ਬਾਇਡਨ ਦੇ ਮੈਡੀਕਲ ਸਲਾਹਕਾਰ ਨੇ ਕੋਰੋਨਾ ਨਾਲ ਲੜਨ ’ਚ ਭਾਰਤ ਨੂੰ ਫ਼ੌਜ ਲਗਾਉਣ ਲਈ ਕਿਹਾ

73
Share

ਵਾਸ਼ਿੰਗਟਨ, 5 ਮਈ (ਪੰਜਾਬ ਮੇਲ)- ਕੋਰੋਨਾਵਾਇਰਸ ਦੀ ਦੂਜੀ ਲਹਿਰ ਕਾਰਨ ਭਾਰਤੀ ਦੀ ਸਥਿਤੀ ਬਹੁਤ ਗੰਭੀਰ ਦੱਸਦਿਆਂ ਅਮਰੀਕਾ ਦੇ ਲੋਕ ਸਿਹਤ ਮਾਹਿਰ ਡਾ. ਐਂਥਨੀ ਫਾਸੀ ਨੇ ਮਹਾਮਾਰੀ ਨਾਲ ਲੜਨ ’ਚ ਫ਼ੌਜੀ ਦਸਤਿਆਂ ਸਮੇਤ ਸਾਰੇ ਵਸੀਲੇ ਲਾਉਣ ਲਈ ਕਿਹਾ ਹੈ। ਉਨ੍ਹਾਂ ਫੌਰੀ ਆਰਜ਼ੀ ਹਸਪਤਾਲ ਬਣਾਉਣ ਤੇ ਹੋਰ ਦੇਸ਼ਾਂ ਤੋਂ ਮੈਡੀਕਲ ਸਮੱਗਰੀ ਦੇ ਨਾਲ-ਨਾਲ ਮਨੁੱਖੀ ਮਦਦ ਲੈਣ ਲਈ ਵੀ ਕਿਹਾ ਹੈ। ਡਾ. ਫਾਸੀ ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਨੇ ਮੁੱਖ ਮੈਡੀਕਲ ਸਲਾਹਕਾਰ ਵੀ ਹਨ। ਇਕ ਵਿਸ਼ੇਸ਼ ਮੁਲਾਕਾਤ ’ਚ ਉਨ੍ਹਾਂ ਨੇ ਦੇਸ਼ ਪੱਧਰੀ ਲਾਕਡਾਊਨ ਲਾਉਣ ਦਾ ਵੀ ਸੁਝਾਅ ਦਿੱਤਾ। ਉਨ੍ਹਾਂ ਕਿਹਾ ਕਿ ਜ਼ਰੂਰੀ ਨਹੀਂ ਹੈ ਕਿ ਇਹ ਲਾਕਡਾਊਨ ਛੇ ਮਹੀਨਿਆਂ ਦਾ ਹੀ ਹੋਵੇ। ਇਹ ਕੁਝ ਹਫਤਿਆਂ ਦਾ ਵੀ ਹੋ ਸਕਦਾ ਹੈ ਪਰ ਇਨਫੈਕਸ਼ਨ ਦੀ ਨਿਰੰਤਰਤਾ ਤੇ ਪ੍ਰਸਾਰ ਰੋਕਣ ਲਈ ਇਹ ਬਹੁਤ ਜ਼ਰੂਰੀ ਹੈ। ਡਾ. ਫਾਸੀ ਦਾ ਇਹ ਸੁਝਾਅ ਤੇ ਸਮੀਖਿਆ ਅਜਿਹੇ ਸਮੇਂ ’ਚ ਸਾਹਮਣੇ ਆਈ ਹੈ, ਜਦੋਂ ਭਾਰਤ ’ਚ ਕੋਰੋਨਾ ਪੀੜਤਾਂ ਦਾ ਕੁੱਲ ਅੰਕੜਾ ਦੋ ਕਰੋੜ ਪਾਰ ਕਰ ਚੁੱਕਾ ਹੈ। ਤਿੰਨ ਮਹੀਨੇ ਪਹਿਲਾਂ ਦੇ ਮੁਕਾਬਲੇ ਇਹ ਗਿਣਤੀ ਲਗਪਗ ਦੁੱਗਣੀ ਹੈ। ਡਾ. ਫਾਸੀ ਨੇ ਕਿਹਾ ਕਿ ਇਹ ਦੇਖਦਿਆਂ ਭਾਰਤ ’ਚ ਮਹਾਮਾਰੀ ਤੇ ਕਾਰਨ ਸਥਿਤੀ ਬਹੁਤ ਖ਼ਰਾਬ ਹੈ, ਦੁਨੀਆਂ ਦੇ ਹੋਰ ਦੇਸ਼ਾਂ ਨੂੰ ਇਸ ਦੀ ਮਦਦ ’ਚ ਅੱਗੇ ਆਉਣਾ ਚਾਹੀਦਾ ਹੈ। ਜਿਸ ਤਰ੍ਹਾਂ ਅਮਰੀਕਾ ਮਦਦ ਕਰ ਰਿਹਾ ਹੈ, ਉਸੇ ਤਰ੍ਹਾਂ ਹੋਰ ਦੇਸ਼ਾਂ ਨੂੰ ਵੀ ਕਰਨਾ ਚਾਹੀਦਾ ਹੈ। ਨਾਲ ਹੀ ਉਨ੍ਹਾਂ ਨੇ ਟੀਕਾਕਰਨ ਵਧਾਉਣ ਦੀ ਵੀ ਸੁਝਾਅ ਦਿੱਤਾ। ਉਨ੍ਹਾਂ ਕਿਹਾ ਕਿ ਜਿੰਨਾ ਸੰਭਵ ਹੋ ਸਕੇ, ਵੱਧ ਤੋਂ ਵੱਧ ਲੋਕਾਂ ਨੂੰ ਟੀਕਾ ਲਾਇਆ ਜਾਣਾ ਚਾਹੀਦਾ ਹੈ। ਇਸ ਕੰਮ ’ਚ ਉਨ੍ਹਾਂ ਨੇ ਭਾਰਤ ’ਚ ਵਿਕਸਤ ਵੈਕਸੀਨ ਤੋਂ ਇਲਾਵਾ ਹੋਰ ਦੇਸ਼ਾਂ ਤੋਂ ਵੀ ਇਸ ਦੀ ਦਰਾਮਦ ਕਰਨ ਦਾ ਸੁਝਾਅ ਦਿੱਤਾ।

Share