ਫਰੀਦਕੋਟ, 30 ਸਤੰਬਰ (ਪੰਜਾਬ ਮੇਲ)- ਮੁਲਤਾਨੀ ਅਗਵਾ ਮਾਮਲੇ ‘ਚ ਘਿਰੇ ਸਾਬਕਾ ਡੀ.ਜੀ.ਪੀ. ਸੁਮੇਧ ਸੈਣੀ ਦੀ ਮੁਸ਼ਕਲਾਂ ‘ਚ ਹੋਰ ਵਾਧਾ ਹੁੰਦਾ ਨਜ਼ਰ ਆ ਰਿਹਾ ਹੈ। ਬਹਿਬਲ ਕਲਾ ਗੋਲੀ ਕਾਂਡ ਦੀ ਜਾਂਚ ਕਰ ਰਹੀ ਐੱਸ.ਆਈ.ਟੀ. ਨੇ ਤਤਕਾਲੀਨ ਡੀ.ਜੀ.ਪੀ. ਸੁਮੇਧ ਸਿੰਘ ਸੈਣੀ ਅਤੇ ਮੁਅੱਤਲ ਆਈ.ਜੀ. ਪਰਮਰਾਜ ਸਿੰਘ ਉਮਰਾਨੰਗਲ ਨੂੰ ਮੁਲਜ਼ਮ ਵਜੋਂ ਨਾਮਜ਼ਦ ਕੀਤਾ ਹੈ। ਦਰਅਸਲ 14 ਅਕਤੂਬਰ 2015 ਨੂੰ ਸ਼ਾਂਤਮਈ ਧਰਨੇ ‘ਤੇ ਬੈਠੀਆਂ ਸੰਗਤਾਂ ਉੱਪਰ ਬਹਿਬਲ ਕਲਾਂ ਵਿਖੇ ਢਾਹੇ ਗਏ ਪੁਲਸੀਆ ਕਹਿਰ ਸਬੰਧੀ ਭਾਵੇਂ ਥਾਣਾ ਬਾਜਾਖਾਨਾ ਦੀ ਪੁਲਿਸ ਨੇ ਧਰਨਾਕਾਰੀਆਂ ਖ਼ਿਲਾਫ਼ ਹੀ ਵੱਖ-ਵੱਖ ਸੰਗੀਨ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਦਿੱਤਾ ਗਿਆ ਸੀ ਪਰ ਤਤਕਾਲੀਨ ਬਾਦਲ ਸਰਕਾਰ ਵਲੋਂ ਗਠਿਤ ਕੀਤੀ ਗਈ ਏ.ਡੀ.ਜੀ.ਪੀ. ਇਕਬਾਲਪ੍ਰੀਤ ਸਿੰਘ ਸਹੋਤਾ ਦੀ ਅਗਵਾਈ ਵਾਲੀ ਐੱਸ.ਆਈ.ਟੀ. ਦੀ ਜਾਂਚ ਰਿਪੋਰਟ ‘ਚ ਉਕਤ ਘਟਨਾ ਸਬੰਧੀ ਪੁਲਿਸ ਨੂੰ ਮੁਲਜ਼ਮ ਠਹਿਰਾਇਆ ਗਿਆ, ਤਾਂ ਥਾਣਾ ਬਾਜਾਖਾਨਾ ਵਿਖੇ ਅਣਪਛਾਤੀ ਪੁਲਿਸ ਖ਼ਿਲਾਫ਼ ਮੁਕੱਦਮਾ ਨੰਬਰ 130, ਮਿਤੀ 21-10-2015, ਆਈ.ਪੀ.ਸੀ. ਦੀਆਂ ਧਾਰਾਵਾਂ 302/307/34/201/218/166ਏ/120ਬੀ ਅਤੇ ਅਸਲਾ ਐਕਟ ਦੀ ਧਾਰਾ 25/27/54/59 ਤਹਿਤ ਮਾਮਲਾ ਦਰਜ ਕਰਕੇ ਖਾਨਾਪੂਰਤੀ ਕਰ ਦਿੱਤੀ ਗਈ। ਇਸ ਤੋਂ ਪਹਿਲਾਂ ਵਿਸ਼ੇਸ਼ ਜਾਂਚ ਟੀਮ ਨੇ ਇਸ ਮਾਮਲੇ ‘ਚ ਮੋਗਾ ਦੇ ਸਾਬਕਾ ਐੱਸ.ਐੱਸ.ਪੀ. ਚਰਨਜੀਤ ਸ਼ਰਮਾ, ਐੱਸ.ਪੀ. ਬਿਕਰਮ ਸਿੰਘ, ਇੰਸਪੈਕਟਰ ਪਰਦੀਪ ਸਿੰਘ, ਥਾਣਾ ਬਾਜਾਖਾਨਾ ਦੇ ਸਾਬਕਾ ਐੱਸ.ਐੱਚ.ਓ. ਅਮਰਜੀਤ ਸਿੰਘ ਕੁਲਾਰ, ਕਾਰੋਬਾਰੀ ਪੰਕਜ ਬਾਂਸਲ ਅਤੇ ਸੁਹੇਲ ਸਿੰਘ ਬਰਾੜ ਨੂੰ ਨਾਮਜ਼ਦ ਕੀਤਾ ਹੋਇਆ ਹੈ। ਇਸ ਵਿਚ ਇੰਸਪੈਕਟਰ ਪਰਦੀਪ ਸਿੰਘ ਇਸ ਮਾਮਲੇ ‘ਚ ਵਾਅਦਾ ਮੁਆਫ਼ ਗਵਾਹ ਬਣ ਗਏ ਹਨ।