ਬਾਇਡਨ ਪ੍ਰਸ਼ਾਸਨ ਦੀ ਪਹਿਲੀ ਵਾਰਤਾ ’ਚ ਚੀਨ ਤੇ ਅਮਰੀਕਾ ਵਿਚਾਲੇ ਤਣਾਅ

397
Share

ਵਾਸ਼ਿੰਗਟਨ, 20 ਮਾਰਚ (ਪੰਜਾਬ ਮੇਲ)- ਅਮਰੀਕਾ ਦੇ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਨੇ ਅੱਜ ਚੀਨ ਦੇ ਸਿਖਰਲੇ ਕੂਟਨੀਤਕਾਂ ਨੂੰ ਸਪੱਸ਼ਟ ਤੌਰ ’ਤੇ ਕਿਹਾ ਕਿ ਉਸ ਦੇ ਕਦਮ ਨਿਯਮ ਆਧਾਰਿਤ ਉਸ ਪ੍ਰਬੰਧ ਲਈ ਖਤਰਾ ਹਨ ਜੋ ਆਲਮੀ ਸਥਿਤਰਾ ਕਾਿੲਮ ਰੱਖਦਾ ਹੈ। ਬਾਇਡਨ ਦੇ ਅਮਰੀਕੀ ਰਾਸ਼ਟਰਪਤੀ ਵਜੋਂ ਅਹੁਦਾ ਸੰਭਾਲਣ ਤੋਂ ਬਾਅਦ ਅਮਰੀਕਾ ਤੇ ਚੀਨ ਦੇ ਸਿਖਰਲੇ ਅਧਿਕਾਰੀਆਂ ਦੀ ਆਹਮੋ-ਸਾਹਮਣੇ ਹੋਈ ਪਹਿਲੀ ਮੀਟਿੰਗ ’ਚ ਦੋਵਾਂ ਧਿਰਾਂ ਨੇ ਇੱਕ-ਦੂਜੇ ਪ੍ਰਤੀ ਅਤੇ ਦੁਨੀਆ ਬਾਰੇ ਇੱਕ-ਦੂਜੇ ਤੋਂ ਬਿਲਕੁਲ ਉਲਟ ਵਿਚਾਰ ਪੇਸ਼ ਕੀਤੇ। ਅਲਾਸਕਾ ਦੇ ਐਂਕਰੇਜ ’ਚ ਚੱਲ ਰਹੀ ਅਮਰੀਕਾ-ਚੀਨ ਵਾਰਤਾ ’ਚ ਬਲਿੰਕਨ ਨੇ ਕਿਹਾ ਕਿ ਉਨ੍ਹਾਂ ਦੇ ਵਫ਼ਦ ਵੱਲੋਂ ਚੁੱਕੇ ਗਏ ਮੁੱਦੇ ਦੋਵਾਂ ਮੁਲਕਾਂ ਲਈ ਪ੍ਰਸੰਗਿਕ ਹਨ। ਬਲਿੰਕਨ ਨੇ ਕਿਹਾ ਕਿ ਬਾਇਡਨ ਪ੍ਰਸ਼ਾਸਨ ਅਮਰੀਕਾ ਦੇ ਹਿੱਤਾਂ ਨੂੰ ਮਜ਼ਬੂਤ ਕਰਨ ਤੇ ਨਿਯਮ ਆਧਾਰਿਤ ਕੌਮਾਂਤਰੀ ਪ੍ਰਬੰਧ ਨੂੰ ਮਜ਼ਬੂਤ ਕਰਨ ਲਈ ਕੂਟਨੀਤੀ ਨਾਲ ਅਗਵਾਈ ਕਰਨਾ ਚਾਹੁੰਦਾ ਹੈ। ਇਸ ਮੀਟਿੰਗ ’ਚ ਕੌਮੀ ਸੁਰੱਖਿਆ ਸਲਾਹਕਾਰ ਜੈਕ ਸੁਲੀਵਨ ਵੀ ਸ਼ਾਮਲ ਹੋਏ। ਦੋਵੇਂ ਆਗੂਆਂ ਨੇ ਚੀਨੀ ਹਮਰੁਤਬਾ ਵਾਂਗ ਯੀ ਤੇ ਯਾਂਗ ਜਿਏਚੀ ਨਾਲ ਮੁਲਾਕਾਤ ਕੀਤੀ। ਬਲਿੰਕਨ ਨੇ ਕਿਹਾ, ‘ਅਸੀਂ ਸ਼ਿਨਜਿਆਂਗ, ਹਾਂਗਕਾਂਗ, ਤਾਇਵਾਨ ’ਚ ਚੀਨ ਦੀ ਕਾਰਵਾਈ, ਅਮਰੀਕਾ ’ਤੇ ਸਾਈਬਰ ਹਮਲੇ ਅਤੇ ਸਾਡੇ ਸਹਿਯੋਗੀਆਂ ਨੂੰ ਆਰਥਿਕ ਤੌਰ ’ਤੇ ਕਮਜ਼ੋਰ ਕੀਤੇ ਜਾਣ ਬਾਰੇ ਵੀ ਚਰਚਾ ਕਰਾਂਗੇ।’

ਦੂਜੇ ਪਾਸੇ ਯਾਂਗ ਨੇ ਕਿਹਾ ਕਿ ਚੀਨ ਕੁਝ ਮੁਲਕਾਂ ਵੱਲੋਂ ਪੈਰਵੀ ਕੀਤੀ ਗਈ ਅਖੌਤੀ ਨਿਯਮ ਆਧਾਰਿਤ ਕੌਮਾਂਤਰੀ ਪ੍ਰਣਾਲੀ ਨੂੰ ਨਹੀਂ ਮੰਨਦਾ। ਉਨ੍ਹਾਂ ਕਿਹਾ, ‘ਚੀਨ ਤੇ ਕੌਮਾਂਤਰੀ ਭਾਈਚਾਰਾ ਜਿਸ ਦਾ ਪਾਲਣ ਕਰਦਾ ਹੈ ਕਿ ਉਹ ਸੰਯੁਕਤ ਰਾਸ਼ਟਰ ਕੇਂਦਰਿਤ ਕੌਮਾਂਤਰੀ ਪ੍ਰਬੰਧ ਹੈ ਨਾ ਕਿ ਕੁਝ ਦੇਸ਼ਾਂ ਦਾ ਅਖੌਤੀ ਨਿਯਮ ਆਧਾਰਿਤ ਕੌਮਾਂਤਰੀ ਪ੍ਰਬੰਧ।’ ਯਾਂਗ ਨੇ ਕਿਹਾ ਕਿ ਚੀਨ ਆਪਣੇ ਮੁਲਕ ਦੇ ਅੰਦਰੂਨੀ ਮਾਮਲਿਆਂ ’ਚ ਅਮਰੀਕਾ ਦੇ ਦਖਲ ਦਾ ਵਿਰੋਧ ਕਰਦਾ ਹੈ। ਇਸ ’ਤੇ ਸੁਲੀਵਨ ਨੇ ਕਿਹਾ ਕਿ ਵਾਸ਼ਿੰਗਟਨ, ਚੀਨ ਨਾਲ ਕੋਈ ਟਕਰਾਅ ਨਹੀਂ ਚਾਹੁੰਦਾ ਪਰ ਉਹ ਆਪਣੇ ਲੋਕਾਂ ਤੇ ਆਪਣੇ ਦੋਸਤਾਂ ਦੇ ਸਿਧਾਂਤਾਂ ਲਈ ਹਮੇਸ਼ਾ ਖੜ੍ਹੇ ਹੋਣਗੇ।


Share