ਵਾਲੇ ਸ਼ਰਨਾਰਥੀਆਂ ਨੂੰ ਰੋਕ ਦਿੱਤਾ ਗਿਆ ਸੀ। ਹੁਣ ਮੌਜੂਦਾ ਰਾਸ਼ਟਰਪਤੀ ਜੋਅ ਬਾਇਡਨ ਵੱਲੋਂ ਟਰੰਪ ਯੁੱਗ ਦੀ ਨੀਤੀ ਨੂੰ ਖਤਮ ਕਰ ਦਿੱਤਾ ਗਿਆ ਹੈ। ਇਸ ਨੀਤੀ ਅਧੀਨ ਪ੍ਰਵਾਸੀਆਂ ਨੂੰ ਅਮਰੀਕਾ ’ਚ ਦਾਖਲੇ ਦੀ ਇਜਾਜ਼ਤ ਦੇਣ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ। ਡੋਨਾਲਡ ਟਰੰਪ ਨੇ ਅਮਰੀਕਾ ’ਚ ਦਾਖਲ ਹੋਣ ਵਾਲੇ ਸ਼ਰਨਾਰਥੀਆਂ ਨੂੰ ਮੈਕਸੀਕੋ ਵਿਚ ਹੀ ਰੋਕ ਦਿੱਤਾ ਜਾਂਦਾ ਸੀ ਅਤੇ ਉਥੇ ਰਹਿ ਕੇ ਸ਼ਰਨਾਰਥੀ ਅਮਰੀਕਾ ’ਚ ਕੇਸ ਅਪਲਾਈ ਕਰਦੇ ਸਨ। ਉਸ ਸਮੇਂ ਦੌਰਾਨ ਲੋਕਾਂ ਨੂੰ ਬਹੁਤ ਜ਼ਿਆਦਾ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਸੀ। ਇਹ ਲੋਕ ਮੈਕਸੀਕੋ ਦੇ ਬਾਰਡਰ ਦੇ ਨਜ਼ਦੀਕ ਟੈਂਟਾਂ ਵਿਚ ਰਹਿ ਕੇ ਆਪਣੇ ਕੇਸ ਅਮਰੀਕਾ ਵਿਚ ਲੜਦੇ ਸਨ, ਜਿਸ ਕਰਕੇ ਉਨ੍ਹਾਂ ਨੂੰ ਬਹੁਤ ਸਾਰੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਸੀ। ਬਹੁਤੇ ਲੋਕ ਤਾਂ ਉਥੋਂ ਹੀ ਆਪੋ-ਆਪਣੇ ਦੇਸ਼ਾਂ ਨੂੰ ਡਿਪੋਰਟ ਕਰ ਦਿੱਤੇ ਜਾਂਦੇ ਸਨ। ਪਰ ਹੁਣ ਰਾਸ਼ਟਰਪਤੀ ਜੋਅ ਬਾਇਡਨ ਨੇ ਟਰੰਪ ਯੁੱਗ ਦੀ ਉਸ ਨੀਤੀ ਨੂੰ ਖਤਮ ਕਰ ਦਿੱਤਾ ਹੈ। ਡੀ.ਐੱਚ.ਐੱਸ. ਨੇ ਇਕ ਬਿਆਨ ਵਿਚ ਕਿਹਾ ਹੈ ਕਿ ਬਾਇਡਨ ਪ੍ਰਸ਼ਾਸਨ ਨੇ ਅੰਤਰਰਾਸ਼ਟਰੀ ਸੰਗਠਨਾਂ ਦੀ ਭਾਈਵਾਲੀ ਵਿਚ, ਕੈਂਪ ਵਿਚ ਰਹਿਣ ਵਾਲੇ ਵਿਅਕਤੀਆਂ ਦੀ ਰਜਿਸਟ੍ਰੇਸ਼ਨ ਪੂਰੀ ਕਰ ਲਈ ਹੈ।
ਡੀ.ਐੱਚ.ਐੱਸ. ਦੇ ਇਕ ਬੁਲਾਰੇ ਨੇ ਕਿਹਾ ਕਿ ਅਸੀਂ ਹੁਣ ਮੈਟਾਮੋਰੋਸ ਕੈਂਪ ਵਿਚ ਲੋਕਾਂ ਦੀ ਰਜਿਸਟੀ ਨਹੀਂ ਕਰ ਰਹੇ ਹਾਂ ਅਤੇ ਕੋਈ ਵੀ ਕੈਂਪ ਵਿਚ ਨਹੀਂ ਪਹੁੰਚੇਗਾ। ਇਨ੍ਹਾਂ ਕੈਂਪਾਂ ਵਿਚ ਰਹਿੰਦੇ ਵਿਅਕਤੀਆਂ ਨੂੰ ਹੋਰ ਟਿਕਾਣਿਆਂ ’ਚ ਤਬਦੀਲ ਕਰ ਦਿੱਤਾ ਗਿਆ ਹੈ, ਜੋ ਰਸਮੀ ਕੈਂਪ ਨਾਲੋਂ ਜ਼ਿਆਦਾ ਸੁਰੱਖਿਆ ਦਿੰਦੇ ਹਨ।
ਬਾਇਡਨ ਪ੍ਰਸ਼ਾਸਨ ਦਾ ਅਨੁਮਾਨ ਹੈ ਕਿ ਇਸ ਪ੍ਰੋਗਰਾਮ ਅਧੀਨ 25 ਹਜ਼ਾਰ ਪ੍ਰਵਾਸੀਆਂ ਨੂੰ ਫਾਇਦਾ ਮਿਲੇਗਾ। ਜ਼ਿਕਰਯੋਗ ਹੈ ਕਿ ਬਹੁਤ ਸਾਰੇ ਬੱਚੇ ਪਿਛਲੇ ਦਿਨਾਂ ਦੌਰਾਨ ਇਥੇ ਆਪਣੇ ਪਰਿਵਾਰਾਂ ਤੋਂ ਵਿਛੜ ਗਏ ਸਨ ਅਤੇ ਉਨ੍ਹਾਂ ਦਾ ਹਾਲੇ ਤੱਕ ਕੁੱਝ ਪਤਾ ਨਹੀਂ ਲੱਗਾ। ਰਾਸ਼ਟਰਪਤੀ ਜੋਅ ਬਾਇਡਨ ਨੇ ਪਿਛਲੇ ਦਿਨੀਂ ਪਹਿਲੀ ਨੀਤੀ ਨੂੰ ਬਦਲਣ ਬਾਰੇ ਬਿਆਨ ਦਿੱਤਾ ਸੀ, ਜਿਸ ਨੂੰ ਕਿ ਹੁਣ ਅਮਲੀ ਰੂਪ ਦੇ ਦਿੱਤਾ ਗਿਆ ਹੈ।

Share