ਬਾਇਡਨ ਨੇ ਚਾਰ ਜੁਲਾਈ ਤੱਕ ਅਮਰੀਕਾ ਨੂੰ ਕਰੋਨਾ ਮੁਕਤ ਦਾ ਰੱਖਿਆ ਟੀਚਾ!

425
Share

ਅਮਰੀਕਾ ’ਚ 1 ਮਈ ਤੱਕ ਨੌਜਵਾਨਾਂ ਨੂੰ ਲੱਗ ਜਾਵੇਗੀ ਕੋਰੋਨਾ ਵੈਕਸੀਨ

ਵਾਸ਼ਿੰਗਟਨ, 17 ਮਾਰਚ (ਪੰਜਾਬ ਮੇਲ)- ਦੁਨੀਆਂ ’ਚ ਕੋਰੋਨਾ ਮਹਾਮਾਰੀ ਨਾਲ ਸਭ ਤੋਂ ਜ਼ਿਆਦਾ ਜੂਝਣ ਵਾਲੇ ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡਨ ਨੇ ਇਸ ਵਾਇਰਸ ਦੇ ਮੁਕਾਬਲੇ ਲਈ ਲੱਕ ਬੰਨ੍ਹ ਲਿਆ ਹੈ। ਉਨ੍ਹਾਂ ਐਲਾਨ ਕੀਤਾ ਕਿ ਇਕ ਉਮੀਦਾਂ ਭਰੀ ਯੋਜਨਾ ਤਹਿਤ ਸਾਰੇ ਅਮਰੀਕੀ ਨੌਜਵਾਨ ਇਕ ਮਈ ਤੱਕ ਟੀਕਾਕਰਨ ਲਈ ਪਾਤਰ ਹੋ ਜਾਣਗੇ। ਇਸ ਦੇ ਨਾਲ ਹੀ ਬਾਇਡਨ ਨੇ ਚਾਰ ਜੁਲਾਈ ਤੱਕ ਅਮਰੀਕਾ ਨੂੰ ਕੋਰੋਨਾ ਮੁਕਤ ਦਾ ਟੀਚਾ ਰੱਖਿਆ ਹੈ। ਅਮਰੀਕਾ ’ਚ ਚਾਰ ਜੁਲਾਈ ਨੂੰ ਆਜ਼ਾਦੀ ਦਿਹਾੜਾ ਮਨਾਇਆ ਜਾਂਦਾ ਹੈ। ਉਨ੍ਹਾਂ ਲੋਕਾਂ ਨੂੰ ਇਹ ਵੀ ਕਿਹਾ ਕਿ ਉਹ ਕੋਰੋਨਾ ਰੋਕਥਾਮ ਦੇ ਉਪਾਆਂ ਦੀ ਪਾਲਣਾ ਕਰਦੇ ਰਹਿਣ।
ਅਮਰੀਕਾ ’ਚ ਅਜੇ ਸਿਹਤ ਮੁਲਾਜ਼ਮਾਂ, ਬਜ਼ੁਰਗਾਂ ਤੇ ਬਿਮਾਰ ਲੋਕਾਂ ਨੂੰ ਟੀਕਾਕਰਨ ’ਚ ਪਹਿਲ ਦਿੱਤੀ ਜਾ ਰਹੀ ਹੈ। ਇੱਥੇ ਹੁਣ ਤੱਕ ਕੋਰੋਨਾ ਨਾਲ ਪੰਜ ਲੱਖ 29 ਹਜ਼ਾਰ ਤੋਂ ਵੱਧ ਲੋਕਾਂ ਦੀ ਮੌਤ ਹੋਈ ਹੈ, ਜਦੋਂਕਿ ਦੋ ਕਰੋੜ 91 ਲੱਖ ਤੋਂ ਮਰੀਜ਼ ਪਾਏ ਗਏ ਹਨ। ਬੀਤੀ 