ਬਹਿਬਲ ਗੋਲੀ ਕਾਂਡ: ਸਿਟ ਵਲੋਂ ਐਡਵੋਕੇਟ ਸੁਹੇਲ ਸਿੰਘ ਬਰਾੜ ਗ੍ਰਿਫ਼ਤਾਰ

694
Share

ਫ਼ਰੀਦਕੋਟ, 17 ਜੂਨ (ਪੰਜਾਬ ਮੇਲ)- ਬਹਿਬਲ ਗੋਲੀ ਕਾਂਡ ‘ਚ ਵਿਸ਼ੇਸ਼ ਜਾਂਚ ਟੀਮ ਵਲੋਂ ਫ਼ਰੀਦਕੋਟ ਦੇ ਨੌਜਵਾਨ ਐਡਵੋਕੇਟ ਸੁਹੇਲ ਸਿੰਘ ਬਰਾੜ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਸੁਹੇਲ ਸਿੰਘ ਬਰਾੜ ਉਹ ਵਿਅਕਤੀ ਹੈ, ਜਿਸ ਦੀ ਲਾਇਸੰਸੀ ਰਾਈਫ਼ਲ ਕਥਿਤ ਤੌਰ ‘ਤੇ ਪੁਲਿਸ ਨੇ ਜਿਪਸੀ ‘ਚ ਗੋਲੀਆਂ ਮਾਰਨ ਲਈ ਵਰਤੀ ਸੀ ਅਤੇ ਬਾਅਦ ‘ਚ ਪੁਲਿਸ ਨੇ ਦਾਅਵਾ ਕੀਤਾ ਸੀ ਕਿ ਜਿਪਸੀ ‘ਚ ਗੋਲੀਆਂ ਧਰਨਾਕਾਰੀਆਂ ਵਲੋਂ ਮਾਰੀਆਂ ਗਈਆਂ ਸਨ।
ਵਿਸ਼ੇਸ਼ ਜਾਂਚ ਟੀਮ ਦੇ ਮੈਂਬਰ ਆਈ.ਜੀ. ਕੰਵਰ ਵਿਜੈ ਪ੍ਰਤਾਪ ਸਿੰਘ ਨੇ ਇਸ ਗ੍ਰਿਫ਼ਤਾਰੀ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਸੁਹੇਲ ਸਿੰਘ ਬਰਾੜ ਨੂੰ ਅਦਾਲਤ ‘ਚ ਪੇਸ਼ ਕਰਕੇ ਪੁਲਿਸ ਰਿਮਾਂਡ ਲਿਆ ਜਾਵੇਗਾ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਤੋਂ ਬਾਅਦ ਬਹਿਬਲ ਕਲਾਂ ਵਿਖੇ ਸਿੱਖ ਸੰਗਤਾਂ ਵਲੋਂ ਦਿੱਤੇ ਗਏ ਧਰਨੇ ਦੌਰਾਨ ਪੁਲਿਸ ਫ਼ਾਇਰਿੰਗ ਵਿਚ ਦੋ ਸਿੱਖ ਵਿਅਕਤੀਆਂ ਕ੍ਰਿਸ਼ਨ ਭਗਵਾਨ ਅਤੇ ਗੁਰਜੀਤ ਸਿੰਘ ਦੀ ਮੌਤ ਹੋ ਗਈ ਸੀ। ਵਿਸ਼ੇਸ਼ ਜਾਂਚ ਟੀਮ ਨੇ ਸੁਹੇਲ ਸਿੰਘ ਬਰਾੜ ਨੂੰ ਫ਼ਰਵਰੀ 2019 ‘ਚ ਗਵਾਹ ਬਣਾ ਲਿਆ ਸੀ ਅਤੇ ਅਦਾਲਤ ‘ਚ ਉਸ ਨੇ 164 ਸੀ.ਆਰ.ਪੀ.ਸੀ. ਦੇ ਤਹਿਤ ਬਿਆਨ ਦਰਜ ਕਰਵਾਇਆ ਸੀ, ਪ੍ਰੰਤੂ ਹੁਣ ਵਿਸ਼ੇਸ਼ ਜਾਂਚ ਟੀਮ ਨੇ ਸੁਹੇਲ ਸਿੰਘ ਬਰਾੜ ਨੂੰ ਬਹਿਬਲ ਗੋਲੀ ਕਾਂਡ ‘ਚ ਮੁਲਜ਼ਮ ਵਜੋਂ ਨਾਮਜ਼ਦ ਕਰ ਲਿਆ ਹੈ।


Share