ਬਾਇਡਨ ਨੇ ਟਰੰਪ ਕੁਰੀਤੀਆਂ ਤੋਂ ਮੁਕਤ ਕੀਤਾ ਅਮਰੀਕਾ

6575
Share

-ਗੁਰਜਤਿੰਦਰ ਸਿੰਘ ਰੰਧਾਵਾ, ਸੈਕਰਾਮੈਂਟੋ, ਕੈਲੀਫੋਰਨੀਆ: 916-320-9444
ਅਮਰੀਕਾ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਜੋਅ ਬਾਇਡਨ ਨੇ ਰਾਸ਼ਟਰਪਤੀ ਅਹੁਦਾ ਸੰਭਾਲਣ ਤੋਂ ਤਿੰਨ ਹਫਤਿਆਂ ਦੇ ਅੰਦਰ ਹੀ ਅਮਰੀਕਾ ਨੂੰ ਟਰੰਪ ਦੀਆਂ ਪ੍ਰਸ਼ਾਸਨਿਕ, ਨਿਆਂਇਕ ਅਤੇ ਹੂੜਮੱਤੀਆਂ ਤੋਂ ਮੁਕਤ ਕਰਨ ਲਈ ਵੱਡੇ ਕਦਮ ਉਠਾਏ ਹਨ। ਸਭ ਤੋਂ ਵੱਡਾ ਫੈਸਲਾ ਉਨ੍ਹਾਂ ਅਮਰੀਕਾ ਦੀ ਵਿਸ਼ਵ ਸਿਹਤ ਸੰਸਥਾ (ਡਬਲਯੂ.ਐੱਚ.ਓ.) ਵਿਚ ਵਾਪਸੀ ਦਾ ਲਿਆ ਹੈ। ਕਰੋਨਾ ਮਹਾਂਮਾਰੀ ਖਿਲਾਫ ਲੜਨ ਸਮੇਂ ਚੀਨ ਖਿਲਾਫ ਹਮਲਾਵਰ ਨੀਤੀ ਤੇਜ਼ ਕਰਨ ਦੌਰਾਨ ਟਰੰਪ ਆਪਣੀ ਸੁੱਧ-ਬੁੱਧ ਹੀ ਖੋਹ ਬੈਠੇ ਸਨ ਅਤੇ ਉਨ੍ਹਾਂ ਸਿਹਤ ਸੇਵਾਵਾਂ ਬਾਰੇ ਵਕਾਰੀ ਸੰਸਥਾ ਵਿਸ਼ਵ ਸਿਹਤ ਸੰਗਠਨ (ਡਬਲਯੂ.ਐੱਚ.ਓ.) ਵਿਚੋਂ ਬਾਹਰ ਆਉਣ ਦਾ ਹੁਕਮ ਸੁਣਾ ਦਿੱਤਾ ਸੀ। ਟਰੰਪ ਦੇ ਇਸ ਫੈਸਲੇ ਨਾਲ ਅਮਰੀਕਾ ਦੀ ਦੁਨੀਆਂ ਭਰ ਵਿਚ ਅਤੇ ਅਮਰੀਕਾ ਅੰਦਰ ਵੱਡੀ ਆਲੋਚਨਾ ਹੋਈ ਸੀ। ਬਾਇਡਨ ਵੱਲੋਂ ਡਬਲਯੂ.ਐੱਚ.