ਬਾਇਡਨ ਨੇ ਰੂਸੀ ਰਾਸ਼ਟਰਪਤੀ ’ਤੇ ਅਮਰੀਕੀ ਸੰਸਦੀ ਤੇ ਸੂਬਾਈ ਚੋਣਾਂ ’ਚ ਖਲਲ ਪਾਉਣ ਦੇ ਲਾਏ ਗੰਭੀਰ ਦੋਸ਼

224
Share

ਵਾਸ਼ਿੰਗਟਨ, 29 ਜੁਲਾਈ (ਪੰਜਾਬ ਮੇਲ)-ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਨੇ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ’ਤੇ ਗੰਭੀਰ ਦੋਸ਼ ਲਗਾਏ ਹਨ। ਬਾਇਡਨ ਨੇ ਕਿਹਾ ਹੈ ਕਿ ਪੁਤਿਨ ਭਰਮਾਊ ਜਾਣਕਾਰੀਆਂ ਫੈਲਾਅ ਕੇ 2022 ’ਚ ਅਮਰੀਕੀ ਪ੍ਰਤੀਨਿਧੀ ਸਭਾ ਤੇ ਸੂਬਿਆਂ ਦੀਆਂ ਹੋਣ ਜਾ ਰਹੀਆਂ ਚੋਣਾਂ ’ਚ ਖਲਲ ਪਾਉਣ ਦੀ ਕੋਸ਼ਿਸ਼ ਕਰ ਰਹੇ ਹਨ।
ਉਨ੍ਹਾਂ ਕਿਹਾ ਕਿ ਪੁਤਿਨ ਹੀ ਅਸਲ ਸਮੱਸਿਆਵਾਂ ਦੀ ਜੜ੍ਹ ਹਨ। ਉਹ ਇਕ ਅਜਿਹੀ ਅਰਥਵਿਵਸਥਾ ਦੇ ਸਰਵਉੱਚ ਅਹੁਦੇ ’ਤੇ ਬੈਠੇ ਹਨ, ਜਿਨ੍ਹਾਂ ਕੋਲ ਪਰਮਾਣੂ ਸ਼ਕਤੀ ਤੋਂ ਇਲਾਵਾ ਕੁਝ ਵੀ ਨਹੀਂ ਹੈ। ਪੁਤਿਨ ਜਾਣਦੇ ਹਨ ਕਿ ਉਹ ਗੰਭੀਰ ਸਮੱਸਿਆਵਾਂ ’ਚ ਘਿਰੇ ਹੋਏ ਹਨ। ਇਹੀ ਹਾਲਾਤ ਉਨ੍ਹਾਂ ਨੂੰ ਹੋਰ ਖ਼ਤਰਨਾਕ ਬਣਾ ਰਹੀ ਹੈ।
ਬਾਇਡਨ ਨੇ ਹੁਣੇ ਜਿਹੇ ਰੈਨਸਮਵੇਅਰ ਦੇ ਹਮਲਿਆਂ ’ਤੇ ਚਿੰਤਾ ਪ੍ਰਗਟਾਈ। ਇਨ੍ਹਾਂ ਹਮਲਿਆਂ ’ਚ ਸਾਇਬਰ ਅਪਰਾਧੀਆਂ ਨੇ ਡਾਟਾ ਚੋਰੀ ਕੀਤੇ ਜਾਣ ਤੇ ਉਨ੍ਹਾਂ ਲਈ ਮੋਟੀ ਰਕਮ ਫਿਰੌਤੀ ’ਚ ਮੰਗੀ।
ਬਾਇਡਨ ਨੇ ਇਹ ਗੱਲ ਆਫਿਸ ਆਫ ਅਮੈਰੀਕਨ ਡਾਇਰੈਕਟਰ ਆਫ ਨੈਸ਼ਨਲ ਇੰਟੈਲੀਜੈਂਸ (ਓ.ਡੀ.ਐੱਨ.ਆਈ.) ਦੇ ਦਫ਼ਤਰ ’ਚ ਰੈਗੂਲਰ ਬ੍ਰੀਫਿੰਗ ਦੌਰਾਨ ਕਹੀ। ਉਨ੍ਹਾਂ ਕਿਹਾ ਕਿ ਦੇਖੋ ਰੂਸ ਕਿਸ ਤਰ੍ਹਾਂ ਮੱਧਕਾਲੀ ਚੋਣਾਂ ਨੂੰ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਉਹ ਗ਼ਲਤ ਤੇ ਭਰਮਾਊ ਸੂਚਨਾਵਾਂ ਦਾ ਪ੍ਰਸਾਰਨ ਕਰ ਰਿਹਾ ਹੈ। ਅਮਰੀਕੀ ਰਾਸ਼ਟਰਪਤੀ ਨੇ ਕਿਹਾ ਕਿ ਇਹ ਮਾਸਕੋ ਦਾ ਸਿੱਧੇ ਤੌਰ ’ਤੇ ਸਾਡੀ ਖ਼ੁਦਮੁਖ਼ਤਿਆਰੀ ’ਤੇ ਹਮਲਾ ਹੈ। ਉੱਤਰੀ ਵਰਜੀਨੀਆ ਦੇ ਓ.ਡੀ.ਐੱਨ.ਆਈ. ਦੇ ਹੈੱਡਕੁਆਰਟਰ ’ਚ ਹੋਈ ਇਸ ਮੀਟਿੰਗ ’ਚ ਯੂ.ਐੱਸ. ਇੰਟੈਲੀਜੈਂਸੀ ਕਮੇਟੀ ਦੇ 120 ਨੁਮਾਇੰਦੇ ਮੌਜੂਦ ਸਨ।
ਜ਼ਿਕਰਯੋਗ ਹੈ ਕਿ 2022 ’ਚ ਪ੍ਰਤੀਨਿਧੀ ਸਭਾ ਦੀਆਂ ਸਾਰੀਆਂ 435 ਸੀਟਾਂ, ਸੈਨੇਟ ਦੀਆਂ ਖਾਲੀ ਹੋਣ ਵਾਲੀਆਂ 34 ਸੀਟਾਂ ਤੇ 36 ਸੂਬਿਆਂ ’ਚ ਚੋਣਾਂ ਹੋਣ ਜਾ ਰਹੀਆਂ ਹਨ।


Share