ਬਾਇਡਨ ਨੇ ਟਰੰਪ ਪ੍ਰਸ਼ਾਸਨ ਵੱਲੋਂ ਲਾਗੂ ‘ਮਹਾਮਾਰੀ ਜਨਤਕ ਸਿਹਤ ਆਦੇਸ਼’ ਨੂੰ ਖਤਮ ਕਰਨ ਦਾ ਕੀਤਾ ਐਲਾਨ

194
Share

-‘ਮਹਾਮਾਰੀ ਜਨਤਕ ਸਿਹਤ ਆਦੇਸ਼’ ਖਤਮ ਹੋਣ ਬਾਅਦ ਅਪ੍ਰਵਾਸੀ ਵੱਡੀ ਪੱਧਰ ’ਤੇ ਆ ਸਕਦਾ ਨੇ ਅਮਰੀਕਾ
ਸੈਕਰਾਮੈਂਟੋ, 9 ਅਪ੍ਰੈਲ (ਹੁਸਨ ਲੜੋਆ ਬੰਗਾ/ਪੰਜਾਬ ਮੇਲ)- ਕੋਵਿਡ ਮਹਾਂਮਾਰੀ ਕਾਰਨ ਤੱਤਕਾਲ ਟਰੰਪ ਪ੍ਰਸ਼ਾਸਨ ਦੁਆਰਾ ਅਮਰੀਕਾ ’ਚ ਅਪ੍ਰਵਾਸੀਆਂ ਦੇ ਪ੍ਰਵੇਸ਼ ਨੂੰ ਰੋਕਣ ਵਾਸਤੇ ਲਾਗੂ ਕੀਤਾ ਗਿਆ ‘ਮਹਾਮਾਰੀ ਜਨਤਕ ਸਿਹਤ ਆਦੇਸ਼’ ਜਿਸ ਨੂੰ ‘ਟਾਇਟਲ 42’ ਵੀ ਕਿਹਾ ਜਾਂਦਾ ਹੈ, ਨੂੰ ਬਾਇਡਨ ਪ੍ਰਸ਼ਾਸਨ ਨੇ ਅਗਲੇ ਮਹੀਨੇ ਖਤਮ ਕਰਨ ਦਾ ਐਲਾਨ ਕੀਤਾ ਹੈ। ਇਸ ਉਪਰੰਤ ਅਮਰੀਕਾ ’ਚ ਅਪ੍ਰਵਾਸੀਆਂ ਦੇ ਪ੍ਰਵੇਸ਼ ’ਚ ਵੱਡੀ ਗਿਣਤੀ ਵਿਚ ਵਾਧਾ ਹੈ ਸਕਦਾ ਹੈ, ਜੋ ਅਪ੍ਰਵਾਸੀ ਪਿਛਲੇ ਦੋ ਸਾਲਾਂ ਦੇ ਵੀ ਵੱਧ ਸਮੇਂ ਤੋਂ ਅਮਰੀਕਾ ’ਚ ਦਾਖਲ ਹੋਣ ’ਤੇ ਸ਼ਰਨ ਲੈਣ ਦੀ ਉਡੀਕ ਵਿਚ ਹਨ। ਟਰੰਪ ਪ੍ਰਸ਼ਾਸਨ ਨੇ ਇਹ ਆਦੇਸ਼ ਲਾਗੂ ਕਰਨ ਸਮੇਂ ਕਿਹਾ ਸੀ ਕਿ ਇਸ ਨਾਲ ਮੈਕਸੀਕੋ ਤੇ ਕੈਨੇਡਾ ਨਾਲ ਲੱਗਦੀਆਂ ਅਮਰੀਕੀ ਸਰਹੱਦਾਂ ’ਤੇ ਕੋਵਿਡ ਵਾਇਰਸ ਨੂੰ ਫੈਲਣ ਤੋਂ ਰੋਕਣ ਵਿਚ ਮਦਦ ਮਿਲੇਗੀ। ਇਹ ਆਦੇਸ਼ ਬਹੁਤ ਹੀ ਕਾਰਗਰ ਸਾਬਤ ਹੋਇਆ ਤੇ ਅਪ੍ਰਵਾਸੀਆਂ ਦੇ ਅਮਰੀਕਾ ਵਿਚ ਪ੍ਰਵੇਸ ’ਤੇ ਪਾਬੰਦੀ ਲੱਗ ਗਈ ਸੀ, ਹਾਲਾਂਕਿ ਉਸ ਸਮੇਂ ਟਰੰਪ ਪ੍ਰਸ਼ਾਸਨ ਦੇ ਇਸ ਆਦੇਸ਼ ਦੀ ਜਨਤਕ ਸਿਹਤ ਅਧਿਕਾਰੀਆਂ ਨੇ ਆਲੋਚਨਾ ਕਰਦਿਆਂ ਕਿਹਾ ਸੀ ਕਿ ਇਸ ਪਿੱਛੇ ਰਾਜਸੀ ਮਕਸਦ ਕੰਮ ਕਰ ਰਿਹਾ ਹੈ। ਬਾਇਡਨ ਪ੍ਰਸ਼ਾਸਨ ਨੇ ਪਿਛਲੇ ਹਫਤੇ ਐਲਾਨ ਕੀਤਾ ਹੈ ਕਿ ਇਹ ਆਦੇਸ਼ ਅਗਲੇ ਮਹੀਨੇ 23 ਮਈ ਨੂੰ ਖਤਮ ਕਰ ਦਿੱਤਾ ਜਾਵੇਗਾ। ਇਸ ਐਲਾਨ ਦਾ ਮਨੁੱਖੀ ਹੱਕਾਂ ਨਾਲ ਸਬੰਧਤ ਸੰਸਥਾਵਾਂ ਤੇ ਬਹੁਤ ਸਾਰੇ ਡੈਮੋਕਰੈਟਸ ਨੇ ਸਵਾਗਤ ਕੀਤਾ ਹੈ ਪਰੰਤੂ ਰਿਪਬਲੀਕਨਾਂ ਤੇ ਕੁਝ ਉਦਾਰ ਡੈਮੋਕਰੈਟਸ ਨੇ ਆਲੋਚਨਾ ਕੀਤੀ ਹੈ। ਇਨ੍ਹਾਂ ਦਾ ਕਹਿਣਾ ਹੈ ਕਿ ਵੱਡੀ ਗਿਣਤੀ ’ਚ ਅਪ੍ਰਵਾਸੀਆਂ ਦੇ ਅਮਰੀਕਾ ਵਿਚ ਪ੍ਰਵੇਸ਼ ਨਾਲ ਨਜਿੱਠਣ ਲਈ ਬਾਇਡਨ ਪ੍ਰਸ਼ਾਸਨ ਕੋਲ ਕੋਈ ਕਾਰਗਰ ਯੋਜਨਾ ਨਹੀਂ ਹੈ। ਇਸੇ ਦੌਰਾਨ ਟੈਕਸਾਸ ਦੇ ਗਵਰਨਰ ਗਰੇਗ ਅਬੋਟ ਦੇ ਦਫਤਰ ਨੇ ਕਿਹਾ ਹੈ ਕਿ ਉਸ ਵੱਲੋਂ ਅਪ੍ਰਵਾਸੀਆਂ ਨੂੰ ਬੱਸ ਜਾਂ ਜਹਾਜ਼ ਰਾਹੀਂ ਵਾਸ਼ਿੰਗਟਨ ਡੀ.ਸੀ. ਭੇਜਿਆ ਜਾਵੇਗਾ। ਗਵਰਨਰ ਨੇ ਕਿਹਾ ਹੈ ਕਿ ਅਪ੍ਰਵਾਸੀਆਂ ਨਾਲ ਨਜਿੱਠਣ ਲਈ ਹੋਰ ਕਈ ਕਦਮਾਂ ਤੋਂ ਇਲਾਵਾ ਇਕ ਕਦਮ ਉਨ੍ਹਾਂ ਨੂੰ ਰਾਜ ਤੋਂ ਬਾਹਰ ਭੇਜਣਾ ਵੀ ਹੈ। ਅਬੋਟ ਨੇ ਇਸ ਮਕਸਦ ਲਈ ਟੈਕਸਾਸ ਡਵੀਜ਼ਨ ਦੀ ਐਮਰਜੈਂਸੀ ਮੈਨਜਮੈਂਟ ਨੂੰ ਬੱਸਾਂ ਤੇ ਜਹਾਜ਼ ਤਿਆਰ ਰੱਖਣ ਲਈ ਕਿਹਾ ਹੈ।

Share