ਬਾਇਡਨ ਤੋਂ ਪ੍ਰਵਾਸੀਆਂ ਨੂੰ ਵੱਡੀਆਂ ਉਮੀਦਾਂ

607
Share

-ਗੁਰਜਤਿੰਦਰ ਸਿੰਘ ਰੰਧਾਵਾ, ਸੈਕਰਾਮੈਂਟੋ,
ਕੈਲੀਫੋਰਨੀਆ: 916-320-9444
ਜਨਵਰੀ ਦੇ ਅੱਧ ਵਿਚ ਅਮਰੀਕਾ ਦੀ ਵਾਗਡੋਰ ਸੰਭਾਲਣ ਜਾ ਰਹੇ ਨਵੇਂ ਚੁਣੇ ਰਾਸ਼ਟਰਪਤੀ ਜੋਅ ਬਾਇਡਨ ਤੋਂ ਪ੍ਰਵਾਸੀਆਂ ਨੂੰ ਭਾਰੀ ਉਮੀਦਾਂ ਹਨ। ਟਰੰਪ ਵੱਲੋਂ ਇੰਮੀਗ੍ਰਾਂਟਸ ਨੀਤੀ ਸਖ਼ਤ ਕਰਕੇ ਲਗਾਤਾਰ ਨਵੇਂ ਤੋਂ ਨਵੇਂ ਕੀਤੇ ਜਾਂਦੇ ਫੈਸਲਿਆਂ ਅਤੇ ਬਣਾਈਆਂ ਨੀਤੀਆਂ ਕਾਰਨ ਅਮਰੀਕਾ ਵਿਚ ਆਏ ਪ੍ਰਵਾਸੀਆਂ ਨੂੰ ਭਾਰੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਸਭ ਤੋਂ ਵੱਡੀ ਸਮੱਸਿਆ ਉਨ੍ਹਾਂ ਲੋਕਾਂ ਨੂੰ ਸੀ, ਜਿਹੜੇ ਖੁਦ ਤਾਂ ਅਮਰੀਕਾ ਵਿਚ ਹਨ, ਪਰ ਉਨ੍ਹਾਂ ਦੇ ਪਰਿਵਾਰ ਆਪਣੇ ਪਿੱਤਰੀ ਦੇਸ਼ਾਂ ਵਿਚ ਹੀ ਰਹਿ ਰਹੇ ਹਨ। ਅਜਿਹੇ ਪਰਿਵਾਰਾਂ ਦੇ ਅਮਰੀਕਾ ਵਿਚ ਆਉਣ ‘ਤੇ ਅਨੇਕ ਤਰੀਕਿਆਂ ਨਾਲ ਪਾਬੰਦੀਆਂ ਲਗਾ ਦਿੱਤੀਆਂ ਹਨ। ਨਵੇਂ ਵੀਜ਼ੇ ਜਾਰੀ ਕਰਨ ਉਪਰ ਵੀ ਬੜੀਆਂ ਸੀਮਾਵਾਂ ਲਾਗੂ ਕਰ ਦਿੱਤੀਆਂ ਹਨ। ਐੱਚ-1ਬੀ ਵੀਜ਼ੇ ਉੱਤੇ ਲਗਾਈਆਂ ਪਾਬੰਦੀਆਂ ਨੇ ਲੱਖਾਂ ਪ੍ਰਵਾਸੀ ਤਕਨੀਕੀ ਪੇਸ਼ੇਵਰਾਂ ਦੇ ਭਵਿੱਖ ਉਪਰ ਤਲਵਾਰ ਲਟਕਾਈ ਹੋਈ ਸੀ। ਇਨ੍ਹਾਂ ਵਿਚ ਕਾਫੀ ਵੱਡੀ ਗਿਣਤੀ ਭਾਰਤੀ ਪੇਸ਼ੇਵਰਾਂ ਦੀ ਹੈ। ਪਰ ਹੁਣ ਬਾਇਡਨ ਵੱਲੋਂ ਅਮਰੀਕਾ ਅੰਦਰ ਪ੍ਰਵਾਸ ਬਾਰੇ ਪੇਸ਼ ਕੀਤੀਆਂ ਜਾ ਰਹੀਆਂ ਨਵੀਆਂ ਨੀਤੀਆਂ ਤੋਂ ਸੰਕੇਤ ਮਿਲ ਰਹੇ ਹਨ ਕਿ ਉਹ ਟਰੰਪ ਵੱਲੋਂ ਇੰਮੀਗ੍ਰੇਸ਼ਨ ਬਾਰੇ ਅਖਤਿਆਰ ਕੀਤੀ ਗਈ ਨੀਤੀ ਨੂੰ ਉਲਟਾ ਦੇਣਗੇ। ਬਾਇਡਨ ਦੀ ਨਵੀਂ ਨੀਤੀ ਅਨੁਸਾਰ ਅਗਲੇ ਚਾਰ ਸਾਲ ਦੌਰਾਨ ਭਾਰਤ ਤੋਂ ਅਮਰੀਕਾ ਆਉਣ ਵਾਲੇ ਲੋਕਾਂ ਦੀ ਗਿਣਤੀ ਦੋ ਗੁਣਾ ਹੋ ਜਾਵੇਗੀ। ਟਰੰਪ ਵੱਲੋਂ ਵਰਤੀ ਸਖ਼ਤੀ ਨਾਲ ਲੱਖਾਂ ਲੋਕਾਂ ਦਾ ਅਮਰੀਕਨ ਡਰੀਮ ਟੁੱਟਿਆ ਹੋਇਆ ਸੀ। ਬਾਇਡਨ ਨੇ ਚੋਣਾਂ ਦੌਰਾਨ ਟਰੰਪ ਦੀਆਂ ਨੀਤੀਆਂ ਨੂੰ ਬਦਲਣ ਦਾ ਵਾਅਦਾ ਕੀਤਾ ਸੀ। ਜੇਕਰ ਬਾਇਡਨ ਇੰਮੀਗ੍ਰੇਸ਼ਨ ਨੀਤੀਆਂ ਵਿਚ ਖੁੱਲ੍ਹਦਿਲੀ ਦਿਖਾਉਂਦੇ ਹਨ, ਤਾਂ ਉਨ੍ਹਾਂ ਦੇ ਕਾਰਜਕਾਲ ਵਿਚ 10 ਲੱਖ ਭਾਰਤੀਆਂ ਨੂੰ ਨਾਗਰਿਕਤਾ ਅਤੇ ਵੀਜ਼ੇ ਮਿਲਣ ਦੀ ਉਮੀਦ ਰੱਖੀ ਜਾ ਰਹੀ ਹੈ। ਅਗਰ ਅਜਿਹਾ ਹੁੰਦਾ ਹੈ, ਤਾਂ ਇਹ ਹੁਣ ਤੱਕ ਦੇ ਇਹਿਤਾਸ ਵਿਚ ਸਭ ਤੋਂ ਵੱਧ ਗਿਣਤੀ ਹੋਵੇਗੀ। 2004-2012 ਵਿਚਕਾਰ ਅਮਰੀਕਾ ਪਹੁੰਚੇ ਭਾਰਤੀਆਂ ਦੀ ਗਿਣਤੀ 5 ਲੱਖ ਰਹੀ ਹੈ। ਬਾਇਡਨ ਨੇ ਅਮਰੀਕਾ ਦੀ ਨਵੀਂ ਇੰਮੀਗ੍ਰੇਸ਼ਨ ਪਾਲਿਸੀ ਵਿਚ ਖੁੱਲ੍ਹਦਿਲੀ ਵਰਤਦਿਆਂ ਸਿੱਖਿਅਤ ਪੇਸ਼ੇਵਰ ਨੂੰ ਅਮਰੀਕਾ ‘ਚ ਆਉਣ ਦੀ ਖੁੱਲ੍ਹ ਦੇਣ ਦਾ ਵਾਅਦਾ ਕੀਤਾ ਹੈ। ਇਸ ਵੇਲੇ ਅਮਰੀਕਾ ਅੰਦਰ 5 ਲੱਖ ਤੋਂ ਵਧੇਰੇ ਬਿਨਾਂ ਕਾਗਜ਼ਾਂ ਵਾਲੇ ਗੈਰ ਕਾਨੂੰਨੀ ਭਾਰਤੀ ਰਹਿ ਰਹੇ ਹਨ। ਨਵੀਂ ਨੀਤੀ ਵਿਚ ਇਨ੍ਹਾਂ ਸਾਰਿਆਂ ਨੂੰ ਅਮਰੀਕਾ ਦੀ ਪੱਕੀ ਨਾਗਰਿਕਤਾ ਮਿਲ ਸਕਦੀ ਹੈ। ਬਾਇਡਨ ਪ੍ਰਸ਼ਾਸਨ ਵਿਚ ਪਰਿਵਾਰ ਆਧਾਰਿਤ ਇੰਮੀਗ੍ਰੇਸ਼ਨ ਨੀਤੀ ਨੂੰ ਵੀ ਖੋਲ੍ਹਿਆ ਜਾ ਸਕਦਾ ਹੈ। ਜਿਸ ਤਹਿਤ ਪਰਿਵਾਰ ਦੇ ਮੈਂਬਰਾਂ ਦੇ ਮਿਲਾਪ ਲਈ ਵੱਖ ਰਹਿੰਦੇ ਪਰਿਵਾਰਕ ਮੈਂਬਰਾਂ ਨੂੰ ਅਮਰੀਕਾ ਬੁਲਾਉਣ ਲਈ ਰਸਤਾ ਖੁੱਲ੍ਹ ਸਕਦਾ ਹੈ। ਇਸ ਵੇਲੇ ਕਾਫੀ ਗਿਣਤੀ ਵਿਚ ਅਜਿਹੇ ਪ੍ਰਵਾਸੀ ਹਨ, ਜਿਨ੍ਹਾਂ ਦੇ ਇਕ ਦੋ ਮੈਂਬਰ ਅਮਰੀਕਾ ਵਿਚ ਰਹਿੰਦੇ ਹਨ ਤੇ ਬਾਕੀ ਪਰਿਵਾਰ ਪਿੱਤਰੀ ਦੇਸ਼ ਵਿਚ ਰਹਿ ਰਿਹਾ ਹੈ। ਬਾਇਡਨ ਨੀਤੀ ਵਿਚ ਇਨ੍ਹਾਂ ਪਰਿਵਾਰਾਂ ਦੇ ਮਿਲਾਪ ਨੂੰ ਬੜਾਵਾ ਮਿਲ ਸਕਦਾ ਹੈ।
ਟਰੰਪ ਪ੍ਰਸ਼ਾਸਨ ਵੇਲੇ ਵੱਖ-ਵੱਖ ਦੇਸ਼ਾਂ ਦੇ ਲੋਕਾਂ ਨੂੰ ਵੀਜ਼ੇ ਦੇਣ ਲਈ ਸੀਮਾ ਤੈਅ ਕੀਤੀ ਗਈ ਸੀ। ਇਸ ਫੈਸਲੇ ਤਹਿਤ ਭਾਰਤੀਆਂ ਦੀ ਵੀਜ਼ਾ ਲਿਮਟ, ਸਵਿਟਜ਼ਰਲੈਂਡ ਤੇ ਲੁਥੁਆਨੀਆ ਵਰਗੇ ਛੋਟੇ ਦੇਸ਼ਾਂ ਜਿੰਨੀ ਤੈਅ ਕੀਤੀ ਹੋਈ ਹੈ। ਬਾਇਡਨ ਪ੍ਰਸ਼ਾਸਨ ਇਸ ਸੀਮਾ ਨੂੰ ਵੀ ਹਟਾਏਗਾ। ਟਰੰਪ ਦੇ ਪ੍ਰਸ਼ਾਸਨ ਵਿਚ ਬਾਹਰਲੇ ਮੁਲਕਾਂ ਤੋਂ ਆਉਣ ਵਾਲੇ ਟੈਕਨੀਕਲ ਪੇਸ਼ੇਵਰਾਂ ਦੀ ਗਿਣਤੀ ਬੜੀ ਸੀਮਤ ਕਰ ਦਿੱਤੀ ਗਈ ਸੀ। ਹਾਲਤ ਇਹ ਹੈ ਕਿ ਇਸ ਵੇਲੇ ਟੈਕਨੀਕਲ ਪੇਸ਼ੇਵਰਾਂ ਵੱਲੋਂ ਗਰੀਨ ਕਾਰਡ ਲਈ 8 ਲੱਖ ਲੋਕਾਂ ਵੱਲੋਂ ਦਿੱਤੀਆਂ ਅਰਜ਼ੀਆਂ ਲਟਕੀਆਂ ਹੋਈਆਂ ਹਨ। ਇਨ੍ਹਾਂ ਵਿਚੋਂ 3.1 ਲੱਖ ਲੋਕ ਕੰਮ ਵੀ ਕਰ ਰਹੇ ਹਨ। ਟਰੰਪ ਨੇ ਐੱਚ.