ਬਾਇਡਨ ਪ੍ਰਸ਼ਾਸਨ ਵੱਲੋਂ ਇੰਮੀਗ੍ਰੇਸ਼ਨ ਸਬੰਧੀ ਸਿਟੀਜ਼ਿਨਸ਼ਿਪ-2021 ਪ੍ਰਤੀਨਿੱਧ ਸਭਾ ’ਚ ਪੇਸ਼

382
Share

ਲੱਖਾਂ ਲੋਕਾਂ ’ਚ ਖੁਸ਼ੀ ਦੀ ਲਹਿਰ
353 ਸਫਿਆਂ ’ਚ ਲਿਖਿਆ ਗਿਆ ਇਹ ਬਿੱਲ

ਸੈਕਰਾਮੈਂਟੋ, 24 ਫਰਵਰੀ (ਪੰਜਾਬ ਮੇਲ)- ਜੋਅ ਬਾਇਡਨ ਨੇ ਅਮਰੀਕਾ ਦੇ ਰਾਸ਼ਟਰਪਤੀ ਬਣਨ ਤੋਂ ਬਾਅਦ ਪਹਿਲੇ ਦਿਨ ਹੀ ਐਲਾਨ ਕੀਤਾ ਸੀ ਕਿ ਉਹ ਇਮੀਗ੍ਰੇਸ਼ਨ ਨੀਤੀਆਂ ਵਿਚ ਸੁਧਾਰ ਲਿਆਉਣਗੇ, ਜਿਸ ਨਾਲ ਲੱਖਾਂ ਲੋਕਾਂ ਨੂੰ ਫਾਇਦਾ ਹੋਵੇਗਾ। ਇਸ ਸੰਬੰਧੀ ਉਨ੍ਹਾਂ ਨੇ ਇੰਮੀਗ੍ਰੇਸ਼ਨ ਨੀਤੀ ਬਾਰੇ ਬਹੁਤ ਸਾਰੇ ਬਿੱਲ ਪਾਸ ਕਰਾਉਣ ਲਈ ਪ੍ਰਤੀਨਿਧ ਸਭਾ ’ਚ ਪੇਸ਼ ਕਰ ਦਿੱਤੇ ਹਨ। ਇਨ੍ਹਾਂ ਬਿੱਲਾਂ ਨੂੰ ਸਿਟੀਜ਼ਨ ਐਕਟ ਆਫ 2021 ਦਾ ਨਾਂ ਦਿੱਤਾ ਗਿਆ ਹੈ। ਇਹ ਬਿੱਲ 353 ਸਫਿਆਂ ’ਚ ਲਿਖਿਆ ਗਿਆ ਹੈ। ਇਨ੍ਹਾਂ ਬਿੱਲਾਂ ਵਿਚ ਉਨ੍ਹਾਂ ਲੋਕਾਂ ਨੂੰ ਵੀ ਫਾਇਦਾ ਹੋਵੇਗਾ, ਜਿਹੜੇ ਇਥੇ ਰਹਿ ਤਾਂ ਰਹੇ ਹਨ, ਪਰ ਪੱਕੇ ਨਹੀਂ ਹਨ। ਇਸ ਦੇ ਨਾਲ-ਨਾਲ 4131 ਪ੍ਰੋਗਰਾਮ ਅਧੀਨ ਉਨ੍ਹਾਂ ਬੱਚਿਆਂ ਅਤੇ ਪਰਿਵਾਰਾਂ ਨੂੰ ਫਾਇਦਾ ਹੋਵੇਗਾ, ਜਿਨ੍ਹਾਂ ਦੇ ਮਾਂ-ਪਿਓ ਲੰਮੇ ਸਮੇਂ ਤੋਂ ਇਥੇ ਰਹਿ ਰਹੇ ਸਨ ਅਤੇ ਜਿਨ੍ਹਾਂ ਦੇ ਬੱਚੇ ਇਥੇ ਜੰਮੇ-ਪਲੇ ਸਨ। ਉਨ੍ਹਾਂ ਪਰਿਵਾਰਾਂ ਨੂੰ ਗਰੀਨ ਕਾਰਡ ਦੇਣ ਦੀ ਤਜਵੀਜ਼ ਹੈ। ਖੇਤਾਂ ਵਿਚ ਕੰਮ ਕਰਨ ਵਾਲੇ ਲੋਕਾਂ ਨੂੰ ਵੀ ਇਸ ਬਿੱਲ ਰਾਹੀਂ ਫਾਇਦਾ ਹੋਣ ਦੀ ਉਮੀਦ ਹੈ। ਇਸ ਦੇ ਨਾਲ-ਨਾਲ ਟੀ.ਪੀ.