ਓ. ਵਿਚ ਅਮਰੀਕਾ ਦੀ ਵਾਪਸੀ ਦੇ ਐਲਾਨ ਨਾਲ ਕਰੋਨਾ ਮਹਾਂਮਾਰੀ ਦੇ ਦਿਨਾਂ ਵਿਚ ਚੀਨ ਖਿਲਾਫ ਅੰਨ੍ਹੀ ਧੁੱਸ ਵਾਲੀ ਨੀਤੀ ਦਾ ਵੀ ਆਪਣੇ ਆਪ ਹੀ ਭੋਗ ਪੈ ਗਿਆ ਹੈ। ਆਪਣੇ ਚਾਰ ਸਾਲਾ ਰਾਸ਼ਟਰਪਤੀ ਕਾਰਜਕਾਲ ਦੌਰਾਨ ਟਰੰਪ ਨੇ ਸਭ ਤੋਂ ਵੱਧ ਜ਼ੋਰ ‘ਅਮਰੀਕਾ ਅਮਰੀਕੀਆਂ ਦਾ’ ਉੱਪਰ ਦਿੰਦੇ ਹੋਏ, ਅਮਰੀਕਾ ਅੰਦਰ ਬਾਹਰਲੇ ਮੁਲਕਾਂ ਤੋਂ ਆਉਣ ਵਾਲੇ ਹੁਨਰਮੰਦ ਅਤੇ ਗੈਰ ਹੁਨਰਮੰਦ ਕਾਮਿਆਂ ਖਿਲਾਫ ਮੁਹਿੰਮ ਚਲਾਈ ਰੱਖੀ। ਉਨ੍ਹਾਂ ਐੱਚ-1ਬੀ ਵੀਜ਼ਾ ਧਾਰਕਾਂ ਉਪਰ ਵੱਡੀਆਂ ਸ਼ਰਤਾਂ ਲਗਾ ਦਿੱਤੀਆਂ ਅਤੇ ਐੱਚ-1ਬੀ ਵੀਜ਼ਾ ਧਾਰਕਾਂ ਵਿਚੋਂ ਨਾਲ ਆਏ ਪਤੀ ਜਾਂ ਪਤਨੀਆਂ ਨੂੰ ਕੰਮ ਕਰਨ ਦੀ ਇਜਾਜ਼ਤ ਉੱਪਰ ਵੀ ਰੋਕ ਲਗਾ ਦਿੱਤੀ ਗਈ। ਟਰੰਪ ਦੀ ਇਸ ਨੀਤੀ ਦਾ ਸਭ ਤੋਂ ਵੱਧ ਅਸਰ ਹੁਨਰਮੰਦ ਭਾਰਤੀਆਂ ਉਪਰ ਹੋਇਆ। ਕਿਉਕਿ ਦੁਨੀਆਂ ਵਿਚੋਂ ਸਭ ਤੋਂ ਵਧੇਰੇ ਹੁਨਰਮੰਦ ਕਾਮੇ ਇਸ ਨੀਤੀ ਤਹਿਤ ਭਾਰਤ ਵਿਚੋਂ ਹੀ ਜਾਂਦੇ ਹਨ। ਜੋਅ ਬਾਇਡਨ ਨੇ ਕਾਰਜਭਾਰ ਸੰਭਾਲਦਿਆਂ ਹੀ ਟਰੰਪ ਵੱਲੋਂ ਦਿੱਤੇ 15 ਕਾਰਜਕਾਰੀ ਹੁਕਮਾਂ ਵਿਚ ਵਿਦੇਸ਼ ਨੀਤੀ ਨਾਲ ਸੰਬੰਧਤ ਸਭ ਤੋਂ ਵਧੇਰੇ ਫੈਸਲੇ ਕੀਤੇ ਹਨ। ਵਿਸ਼ਵ ਸਿਹਤ ਸੰਗਠਨ ਵਿਚ ਵਾਪਸੀ ਦੇ ਨਾਲ-ਨਾਲ ਦੂਜਾ ਸਭ ਤੋਂ ਅਹਿਮ ਫੈਸਲਾ ਇਹ ਲਿਆ ਕਿ ਅਮਰੀਕਾ ਪੈਰਿਸ ਜਲਵਾਯੂ ਤਬਦੀਲੀ ਸਮਝੌਤੇ ਵਿਚ ਮੁੜ ਸ਼ਾਮਲ ਹੋਵੇਗਾ। ਟਰੰਪ ਨੇ ਇਸ ਸਮਝੌਤੇ ਤੋਂ ਬਾਹਰ ਹੋ ਗਿਆ ਸੀ। ਇਹ ਸਮਝੌਤਾ ਬਰਾਕ ਓਬਾਮਾ ਦੇ ਰਾਸ਼ਟਰਪਤੀ ਕਾਲ ਸਮੇਂ ਹੋਇਆ ਸੀ ਅਤੇ ਸਮਝੌਤਾ ਕਰਨ ਸਮੇਂ ਉਸ ਵੇਲੇ ਉਪ ਰਾਸ਼ਟਰਪਤੀ ਦੇ ਅਹੁਦੇ ਉੱਪਰ ਸੁਸ਼ੋਭਿਤ ਜੋਅ ਬਾਇਡਨ ਨੇ ਇਸ ਉਪਰ ਦਸਤਖਤ ਕੀਤੇ ਸਨ। ਦੁਨੀਆਂ ਅੰਦਰ ਟਰੰਪ ਦੀ ਅਗਵਾਈ ਵਿਚ ਅਮਰੀਕਾ ਵੱਲੋਂ ਇਸ ਸਮਝੌਤੇ ਤੋਂ ਬਾਹਰ ਹੋਣ ਦੀ ਸਖ਼ਤ ਆਲੋਚਨਾ ਕੀਤੀ ਜਾ ਰਹੀ ਸੀ। ਇਸ ਸਮਝੌਤੇ ਵਿਚੋਂ ਬਾਹਰ ਹੋਣ ਨਾਲ ਯੂਰਪੀਅਨ ਦੇਸ਼ਾਂ ਦੀ ਆਲੋਚਨਾ ਵੀ ਅਮਰੀਕਾ ਨੂੰ ਝੱਲਣੀ ਪਈ। ਟਰੰਪ ਨੇ ਅਹੁਦਾ ਸੰਭਾਲਦਿਆਂ ਆਪਣੀ ਕੱਟੜਵਾਦੀ ਸੋਚ ਅਧੀਨ ਸਭ ਤੋਂ ਪਹਿਲਾ ਫੈਸਲਾ ਬਹੁਤ ਸਾਰੇ ਮੁਸਲਿਮ ਦੇਸ਼ਾਂ ਤੋਂ ਲੋਕਾਂ ਦੇ ਆਉਣ ਉੱਪਰ ਪਾਬੰਦੀ ਲਗਾਉਣ ਅਤੇ ਮੈਕਸੀਕੋ ਦੀ ਸਰਹੱਦ ਉਪਰ ਕੰਧ ਕੱਢਣ ਦਾ ਲਿਆ ਸੀ। ਟਰੰਪ ਦੀ ਇਸ ਸੋਚ ਨੂੰ ਅਮਰੀਕਾ ਅੰਦਰ ਨਸਲਵਾਦੀ ਵਿਚਾਰਧਾਰਾ ਨੂੰ ਪ੍ਰਫੁਲਿਤ ਕਰਨ ਵਾਲੀ ਸਮਝਿਆ ਗਿਆ ਅਤੇ ਅਮਰੀਕਾ ਦੇ ਅੰਦਰ ਅਤੇ ਬਾਹਰ ਇਸ ਦੀ ਵਿਰੋਧਤਾ ਹੁੰਦੀ ਰਹੀ। ਜੋਅ ਬਾਇਡਨ ਨੇ ਪਹਿਲੇ ਦਿਨ ਲਏ ਅਹਿਮ ਫੈਸਲਿਆਂ ਵਿਚ ਮੁਸਲਿਮ ਦੇਸ਼ਾਂ ਵਿਚੋਂ ਆਉਣ ਵਾਲੇ ਯਾਤਰੀਆਂ ਉਪਰ ਲਗਾਈ ਪਾਬੰਦੀ ਖਤਮ ਕਰ ਦਿੱਤੀ ਹੈ ਅਤੇ ਮੈਕਸੀਕੋ ਸਰਹੱਦ ਉਪਰ ਕੰਧ ਦਾ ਨਿਰਮਾਣ ਰੋਕਣ ਦੇ ਵੀ ਤੁਰੰਤ ਹੁਕਮ ਦਿੱਤੇ। ਅਜਿਹੇ ਫੈਸਲੇ ਕਰਦਿਆਂ ਜੋਅ ਬਾਇਡਨ ਨੇ ਕਿਹਾ ਹੈ ਕਿ ਮੈਂ ਇਨ੍ਹਾਂ ਕਾਰਜਕਾਰੀ ਕਦਮਾਂ ਉਪਰ ਮਾਣ ਮਹਿਸੂਸ ਕਰਦਾ ਹਾਂ ਅਤੇ ਮੈਨੂੰ ਫਖ਼ਰ ਹੈ ਕਿ ਅਮਰੀਕਾ ਦੀ ਜਨਤਾ ਨਾਲ ਕੀਤਾ ਵਾਅਦਾ ਪੂਰਾ ਕਰ ਦਿੱਤਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਯਾਤਰਾ ਅਜੇ ਲੰਬੀ ਹੈ, ਹੋਰ ਵੀ ਬਹੁਤ ਕੁੱਝ ਕਰਨ ਦੀ ਜ਼ਰੂਰਤ ਹੈ। ਜਾਰੀ ਕੀਤੇ ਗਏ 15 ਕਾਰਜਕਾਰੀ ਹੁਕਮਾਂ ਵਿਚ ਅਮਰੀਕੀ ਨਾਗਰਿਕਾਂ ਨੂੰ 100 ਦਿਨ ਤੱਕ ਮਾਸਕ ਲਗਾ ਕੇ ਰੱਖਣ ਦੀ ਅਪੀਲ ਕੀਤੀ ਹੈ। ਅਮਰੀਕੀ ਰਾਸ਼ਟਰਪਤੀ ਵੱਲੋਂ ਲਏ ਗਏ ਫੈਸਲਿਆਂ ਨਾਲ ਅਮਰੀਕਾ ਦੀ ਵਿਦੇਸ਼ ਨੀਤੀ ਦੀ ਦਿਸ਼ਾ ਤੈਅ ਹੋ ਗਈ ਹੈ। ਹਾਲਾਂਕਿ ਬਾਇਡਨ ਨੇ ਸੰਸਾਰ ਅੰਦਰ ਵੱਧ ਰਹੇ ਤਾਨਾਸ਼ਾਹੀ ਰੁਝਾਨਾਂ ਉੱਪਰ ਵੀ ਚਿੰਤਾ ਜ਼ਾਹਿਰ ਕੀਤੀ ਹੈ ਅਤੇ ਕਿਹਾ ਹੈ ਕਿ ਅਮਰੀਕੀ ਕਦਰਾਂ-ਕੀਮਤਾਂ ਦੀ ਰੱਖਿਆ ਕਰਦਿਆਂ ਉਹ ਪੂਰੀ ਦੁਨੀਆਂ ਵਿਚ ਜਮਹੂਰੀ ਕਦਰਾਂ-ਕੀਮਤਾਂ ਦੀ ਸਲਾਮਤੀ ਅਤੇ ਵਾਧੇ ਲਈ ਕਦਮ ਚੁੱਕਣਗੇ। ਆਪਣੇ ਇਸ ਬਿਆਨ ਵਿਚ ਉਨ੍ਹਾਂ ਭਾਵੇਂ ਕਿਸੇ ਖਾਸ ਮੁਲਕ ਦਾ ਜ਼ਿਕਰ ਤਾਂ ਨਹੀਂ ਕੀਤਾ, ਪਰ ਉਨ੍ਹਾਂ ਦਾ ਇਸ਼ਾਰਾ ਰੂਸ, ਚੀਨ ਅਤੇ ਭਾਰਤ ਵਿਚ ਵੱਧ ਰਹੀਆਂ ਤਾਨਾਸ਼ਾਹੀ ਰੁਚੀਆਂ ਵੱਲ ਹੀ ਸਮਝਿਆ ਜਾ ਰਿਹਾ ਹੈ।