-1ਬੀ ਵੀਜ਼ੇ ਵਿਚ ਭਾਰਤੀਆਂ ਦੀ ਗਿਣਤੀ 15 ਫੀਸਦੀ ਅਤੇ ਐੱਲ.-1 ਵੀਜ਼ਾ ਵਿਚ 28.1 ਫੀਸਦੀ ਘੱਟ ਕਰ ਦਿੱਤੀ ਸੀ। ਇਸੇ ਤਰ੍ਹਾਂ 3 ਲੱਖ 10 ਹਜ਼ਾਰ ਗਰੀਨ ਕਾਰਡ ਧਾਰਕ ਨਾਗਰਿਕਤਾ ਲੈਣ ਲਈ ਇੰਤਜ਼ਾਰ ਵਿਚ ਬੈਠੇ ਹਨ। ਟਰੰਪ ਪ੍ਰਸ਼ਾਸਨ ਨੇ ਗਰੀਨ ਕਾਰਡ ਵਾਲੇ ਵਿਅਕਤੀਆਂ ਨੂੰ ਪੱਕੀ ਨਾਗਰਿਕਤਾ ਦੇਣ ਦੀ ਨੀਤੀ ਵੀ ਬੜੀ ਸਖ਼ਤ ਕਰ ਦਿੱਤੀ ਸੀ। ਅਮਰੀਕਾ ਵਿਚ ਹਾਲਤ ਇਹ ਹੈ ਕਿ ਕੰਪਿਊਟਰ ਇੰਡਸਟਰੀ ਵਿਚ ਸਾਢੇ 6 ਲੱਖ ਅਸਾਮੀਆਂ ਖਾਲੀ ਪਈਆਂ ਹਨ। ਇਨ੍ਹਾਂ ਅਸਾਮੀਆਂ ਨੂੰ ਭਰਨ ਲਈ ਸਕਿੱਲਡ ਵਰਕਰ ਉਪਲਬੱਧ ਨਹੀਂ ਹਨ। ਅਜਿਹੇ ਸਾਰੇ ਸਕਿੱਲਡ ਵਰਕਰ ਅਮਰੀਕਾ ਨੂੰ ਬਾਹਰੋਂ ਹੀ ਮੰਗਵਾਉਣੇ ਪੈਣਗੇ।
ਬਾਇਡਨ ਵੱਲੋਂ ਨਵੀਂ ਇੰਮੀਗ੍ਰੇਸ਼ਨ ਬਾਰੇ ਚੋਣਾਂ ਦੌਰਾਨ ਕੀਤੇ ਵਾਅਦਿਆਂ ਅਤੇ ਹੁਣ ਆ ਰਹੇ ਸੰਕੇਤਾਂ ਨੇ ਅਮਰੀਕਾ ਵਿਚ ਰਹਿ ਰਹੇ ਇੰਮੀਗ੍ਰਾਂਟਸ ਦੀਆਂ ਵੱਡੀ ਪੱਧਰ ‘ਤੇ ਉਮੀਦਾਂ ਜਗਾਈਆਂ ਹਨ। ਵਿਛੜੇ ਪਰਿਵਾਰਾਂ ਵਿਚ ਹੁਣ ਜਲਦੀ ਮੁੜ ਮਿਲਣ ਦੀ ਆਸ ਬੱਝੀ ਹੈ ਅਤੇ ਕਈ ਸਾਲਾਂ ਤੋਂ ਉਡੀਕ ਵਿਚ ਬੈਠੇ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਵੀ ਰਾਹਤ ਮਿਲਣ ਦੀ ਉਮੀਦ ਜਾਗੀ ਹੈ। ਸਭ ਤੋਂ ਵੱਡੀ ਗੱਲ ਇਹ ਹੈ ਕਿ ਇੰਮੀਗ੍ਰਾਂਟਸ ਵਿਚ ਟਰੰਪ ਵੱਲੋਂ ਆਪਹੁਦਰੇ ਢੰਗ ਨਾਲ ਐਲਾਨੀਆਂ ਜਾ ਰਹੀਆਂ ਨੀਤੀਆਂ ਨਾਲ ਜਿਹੜਾ ਡਰ ਅਤੇ ਭੈਅ ਬਣਿਆ ਹੋਇਆ ਸੀ, ਉਹ ਹੁਣ ਦੂਰ ਹੋ ਗਿਆ ਹੈ ਅਤੇ ਲੋਕੀਂ ਸੁੱਖ ਦਾ ਸਾਹ ਲੈ ਰਹੇ ਹਨ।
ਜੋਅ ਬਾਇਡਨ ਨੇ ਅਮਰੀਕਾ ਦੀ ਵਾਗਡੋਰ ਸੰਭਾਲਣ ਦੀ ਤਿਆਰੀ ਵਜੋਂ ਆਪਣੇ ਪ੍ਰਸ਼ਾਸਨ ਅਤੇ ਕੈਬਨਿਟ ਬਣਾਉਣ ਦੀ ਤਿਆਰੀ ਵੀ ਸ਼ੁਰੂ ਕਰ ਦਿੱਤੀ ਹੈ। ਬਾਇਡਨ ਨੇ ਦੱਸਿਆ ਹੈ ਕਿ ਉਸ ਨੇ ਖਜ਼ਾਨੇ ਨੂੰ ਲੀਡ ਕਰਨ ਵਾਲੇ ਆਗੂ ਦੀ ਚੋਣ ਕਰ ਲਈ ਹੈ। ਇਸੇ ਤਰ੍ਹਾਂ ਭਾਰਤ ਵਿਚਲੇ ਹੋਮ ਮਨਿਸਟਰ ਵਾਂਗ ਸੈਕਟਰੀ ਆਫ ਸਟੇਟ ਬਾਰੇ ਜਲਦ ਹੀ ਐਲਾਨ ਦੀ ਸੰਭਾਵਨਾ ਹੈ। ਬਾਇਡਨ ਭਾਵੇਂ ਆਪਣੇ ਨਵੇਂ ਪ੍ਰਸ਼ਾਸਨ ਦੀ ਨਿਯੁਕਤੀ ਵਿਚ ਰੁੱਝਿਆ ਹੋਇਆ ਹੈ। ਪਰ ਮੌਜੂਦਾ ਰਾਸ਼ਟਰਪਤੀ ਡੋਨਾਲਡ ਟਰੰਪ ਆਪਣੀ ਹਾਰ ਮੰਨਣ ਤੋਂ ਅਜੇ ਵੀ ਇਨਕਾਰੀ ਹੈ ਅਤੇ ਕਈ ਰਾਜਾਂ ਵਿਚ ਚੋਣ ਨਤੀਜੇ ਉਲਟਾਉਣ ਦੇ ਯਤਨ ਕਰ ਰਿਹਾ ਹੈ। ਅਜਿਹਾ ਪਹਿਲੀ ਵਾਰ ਹੈ ਕਿ ਜਮਹੂਰੀ ਅਸੂਲਾਂ ਦੀਆਂ ਧੱਜੀਆਂ ਉਡਾਈਆ ਜਾ ਰਹੀਆਂ ਹਨ। ਹਮੇਸ਼ਾ ਅਮਰੀਕਾ ਵਿਚ ਰਾਸ਼ਟਰਪਤੀ ਦੀ ਚੋਣ ਬਾਅਦ ਨਵੇਂ ਰਾਸ਼ਟਰਪਤੀ ਦੀ ਤਾਜਪੋਸ਼ੀ ਬੜੇ ਸ਼ਾਂਤਮਈ ਤਰੀਕੇ ਨਾਲ ਹੁੰਦੀ ਆਈ ਹੈ। ਪਰ ਟਰੰਪ ਇਸ ਵਾਰ ਸ਼ਾਂਤਮਈ ਸੱਤਾ ਬਦਲੀ ਦੇ ਅਸੂਲ ਨੂੰ ਤੋੜ ਰਹੇ ਹਨ। ਜੋਅ ਬਾਇਡਨ ਲਈ ਨਵੀਆਂ ਤੋਂ ਨਵੀਆਂ ਸਮੱਸਿਆਵਾਂ ਖੜ੍ਹੀਆਂ ਹੋ ਰਹੀਆਂ ਹਨ। ਸਭ ਤੋਂ ਵੱਡੀ ਸਮੱਸਿਆ ਇਹ ਹੈ ਕਿ ਬਾਇਡਨ ਨੇ ਸੱਤਾ ਜਨਵਰੀ ਦੇ ਅੱਧ ਵਿਚ ਸੰਭਾਲਣੀ ਹੈ। ਪਰ ਕੋਰੋਨਾਵਾਇਰਸ ਦੇ ਕਰੋਪ ਦੇ ਵਧਣ ਕਾਰਨ ਅਮਰੀਕਾ ਵਿਚ ਪਬਲਿਕ ਹੈਲਥ ਸੰਕਟ ਵਧੇਰੇ ਡੂੰਘਾ ਹੁੰਦਾ ਜਾ ਰਿਹਾ ਹੈ ਅਤੇ ਇਹ ਸੰਕਟ ਹਰ ਦਿਨ ਵੱਧਦਾ ਜਾ ਰਿਹਾ ਹੈ। ਆਪਣੀ ਚੋਣ ਦੌਰਾਨ ਬਾਇਡਨ ਨੇ ਵਾਰ-ਵਾਰ ਅਮਰੀਕੀ ਲੋਕਾਂ ਨੂੰ ਭਰੋਸਾ ਦਿਵਾਇਆ ਸੀ ਕਿ ਉਹ ਕੋਰੋਨਾਵਾਇਰਸ ਤੋਂ ਬਚਾਅ ਲਈ ਵੱਡੇ ਯਤਨ ਆਰੰਭ ਕਰਨਗੇ। ਟਰੰਪ ਉਪਰ ਇਹ ਦੋਸ਼ ਲੱਗ ਰਿਹਾ ਹੈ ਕਿ ਉਸ ਨੇ ਕਦੇ ਵੀ ਕੋਰੋਨਾਵਾਇਰਸ ਦੇ ਖਤਰੇ ਨੂੰ ਗੰਭੀਰਤਾ ਨਾਲ ਨਹੀਂ ਲਿਆ, ਸਗੋਂ ਉਹ ਚੀਨ ਖਿਲਾਫ ਨੁਕਤਾਚੀਨੀ ਬਿਆਨ ਦੇਣ ਵਿਚ ਹੀ ਵਧੇਰੇ ਉਲਝੇ ਰਹੇ ਹਨ। ਉਨ੍ਹਾਂ ਦੇ ਵਤੀਰੇ ਕਾਰਨ ਡਬਲਯੂ.ਐੱਚ.ਓ. ‘ਚੋਂ ਅਮਰੀਕਾ ਬਾਹਰ ਹੋ ਗਿਆ ਸੀ। ਹੁਣ ਬਾਇਡਨ ਨੇ ਕਿਹਾ ਹੈ ਕਿ ਅਮਰੀਕਾ ਮੁੜ ਸੰਸਾਰ ਸਿਹਤ ਸੰਸਥਾ (ਡਬਲਯੂ.ਐੱਚ.ਓ.) ਦਾ ਮੈਂਬਰ ਬਣੇਗਾ। ਇਸ ਤੋਂ ਸਪੱਸ਼ਟ ਜ਼ਾਹਿਰ ਹੈ ਕਿ ਕੋਰੋਨਾਵਾਇਰਸ ਦੇ ਜ਼ਮਾਨੇ ਵਿਚ ਟਰੰਪ ਵੱਲੋਂ ਧਾਰਨ ਕੀਤੀਆਂ ਨੀਤੀਆਂ ਵੀ ਬਦਲੀਆਂ ਜਾਣਗੀਆਂ।