ਆਰ. ਅਧੀਨ ਵੀ ਕੁੱਝ ਲੋਕਾਂ ਨੂੰ ਪੱਕਿਆਂ ਕੀਤਾ ਜਾ ਸਕਦਾ ਹੈ। ਐੱਫ-4 ਵੀਜ਼ਾ ਦੇ ਪਰਿਵਾਰਕ ਮੈਂਬਰ ਵਾਲੇ ਕੇਸਾਂ ਦੀ ਰਫਤਾਰ ਤੇਜ਼ ਕੀਤੀ ਜਾਵੇਗੀ, ਤਾਂਕਿ ਉਹ ਜਲਦ ਇਥੇ ਆ ਸਕਣ। ਇਸ ਕੈਟਾਗਰੀ ਵਿਚ ਹਜ਼ਾਰਾਂ ਭਾਰਤੀ ਵੀ ਸ਼ਾਮਲ ਹਨ।
ਇਸ ਬਿੱਲ ਰਾਹੀਂ ਅਸਾਇਲਮ ਲੈਣ ਵਾਲੇ ਲੋਕਾਂ ਨੂੰ ਵੀ ਫਾਇਦਾ ਹੋਣ ਜਾ ਰਿਹਾ ਹੈ। ਪਹਿਲਾਂ 1 ਸਾਲ ਦੇ ਅੰਦਰ-ਅੰਦਰ ਅਸਾਇਲਮ ਲਈ ਅਪਲਾਈ ਕਰਨਾ ਪੈਂਦਾ ਸੀ। ਪਰ ਇਸ ਬਾਰ ਨੂੰ ਖੋਲ੍ਹ ਦਿੱਤਾ ਗਿਆ ਹੈ। ਹੁਣ 1 ਸਾਲ ਦੇ ਬਾਅਦ ਵੀ ਅਸਾਇਲਮ ਲਈ ਅਪਲਾਈ ਕੀਤਾ ਜਾ ਸਕਦਾ ਹੈ।
ਅਮਰੀਕਾ ਵਿਚ ਸੈਲਾਨੀ ਵੀਜ਼ੇ ’ਤੇ ਆ ਕੇ ਵੱਧ ਸਮਾਂ ਰਹਿਣ ਵਾਲੇ ਲੋਕਾਂ ’ਤੇ ਲੱਗਣ ਵਾਲੀ ਡਿਪੋਰਟੇਸ਼ਨ ਨੂੰ ਖਤਮ ਕਰਨ ਦੀ ਤਜਵੀਜ਼ ਵੀ ਇਸ ਬਿੱਲ ਵਿਚ ਸ਼ਾਮਲ ਹੈ। ਕੱਚੇ ਲੋਕਾਂ ਲਈ ਇਕ ਐੱਲ.ਪੀ.ਆਈ. ਸਟੇਟਸ ਬਣਾਉਣ ਦੀ ਤਜਵੀਜ਼ ਹੈ। ਇਸ ਤਹਿਤ 1 ਜਨਵਰੀ, 2021 ਤੋਂ ਪਹਿਲਾਂ ਅਮਰੀਕਾ ਵਿਚ ਕੱਚੇ ਰਹਿ ਰਹੇ ਲੋਕਾਂ ਨੂੰ ਪੱਕਾ ਕੀਤਾ ਜਾ ਸਕਦਾ ਹੈ। ਪਰ ਉਸ ਵਿਚ ਕੁੱਝ ਸ਼ਰਤਾਂ ਹੋਣਗੀਆਂ। ਬਿਨੈਕਾਰ ਨੂੰ 5 ਸਾਲ ਦਾ ਵਰਕ ਪਰਮਿਟ ਅਤੇ ਅਮਰੀਕਾ ਤੋਂ ਬਾਹਰ ਆਉਣ-ਜਾਣ ਦੀ ਇਜਾਜ਼ਤ ਵੀ ਦਿੱਤੀ ਜਾ ਸਕਦੀ ਹੈ। ਇਹ ਵਰਕ ਪਰਮਿਟ ਰੀਨਿਊ ਵੀ ਹੋ ਸਕਦਾ ਹੈ।
ਨਾਨ ਇੰਮੀਗਰੈਂਟ ਵੀਜ਼ੇ ਲਈ ਹਾਲੇ ਕੋਈ ਤਜਵੀਜ਼ ਪੇਸ਼ ਨਹੀਂ ਕੀਤੀ ਗਈ। ਸਮਾਂ ਆਉਣ ’ਤੇ ਉਨ੍ਹਾਂ ’ਤੇ ਵੀ ਵਿਚਾਰ ਹੋ ਸਕਦਾ ਹੈ। ਇਸ ਬਿੱਲ ਦੇ ਪੇਸ਼ ਹੋਣ ਨਾਲ ਲੱਖਾਂ ਲੋਕਾਂ ਵਿਚ ਖੁਸ਼ੀ ਦੀ ਲਹਿਰ ਦੌੜ ਗਈ ਹੈ।


Share