20 ਜਨਵਰੀ ਨੂੰ ਅਮਰੀਕਾ ਦੇ 46ਵੇਂ ਰਾਸ਼ਟਰਪਤੀ ਬਣਨ ਵਾਲੇ ਬਾਇਡਨ ਨੇ ਵੀਰਵਾਰ ਨੂੰ ਸਿਹਤ ਸੰਕਟ ਤੋਂ ਕੱਢਣ ਦੀ ਉਮੀਦਾਂ ਭਰੀ ਯੋਜਨਾ ਦਾ ਐਲਾਨ ਕੀਤਾ। ਉਨ੍ਹਾਂ ਕਿਹਾ ਕਿ ਉਹ ਇਕ ਮਈ ਤੱਕ ਸੂਬਿਆਂ ਨੂੰ ਸਾਰੇ ਨੌਜਵਾਨਾਂ ਨੂੰ ਟੀਕਾ ਲਗਾਉਣ ਦੀ ਇਜਾਜ਼ਤ ਦੇਣਗੇ ਤੇ ਪਹਿਲਾਂ ਵਾਂਗ ਅਮਰੀਕਾ ਚਾਰ ਜੁਲਾਈ ਨੂੰ ਆਜ਼ਾਦੀ ਦਿਹਾੜਾ ਮਨ੍ਹਾ ਸਕਣਗੇ। ਇਸ ਸਮੇਂ ਤੱਕ ਦੇਸ਼ ’ਚ ਹਾਲਾਤ ਆਮ ਹੋਣ ਦੀ ਉਮੀਦ ਹੈ। ਬਾਇਡਨ ਨੇ ਦੇਸ਼ ਨੂੰ ਅਜਿਹੇ ਸਮੇਂ ਸੰਬੋਧਨ ਕੀਤਾ, ਜਦੋਂ ਵਿਸ਼ਵ ਸਿਹਤ ਸੰਗਠਨ (ਡਬਲਯੂ.ਐੱਚ. ਓ.) ਵੱਲੋਂ ਕੋਰੋਨਾ ਨੂੰ ਮਹਾਮਾਰੀ ਦਾ ਐਲਾਨ ਕੀਤੇ ਇਕ ਸਾਲ ਹੋ ਗਿਆ ਹੈ।
ਬਾਇਡਨ ਨੇ ਦੱਸਿਆ ਕਿ ਉਨ੍ਹਾਂ ਦਾ ਪ੍ਰਸ਼ਾਸਨ ਟੀਕਾ ਉਤਪਾਦਕਾਂ ਫਾਈਜ਼ਰ, ਮਾਡਰਨਾ ਤੇ ਜੌਨਸਨ ਐਂਡ ਜੌਨਸਨ ਤੋਂ ਵੈਕਸੀਨ ਦੀਆਂ ਕਰੋੜਾਂ ਖ਼ੁਰਾਕਾਂ ਖ਼ਰੀਦਣ ’ਤੇ ਕੰਮ ਕਰ ਰਿਹਾ ਹੈ। ਇਨ੍ਹਾਂ ਤਿੰਨਾਂ ਕੰਪਨੀਆਂ ਦੇ ਟੀਕੇ ਸੁਰੱਖਿਅਤ ਤੇ ਅਸਰਦਾਰ ਹਨ। ਅਮਰੀਕੀ ਰਾਸ਼ਟਰਪਤੀ ਨੇ ਕਿਹਾ ਕਿ ਆਪਣੇ ਕਾਰਜਕਾਲ ਦੇ ਪਹਿਲੇ 100 ਦਿਨਾਂ ’ਚ 10 ਕਰੋੜ ਲੋਕਾਂ ਦੇ ਟੀਕਾਕਰਨ ਦਾ ਟੀਚਾ ਰੱਖਿਆ ਸੀ। ਹੁਣ ਮੈਂ ਕਹਿ ਸਕਦਾ ਹਾਂ ਕਿ ਅਸੀਂ 60 ਦਿਨਾਂ ’ਚ ਹੀ ਇਸ ਟੀਚੇ ਤੱਕ ਪਹੁੰਚਣ ਜਾ ਰਹੇ ਹਾਂ।


Share