ਬਾਇਡਨ ਨੂੰ ਟਰੰਪ ਵੱਲੋਂ ਹਾਰ ਨਾ ਮੰਨ ਕੇ ਲਗਾਤਾਰ ਕੀਤੇ ਜਾ ਰਹੇ ਫੈਸਲਿਆਂ ਦੀ ਮਾਰ ਨਾਲ ਵੀ ਜੂਝਣਾ ਪਵੇਗਾ। ਟਰੰਪ ਨੇ ਸਪੱਸ਼ਟ ਹਾਰ ਤੋਂ ਬਾਅਦ ਵੀ ਅਜਿਹੇ ਫੈਸਲੇ ਲੈਣੇ ਜਾਰੀ ਰੱਖੇ ਹੋਏ ਹਨ, ਜਿਹੜੇ ਪਹਿਲਾਂ ਅਜਿਹੀ ਹਾਲਤ ਵਿਚ ਕਿਸੇ ਵੀ ਰਾਸ਼ਟਰਪਤੀ ਵੱਲੋਂ ਨਹੀਂ ਲਏ ਗਏ। ਟਰੰਪ ਅਜੇ ਵੀ ਰਾਸ਼ਟਰਪਤੀ ਵਾਲੀਆਂ ਸਾਰੀਆਂ ਤਾਕਤਾਂ ਖੁੱਲ੍ਹਦਿਲੀ ਨਾਲ ਵਰਤ ਰਹੇ ਹਨ, ਜੋ ਕਿ ਉਨ੍ਹਾਂ ਨੂੰ ਸ਼ੋਭਾ ਨਹੀਂ ਦਿੰਦਾ। ਕਿਉਂਕਿ ਅਮਰੀਕੀ ਲੋਕਾਂ ਵੱਲੋਂ ਸਪੱਸ਼ਟ ਫਤਵਾ ਦਿੱਤੇ ਜਾਣ ਨਾਲ ਇਹ ਗੱਲ ਸਾਫ ਹੋ ਗਈ ਹੈ ਕਿ ਟਰੰਪ ਦੀਆਂ ਨੀਤੀਆਂ ਤੋਂ ਲੋਕ ਖੁਸ਼ ਨਹੀਂ ਸਨ ਤੇ ਹੁਣ ਟਰੰਪ ਲੋਕਾਂ ਦਾ ਭਰੋਸਾ ਗੁਆ ਚੁੱਕਾ ਹੈ ਤੇ ਨਵੇਂ ਚੁਣੇ ਰਾਸ਼ਟਰਪਤੀ ਜਲਦ ਹੀ ਅਹੁਦਾ ਸੰਭਾਲ ਰਹੇ ਹਨ। ਅਜਿਹੀ ਹਾਲਤ ਵਿਚ ਕਿਸੇ ਵੀ ਅਹਿਮ ਮਾਮਲੇ ਬਾਰੇ ਕੋਈ ਫੈਸਲਾ ਕਰਨਾ ਟਰੰਪ ਨੂੰ ਸ਼ੋਭਦਾ ਨਹੀਂ। ਕਿਉਂਕਿ ਜਮਹੂਰੀ ਤੰਤਰ ਵਿਚ ਹਮੇਸ਼ਾ ਆਗੂ ਲੋਕ ਫਤਵੇ ਨੂੰ ਪ੍ਰਵਾਨ ਕਰਦੇ ਹਨ ਅਤੇ ਜਮਹੂਰੀ ਤਰੀਕੇ ਨਾਲ ਚੁਣੇ ਗਏ ਆਗੂਆਂ ਨੂੰ ਸੱਤਾ ਸੌਂਪਣ ਲਈ ਤਿਆਰ ਹੁੰਦੇ ਹਨ। ਪਰ ਟਰੰਪ ਦਾ ਵਤੀਰਾ ਕੁੱਝ ਵੱਖਰਾ ਹੈ ਅਤੇ ਉਹ ਲੋਕਤੰਤਰੀ ਪ੍ਰੰਪਰਾਵਾਂ ਨੂੰ ਅਹਿਮੀਅਤ ਦੇਣ ਦੀ ਥਾਂ ਆਪਣੀ ਧੌਂਸ ਤੇ ਹੁੜਮੱਤ ਵਧੇਰੇ ਚਲਾ ਰਹੇ ਲੱਗ ਰਹੇ ਹਨ। ਅਜਿਹੀ ਹਾਲਤ ਨਾਲ ਨਿਪਟਣਾ ਵੀ ਜੋਅ ਬਾਇਡਨ ਲਈ ਬੇਹੱਦ ਮੁਸ਼ਕਲ ਹੋਵੇਗਾ।


Share