ਅਮਰੀਕੀ ਰਾਸ਼ਟਰਪਤੀ ਵੱਲੋਂ ਵਿਦੇਸ਼ ਨੀਤੀ ਦੇ ਦਿਸ਼ਾ-ਨਿਰਦੇਸ਼ ਤੈਅ ਹੋਣ ਨਾਲ 2022 ਦੇ ਸਾਲ ਲਈ ਐੱਚ-1ਬੀ ਵੀਜ਼ੇ ਦੀ ਰਜਿਸਟੇ੍ਰਸ਼ਨ ਵੀ 9 ਮਾਰਚ ਤੋਂ ਸ਼ੁਰੂ ਕਰ ਦਿੱਤੀ ਹੈ। ਲਾਟਰੀ ਰਾਹੀਂ ਲਾਭਪਾਤਰੀਆਂ ਦੀ ਚੋਣ ਹੋਵੇਗੀ ਅਤੇ 31 ਮਾਰਚ ਨੂੰ ਯੋਗ ਵਿਅਕਤੀਆਂ ਦਾ ਐਲਾਨ ਵੀ ਕਰ ਦਿੱਤਾ ਜਾਵੇਗਾ। ਐੱਚ-1ਬੀ ਵੀਜ਼ੇ ਜ਼ਰੀਏ ਭਾਰਤ ਦੇ ਹੁਨਰਮੰਦ ਕਿੱਤਾਕਾਰ ਅਮਰੀਕਾ ਆਉਦੇ ਹਨ। ਵੀਜ਼ਾ ਰਜਿਸਟ੍ਰੇਸ਼ਨ ਖੁੱਲ੍ਹਣ ਨਾਲ ਭਾਰਤੀ ਕਿੱਤਾਕਾਰਾਂ ਨੂੰ ਵੱਡਾ ਮੌਕਾ ਮਿਲਣ ਦੀ ਸੰਭਾਵਨਾ ਹੈ। ਅਮਰੀਕਾ ਇਸ ਯੋਜਨਾ ਤਹਿਤ ਹਰੇਕ ਸਾਲ 65 ਹਜ਼ਾਰ ਐੱਚ-1ਬੀ ਵੀਜ਼ਾ ਜਾਰੀ ਕਰਦਾ ਹੈ। ਇਸ ਤੋਂ ਬਿਨਾਂ 20 ਹਜ਼ਾਰ ਐੱਚ-1ਬੀ ਵੀਜ਼ਾ ਵਿਦੇਸ਼ੀ ਵਿਦਿਆਰਥੀਆਂ ਨੂੰ ਵੀ ਮਿਲਦੇ ਹਨ, ਜੋ ਉੱਚ ਸਿੱਖਿਅਤ ਹੁੰਦੇ ਹਨ ਅਤੇ ਅਮਰੀਕਾ ਅੰਦਰ ਉੱਚ ਪੜ੍ਹਾਈ ਅਤੇ ਖੋਜ ਕਰਨਾ ਚਾਹੁੰਦੇ ਹਨ। ਨਵੇਂ ਪ੍ਰਸ਼ਾਸਨ ਨੇ ਐੱਚ-1ਬੀ ਵੀਜ਼ਾ ਧਾਰਕਾਂ ਦੇ ਆਸ਼ਰਿਤ ਪਤੀ ਜਾਂ ਪਤਨੀ ਨੂੰ ਵੀ ਕੰਮ ਕਰਨ ਦੀ ਆਗਿਆ ਦੇ ਦਿੱਤੀ ਹੈ। ਬਾਇਡਨ ਦੀ ਨਵੀਂ ਨੀਤੀ ਅਨੁਸਾਰ ਅਗਲੇ 4 ਸਾਲਾਂ ਵਿਚ ਅਮਰੀਕਾ ਆਉਣ ਵਾਲੇ ਲੋਕਾਂ ਦੀ ਗਿਣਤੀ ਦੁੱਗਣੀ ਹੋ ਜਾਵੇਗੀ। ਟਰੰਪ ਦੀ ਸਖ਼ਤ ਇੰਮੀਗ੍ਰੇਸ਼ਨ ਨੀਤੀ ਕਾਰਨ ਲੱਖਾਂ ਭਾਰਤੀਆਂ ਦਾ ‘ਅਮਰੀਕਨ ਡਰੀਮ’ ਟੁੱਟਿਆ ਸੀ। ਨਵੀਂ ਬਾਇਡਨ ਨੀਤੀ ਮੁਤਾਬਕ ਉਨ੍ਹਾਂ ਦੇ ਕਾਰਜਕਾਲ ਦੌਰਾਨ 10 ਲੱਖ ਭਾਰਤੀਆਂ ਨੂੰ ਨਾਗਰਿਕਤਾ ਅਤੇ ਵੀਜ਼ਾ ਮਿਲ ਸਕਦਾ ਹੈ। ਇਹ ਗਿਣਤੀ ਹੁਣ ਤੱਕ ਆਏ ਲੋਕਾਂ ਵਿਚ ਸਭ ਤੋਂ ਵੱਧ ਹੋਵੇਗੀ। ਵੱਡੀ ਗੱਲ ਇਹ ਹੋਈ ਹੈ ਕਿ ਬਿਨਾਂ ਡਾਕੂਮੈਂਟਸ ਦੇ ਰਹਿ ਰਹੇ 5 ਲੱਖ ਭਾਰਤੀਆਂ ਨੂੰ ਅਮਰੀਕਾ ਵਿਚ ਰਹਿਣ ਦਾ ਹੱਕ ਮਿਲ ਸਕੇਗਾ। ਇਸ ਨੀਤੀ ਤਹਿਤ ਪਰਿਵਾਰ ਆਧਾਰਿਤ ਇੰਮੀਗ੍ਰੇਸ਼ਨ ਨੂੰ ਬੜਾਵਾ ਮਿਲੇਗਾ।
ਇਕ ਹੋਰ ਵੱਡਾ ਫੈਸਲਾ ਇਹ ਲਿਆ ਗਿਆ ਹੈ ਕਿ ਟਰੰਪ ਪ੍ਰਸ਼ਾਸਨ ਵੇਲੇ ਜਿਨ੍ਹਾਂ ਦੇਸ਼ਾਂ ਉਪਰ ਵੀਜ਼ਾ ਲਿਮਟ ਲਗਾ ਦਿੱਤੀ ਗਈ ਸੀ, ਉਹ ਵੀਜ਼ਾ ਲਿਮਟ ਹੁਣ ਖਤਮ ਕਰ ਦਿੱਤੀ ਗਈ ਹੈ। ਇਸ ਵੀਜ਼ਾ ਲਿਮਟ ’ਚ ਭਾਰਤੀਆਂ ਦੀ ਲਿਮਟ ਸਵਿਟਜ਼ਰਲੈਂਡ, ਲਿਥੁਆਨੀਆ ਵਰਗੇ ਛੋਟੇ ਦੇਸ਼ਾਂ ਜਿੰਨੀ ਸੀ। ਇਸ ਸਮੇਂ ਅਮਰੀਕਾ ਵਿਚ 3 ਲੱਖ 10 ਹਜ਼ਾਰ ਗਰੀਨ ਕਾਰਡ ਧਾਰਕ ਨਾਗਰਿਕਤਾ ਲਈ ਉਡੀਕ ਵਿਚ ਹਨ। ਜਦਕਿ ਸਾਢੇ 6 ਲੱਖ ਪੋਸਟਾਂ ਕੰਪਿਊਟਰ ਇੰਡਸਟਰੀ ਵਿਚ ਖਾਲੀ ਹਨ ਤੇ ਪੋਸਟਾਂ ਭਰਨ ਲਈ ਅਮਰੀਕਾ ’ਚ ਹੁਨਰਮੰਦ ਕਾਮੇ ਨਹੀਂ ਹਨ। ਨਵੀਂ ਨੀਤੀ ਤਹਿਤ ਅਜਿਹੇ ਖੇਤਰਾਂ ਵਿਚ ਇੰਮੀਗ੍ਰੇਸ਼ਨ ਨੂੰ ਹੋਰ ਬੜਾਵਾ ਮਿਲ ਸਕਦਾ ਹੈ।¿;
