
ਮੁੰਬਈ, 30 ਜੂਨ (ਪੰਜਾਬ ਮੇਲ)- ਸਿਆਸੀ ਸੰਕਟ ਵਿੱਚ ਘਿਰੇ ਮਹਾਰਾਸ਼ਟਰ ਦੇ ਮੁੱਖ ਮੰਤਰੀ ਊਧਵ ਠਾਕਰੇ ਨੇ ਅੱਜ ਰਾਤੀਂ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ। ਇਸ ਤੋਂ ਪਹਿਲਾਂ ਮਹਾਰਾਸ਼ਟਰ ਦੇ ਰਾਜਪਾਲ ਨੇ ਮਹਾ ਵਿਕਾਸ ਅਘਾੜੀ ਸਰਕਾਰ ਨੂੰ ਵੀਰਵਾਰ ਸਵੇਰੇ 11 ਵਜੇ ਤੱਕ ਬਹੁਮਤ ਸਾਬਤ ਕਰਨ ਲਈ ਕਿਹਾ ਸੀ, ਜਿਸ ਨੂੰ ਸ਼ਿਵ ਸੈਨਾ ਨੇ ਸੁਪਰੀਮ ਕੋਰਟ ਵਿੱਚ ਚੁਣੌਤੀ ਦਿੱਤੀ ਸੀ। ਜਸਟਿਸ ਸੂਰਿਆ ਕਾਂਤ ਤੇ ਜਸਟਿਸ ਜੇ.ਬੀ.ਪਾਰਦੀਵਾਲਾ ਦੀ ਸ਼ਮੂਲੀਅਤ ਵਾਲੇ ਬੈਂਚ ਨੇ ਸ਼ਿਵ ਸੈਨਾ ਦੀ ਪਟੀਸ਼ਨ ’ਤੇ ਸੁਣਵਾਈ ਕਰਦਿਆਂ ਰਾਜਪਾਲ ਦੇ ਹੁਕਮਾਂ ’ਤੇ ਰੋਕ ਲਾਉਣ ਤੋਂ ਨਾਂਹ ਕਰ ਦਿੱਤੀ। ਵੈਕੇੇਸ਼ਨ ਬੈਂਚ ਨੇ ਹਾਲਾਂਕਿ ਕਿਹਾ ਕਿ ਅਸੈਂਬਲੀ ਵਿੱਚ ਵੀਰਵਾਰ ਨੂੰ ਹੋਣ ਵਾਲੀ ਕਾਰਵਾਈ ਸ਼ਿਵ ਸੈਨਾ ਵੱਲੋਂ ਰਾਜਪਾਲ ਦੇ ਫੈਸਲੇ ਖਿਲਾਫ਼ ਦਾਇਰ ਪਟੀਸ਼ਨ ਦੇ ਅੰਤਿਮ ਫੈਸਲੇ ’ਤੇ ਨਿਰਭਰ ਕਰੇਗੀ। ਸਿਖਰਲੀ ਅਦਾਲਤ ਨੇ ਕਿਹਾ, ‘‘ਅਸੀਂ ਇਹ ਸੰਖੇਪ ਹੁਕਮ ਦਿੱਤੇ ਹਨ। ਅਸੀਂ ਰਾਜਪਾਲ ਵੱਲੋਂ ਬਹੁਮੱਤ ਸਾਬਤ ਕਰਨ ਦੇ ਹੁਕਮਾਂ ’ਤੇ ਰੋਕ ਨਹੀਂ ਲਾ ਰਹੇ। ਅਸੀਂ ਰਿੱਟ ਪਟੀਸ਼ਨ ’ਤੇ ਹੁਕਮ ਜਾਰੀ ਕੀਤੇ ਹਨ। ਤੁਸੀਂ ਪੰਜ ਦਿਨਾਂ ’ਚ ਇਸ ਬਾਰੇ ਜਵਾਬੀ ਹਲਫ਼ਨਾਮਾ ਦਾਖ਼ਲ ਕਰ ਸਕਦੇ ਹੋੋ। ਅਸੀਂ 11 ਜੁਲਾਈ ਨੂੰ ਹੋਰਨਾਂ ਕੇਸਾਂ ਦੇ ਨਾਲ ਗੁਣ-ਦੋਸ਼ਾਂ ਬਾਰੇ ਸੁਣਵਾਈ ਕਰਾਂਗੇ। ਭਲਕੇ ਦੀ ਕਾਰਵਾਈ ਇਸ ਪਟੀਸ਼ਨ ’ਤੇ ਅੰਤਿਮ ਫੈਸਲੇ ’ਤੇ ਨਿਰਭਰ ਕਰੇਗੀ।’’ ਸੁਪਰੀਮ ਕੋਰਟ ਨੇੇ ਜੇਲ੍ਹ ਵਿੱਚ ਬੰਦ ਐੱਨਸੀਪੀ ਵਿਧਾਇਕਾਂ ਨਵਾਬ ਮਲਿਕ ਤੇ ਅਨਿਲ ਦੇਸ਼ਮੁੱਖ ਨੂੰ ਵੀ ਭਲਕੇ ਫਲੋਟ ਟੈਸਟ ਵਿੱਚ ਸ਼ਾਮਲ ਹੋਣ ਦੀ ਇਜਾਜ਼ਤ ਦੇ ਦਿੱਤੀ।