ਬਹੁਤ ਸੰਜੀਦਗੀ ਨਾਲ ਵਿਚਾਰਨ ਉਪਰੰਤ ਕਾਂਗਰਸ ’ਚ ਸ਼ਾਮਲ ਹੋਣ ਦਾ ਲਿਆ ਫੈਸਲਾ : ਸੁਖਪਾਲ ਖਹਿਰਾ

213
Share

ਭੁਲੱਥ, 5 ਜੂਨ (ਅਜੈ ਗੋਗਨਾ/ਪੰਜਾਬ ਮੇਲ)ਹਲਕਾ ਭੁਲੱਥ ਤੋ ਵਿਧਾਇਕ ਸ. ਸੁਖਪਾਲ ਸਿੰਘ ਖਹਿਰਾ ਅਤੇ ਆਮ ਆਦਮੀ ਪਾਰਟੀ ਦੇ ਦੋ ਹੋਰ ਵਿਧਾਇਕ ਜਿਨ੍ਹਾਂ ’ਚ ਪਿਰਮਲ ਸਿੰਘ ਖਾਲਸਾ, ਜਗਦੇਵ ਸਿੰਘ ਕਮਾਲੂ ਖਹਿਰਾ ਸਮੇਤ ਤਿੰਨ ਵਿਧਾਇਕ ਸ਼ਾਮਿਲ ਹੋਏ ਹਨ, ਜੋ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਰਹਿਨੁਮਾਈ ਹੇਠ ਕਾਂਗਰਸ ਵਿਚ ਸ਼ਾਮਲ ਹੋਏ ਹਨ, ਜਦਕਿ ਖਹਿਰਾ ਬਹੁਤ ਪਹਿਲੇ ਹੀ ਆਮ ਆਦਮੀ ਪਾਰਟੀ ਨੂੰ ਛੱਡ ਬੈਠੇ ਸਨ। ਉਨ੍ਹਾਂ ਨੇ ਪੱਤਰਕਾਰ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਅਸੀਂ ਪੰਜਾਬ ਕੇਂਦਰਿਤ ਖੇਤਰੀ ਸ਼ਕਤੀ ਬਣਾਉਣ ਵਿਚ ਕਾਮਯਾਬ ਨਹੀਂ ਹੋ ਸਕੇ। ਸਿਆਸਤ ਉੱਤੇ ਤਿੱਖੀ ਨਜ਼ਰ ਰੱਖਣ ਵਾਲੇ ਸਾਰੇ ਇਸ ਗੱਲ ਤੋਂ ਭਲੀਭਾਂਤ ਵਾਕਿਫ ਵੀ ਹਨ ਕਿ ਮੈਂ ਪਿਛਲਾ ਇੱਕ ਸਾਲ ਸਾਰੇ ਹਮਖਿਆਲ ਆਗੂਆਂ ਨੂੰ ਇਕੱਠੇ ਕਰਨ ਦੀ ਬਹੁਤ ਕੋਸ਼ਿਸ਼ ਕੀਤੀ ਪਰੰਤੂ ਬਦਕਿਸਮਤੀ ਨਾਲ ਅਸੀਂ ਕਿਸੇ ਠੋਸ ਫੈਸਲੇ ’ਤੇ ਨਹੀਂ ਪਹੁੰਚ ਸਕੇ। ਕੌਣ ਅਤੇ ਕਿਹੜੀ ਧਿਰ ਇਸ ਪੰਜਾਬ ਪੱਖੀ ਫੈਸਲੇ ਦੇ ਰਾਹ ਵਿਚ ਅੜਿੱਕਾ ਸਨ, ਇਸ ਦਾ ਖੂਲਾਸਾ ਕਿਸੇ ਢੁੱਕਵੇਂ ਸਮੇਂ ’ਤੇ ਜ਼ਰੂਰ ਕਰਾਂਗਾ ਪਰੰਤੂ ਹਾਲ ਦੀ ਘੜੀ ਮੈਂ ਖੁਦ ਨੂੰ ਵੀ ਇਸ ਅਸਫਲਤਾ ਲਈ ਜ਼ਿੰਮੇਵਾਰ ਮੰਨਦਾ ਹਾਂ। ਉਨ੍ਹਾਂ ਕਿਹਾ ਕਿ ਮੌਜੂਦਾ ਹਲਾਤਾਂ ’ਚ ਮੈਂ ਅਕਾਲੀ ਦਲ ਬਾਦਲ ਜਾਂ ਭਾਜਪਾ ਵਿਚ ਸ਼ਾਮਲ ਹੋਣ ਬਾਰੇ ਕਦੀ ਸੋਚ ਵੀ ਨਹੀਂ ਸਕਦਾ, ਜਿਨ੍ਹਾਂ ਦਾ ਪੰਜਾਬ, ਕਿਸਾਨ ਅਤੇ ਸਿੱਖ ਵਿਰੋਧੀ ਚਿਹਰਾ ਲੋਕਾਂ ਸਾਹਮਣੇ ਨੰਗਾ ਹੋ ਚੁੱਕਾ ਹੈ। ਆਮ ਆਦਮੀ ਪਾਰਟੀ ਦੀ ਤਾਂ ਤੁੱਕ ਹੀ ਨਹੀਂ ਬਣਦੀ ਸੀ, ਜਿਸ ਨੇ ਬਿਨਾਂ ਕਾਰਨ ਦੱਸੇ ਮੈਨੂੰ ਗੈਰਸੰਵਿਧਾਨਕ ਤਰੀਕੇ ਨਾਲ ਵਿਰੋਧੀ ਧਿਰ ਦੇ ਨੇਤਾ ਤੋਂ ਬਿਲਕੁਲ ਉਸੇ ਤਰ੍ਹਾਂ ਤੌਹੀਨ ਕਰਕੇ ਹਟਾਇਆ, ਜਿਵੇਂ ਕਿਸੇ ਵੇਲੇ ਛੋਟੇਪੁਰ, ਡਾ. ਗਾਂਧੀ, ਗੁਰਪ੍ਰੀਤ ਘੁੱਗੀ ਆਦਿ ਨੂੰ ਵਰਤ ਕੇ ਬਾਹਰ ਸੁੱਟਿਆ ਸੀ। ਇਸ ਦੇ ਨਾਲ-ਨਾਲ ਹਲਕਾ ਭੁਲੱਥ ਦੇ ਲੋਕ ਵੀ ਚਾਹੁੰਦੇ ਸਨ ਕਿ ਮੈਂ ਦੁਬਾਰਾ ਕਾਂਗਰਸ ’ਚ ਸ਼ਾਮਲ ਹੋਵਾਂ, ਤਾਂ ਕਿ ਪੰਜਾਬ ਵਿਰੋਧੀ ਪਾਰਟੀਆਂ ਨੂੰ ਜਵਾਬ ਦਿੱਤਾ ਜਾ ਸਕੇ। ਉਨ੍ਹਾਂ ਅੱਗੇ ਕਿਹਾ ਕਿ ਮੈਂ ਦਿਲੋਂ ਕਹਿਣਾ ਚਾਹੁੰਦਾ ਹਾਂ ਕਿ ਹੋ ਸਕਦਾ ਹੈ ਕਿ ਮੇਰੇ ਵੱਲੋਂ ਲਏ ਗਏ ਕੁਝ ਕੁਝ ਸਿਆਸੀ ਫੈਸਲੇ ਸ਼ਾਇਦ ਠੀਕ ਨਾ ਹੋਣ, ਪਰੰਤੂ ਇੱਕ ਗੱਲ ਦਾ ਵਿਸ਼ਵਾਸ ਦਿਵਾਉਂਦਾ ਹਾਂ ਕਿ ਮੈਂ ਕਦੇ ਵੀ ਆਪਣੇ ਸੂਬੇ ਅਤੇ ਆਪਣੇ ਲੋਕਾਂ ਪ੍ਰਤੀ ਮਨ ਵਿਚ ਕੋਈ ਬੇਇਮਾਨੀ ਨਹੀਂ ਰੱਖੀ ਹੈ ਅਤੇ ਨਾ ਹੀ ਕਿਸੇ ਨਾਲ ਕੋਈ ਧੋਖਾਧੜੀ ਕੀਤੀ ਹੈ। ਉਨ੍ਹਾਂ ਪ੍ਰਣ ਕੀਤਾ ਕਿ ਮੈਂ ਚਾਹੇ ਕਿਸੇ ਵੀ ਧਿਰ ਨਾਲ ਰਹਾਂ, ਮੈਂ ਹਮੇਸ਼ਾ ਆਪਣੇ ਸੂਬੇ ਪੰਜਾਬ ਅਤੇ ਲੋਕਾਂ ਪ੍ਰਤੀ ਸੱਚੇ ਦਿਲੋਂ ਇਮਾਨਦਾਰੀ ਨਾਲ ਸਮਰਪਿਤ ਰਹਾਂਗਾ ਅਤੇ ਪਹਿਲਾਂ ਵਾਂਗ ਨਿਡਰਤਾ ਨਾਲ ਲੋਕ ਹਿੱਤ ਵਿਚ ਆਪਣੀ ਅਵਾਜ਼ ਬੁਲੰਦ ਕਰਦਾ ਰਹਾਂਗਾ। ਆਖਰ ’ਚ ਉਨ੍ਹਾਂ ਕਿਹਾ ਕਿ ਇੰਨੇ ਸਾਲ ਮੇਰਾ ਡੱਟ ਕੇ ਸਮਰਥਨ ਕਰਨ ਲਈ ਮੈਂ ਤੁਹਾਡਾ ਸਾਰਿਆਂ ਦਾ ਤਹਿ ਦਿਲੋਂ ਧੰਨਵਾਦੀ ਹਾਂ ਅਤੇ ਭਵਿੱਖ ’ਚ ਵੀ ਉਨ੍ਹਾਂ ਦਾ ਸਾਥ ਇਸੇ ਤਰ੍ਹਾਂ ਹੀ ਦਿੰਦੇ ਰਹਿਣ ਦੀ ਉਮੀਦ ਕੀਤੀ।

Share