ਬਾਇਡਨ ਨੇ ਅਮਰੀਕਾ ਵਿਚ ਕਰੋਨਾ ਮਹਾਂਮਾਰੀ ਪ੍ਰਤੀ ਚੱਲ ਰਹੀ ਪ੍ਰਸ਼ਾਸਨਿਕ ਲਾਪ੍ਰਵਾਹੀ ਨੂੰ ਵੀ ਖਤਮ ਕਰਨ ਦਾ ਬੀੜਾ ਚੁੱਕਿਆ ਹੈ। ਉਨ੍ਹਾਂ ਜਿੱਥੇ ਸਮੂਹ ਅਮਰੀਕੀਆਂ ਨੂੰ ਇਸ ਵਾਇਰਸ ਬਾਰੇ ਗੰਭੀਰ ਹੋਣ ਦਾ ਸੱਦਾ ਦਿੱਤਾ ਹੈ, ਉਥੇ ਨਾਲ ਹੀ ਇਸ ਮਹਾਂਮਾਰੀ ਕਾਰਨ 2 ਕਰੋੜ ਦੇ ਕਰੀਬ ਬੇਰੁਜ਼ਗਾਰ ਹੋ ਗਏ ਲੋਕਾਂ ਨੂੰ ਸਹਾਇਤਾ ਦੇਣ ਵੱਲ ਕਦਮ ਪੁੱਟਣੇ ਸ਼ੁਰੂ ਕਰ ਦਿੱਤੇ ਹਨ। ਟਰੰਪ ਪ੍ਰਸ਼ਾਸਨ ਨੇ ਅਜਿਹੇ ਲੋਕਾਂ ਨੂੰ 600 ਡਾਲਰ ਮਨਜ਼ੂਰ ਕੀਤੇ ਸਨ। ਜੋਅ ਬਾਇਡਨ ਨੇ ਇਸ ਰਾਸ਼ੀ ਨੂੰ ਬਹੁਤ ਘੱਟ ਕਹਿੰਦਿਆਂ ਹਰ ਵਿਅਕਤੀ ਨੂੰ 2 ਹਜ਼ਾਰ ਡਾਲਰ ਦਾ ਭੁਗਤਾਨ ਕਰਨ ਦਾ ਹੁਕਮ ਦਿੱਤਾ ਹੈ। ਬਾਇਡਨ ਨੇ ਕਿਹਾ ਕਿ ਅਸੀਂ ਆਪਣੇ ਲੋਕਾਂ ਨੂੰ ਭੁੱਖੇ ਨਹੀਂ ਛੱਡ ਸਕਦੇ ਅਤੇ ਨਾ ਹੀ ਲੋਕਾਂ ਨੂੰ ਕਿਰਾਇਆ ਨਾ ਦੇ ਸਕਣ ਕਾਰਨ ਮਕਾਨ ਖਾਲੀ ਕਰਨ ਲਈ ਮਜਬੂਰ ਕਰ ਸਕਦੇ ਹਾਂ। ਨਵੇਂ ਰਾਸ਼ਟਰਪਤੀ ਨੇ ਅਮਰੀਕੀ ਅਰਥਵਿਵਸਥਾ ਲਈ 1900 ਅਰਬ ਡਾਲਰ ਦੇ ਕੋਰੋਨਾਵਾਇਰਸ ਰਾਹਤ ਪੈਕੇਜ ਦਾ ਵੀ ਐਲਾਨ ਕੀਤਾ ਹੈ।
ਇਹ ਕਿਹਾ ਜਾ ਸਕਦਾ ਹੈ ਕਿ ਜੋਅ ਬਾਇਡਨ ਨੇ ਅਮਰੀਕਾ ਨੂੰ ਕਰੀਬ ਸਾਰੇ ਹੀ ਖੇਤਰਾਂ ਵਿਚ ਨਵੀਂ ਦਿਸ਼ਾ ਅਤੇ ਤੋਰ ਦਿੱਤੀ ਹੈ। ਅਮਰੀਕਾ ਅੰਦਰ ਸਾਬਕਾ ਰਾਸ਼ਟਰਪਤੀ ਨੂੰ ਬਹੁਤ ਸਾਰੇ ਮਾਮਲਿਆਂ ਵਿਚ ਖੂਫੀਆ ਜਾਣਕਾਰੀ ਦਿੱਤੇ ਜਾਣ ਦੀ ਰਵਾਇਤ ਅਤੇ ਖੁੱਲ੍ਹ ਰਹੀ ਹੈ। ਪਰ ਟਰੰਪ ਦੇ ਵਤੀਰੇ ਅਤੇ ਵਿਵਹਾਰ ਨੂੰ ਦੇਖਦਿਆਂ ਸ਼ਾਇਦ ਅਮਰੀਕੀ ਇਤਿਹਾਸ ਵਿਚ ਪਹਿਲੀ ਵਾਰ ਰਾਸ਼ਟਰਪਤੀ ਨੂੰ ਅਜਿਹੀਆਂ ਜਾਣਕਾਰੀਆਂ ਦੇਣ ਉਪਰ ਰੋਕ ਲਗਾ ਦਿੱਤੀ ਗਈ ਹੈ। ਇਹੀ ਨਹੀਂ, ਇਸ ਤੋਂ ਪਹਿਲਾਂ ਜੋਅ ਬਾਇਡਨ ਦੇ ਸਹੁੰ ਚੁੱਕ ਸਮਾਗਮ ਤੋਂ ਪਹਿਲਾਂ ਟਰੰਪ ਨੇ ਜਿਸ ਤਰ੍ਹਾਂ ਦਾ ਵਿਵਹਾਰ ਕੀਤਾ ਅਤੇ ਸੌਖਾਲਿਆਂ ਸੱਤਾ ਪ੍ਰੀਵਰਤਨ ਦੀ ਰਵਾਇਤ ਵੀ ਤੋੜੀ, ਉਹ ਵੀ ਆਪਣੇ ਆਪ ਵਿਚ ਬੜਾ ਵਿਲੱਖਣ ਸੀ। ਜੋਅ ਬਾਇਡਨ ਆਪਣੇ ਥੋੜ੍ਹੇ ਸਮੇਂ ਵਿਚ ਹੀ ਅਮਰੀਕਾ ਨੂੰ ਲਗਭਗ ਸਾਰੇ ਹੀ ਖੇਤਰਾਂ ਵਿਚ ਨਵੀਂ ਦਿਸ਼ਾ ਦੇਣ ਦੇ ਰਾਹ ਪੈ ਗਏ ਹਨ ਤੇ ਲੱਗਦਾ ਹੈ ਕਿ ਉਹ ਦੁਨੀਆਂ ਅੰਦਰ ਨਫਰਤ ਅਤੇ ਟਕਰਾਅ ਵਾਲੇ ਰੁਝਾਨਾਂ ਨੂੰ ਰੋਕਣ ਲਈ ਵੀ ਪਹਿਲਕਦਮੀ ਕਰਨਗੇ। ਉਨ੍ਹਾਂ ਵੱਲੋਂ ਦੁਨੀਆਂ ਵਿਚ ਤਾਨਾਸ਼ਾਹੀ ਰੁਝਾਨ ਦੇ ਖਿਲਾਫ ਚੌਕਸੀ ਦੀ ਕੀਤੀ ਅਪੀਲ ਨੂੰ ਇਸੇ ਸੰਦਰਭ ਵਿਚ ਵੇਖਿਆ ਜਾ ਰਿਹਾ ਹੈ। ਜੋਅ ਬਾਇਡਨ ਦੇ ਕੁੱਝ ਹੀ ਹਫਤਿਆਂ ਦੇ ਕਾਰਜਕਾਲ ਨੇ ਅਮਰੀਕੀ ਲੋਕਾਂ ਅੰਦਰ ਇਕ ਨਵੀਂ ਤਸੱਲੀ ਅਤੇ ਸੁਖਾਵੇਂ ਮਾਹੌਲ ਦਾ ਪ੍ਰਭਾਵ ਪੈਦਾ ਕੀਤਾ ਹੈ। ਇਹ ਆਪਣੇ ਆਪ ਵਿਚ ਹੀ ਨਵੀਂ ਉਮੀਦ ਜਗਾਉਦਾ ਹੈ ਅਤੇ ਚੰਗੇ ਸਮੇਂ ਦੀ ਆਸ ਪੈਦਾ ਕਰਨ ਵਾਲਾ ਹੈ।

Share