ਬਹਿਬਲ ਗੋਲੀ ਕਾਂਡ : ਸਰਕਾਰ ਵੱਲੋਂ 10 ਜੁਲਾਈ ਤੱਕ ਕਾਨੂੰਨੀ ਪ੍ਰਕਿਰਿਆ ਨੂੰ ਅੰਜਾਮ ਤੱਕ ਪਹੁੰਚਾਉਣ ਦਾ ਭਰੋਸਾ

31
Share

ਸਪੈਸ਼ਲ ਅਦਾਲਤ ਵਿਚ ਸੁਣਵਾਈ 13 ਮਈ ਨੂੰ

ਫਰੀਦਕੋਟ/ਕੋਟਕਪੂਰਾ, 12 ਮਈ (ਪੰਜਾਬ ਮੇਲ)-ਐਡਵੋਕੇਟ ਜਰਨਲ ਪੰਜਾਬ ਦੀ ਟੀਮ ਨੇ ਬੁੱਧਵਾਰ ਨੂੰ ਬਹਿਬਲ ਗੋਲੀ ਕਾਂਡ ਵਿਚ ਨਾਮਜ਼ਦ ਮੁਲਜ਼ਮਾਂ ਖ਼ਿਲਾਫ਼ ਕਾਨੂੰਨੀ ਕਾਰਵਾਈ ਵਿਚ ਤੇਜ਼ੀ ਲਿਆਉਣ ਲਈ ਪਿਛਲੇ ਲਗਭਗ 6 ਮਹੀਨਿਆਂ ਤੋਂ ਧਰਨੇ ‘ਤੇ ਬੈਠੇ ਅੰਦੋਲਨਕਾਰੀਆਂ ਨਾਲ ਮੀਟਿੰਗ ਕੀਤੀ ਤੇ ਭਰੋਸਾ ਦਿੱਤਾ ਕਿ ਸਰਕਾਰ 10 ਜੁਲਾਈ ਤੱਕ ਬਹਿਬਲ ਗੋਲੀ ਕਾਂਡ ਮਾਮਲੇ ਵਿਚ ਕਾਨੂੰਨੀ ਪ੍ਰਕਿਰਿਆ ਨੂੰ ਅੰਜਾਮ ਤੱਕ ਪਹੁੰਚਾ ਦੇਵੇਗੀ। ਟੀਮ ਦੇ ਮੁਖੀ ਐਡਵੋਕੇਟ ਸੰਤੋਖਇੰਦਰ ਸਿੰਘ ਗਰੇਵਾਲ, ਇਕਬਾਲ ਸਿੰਘ, ਜਗਜੀਤ ਸਿੰਘ, ਬਲਰਾਜ ਸਿੰਘ ਅਤੇ ਗੁਰਪ੍ਰੀਤ ਸਿੰਘ ਨੇ ਆਖਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਇਸ ਦੀ ਕਾਨੂੰਨੀ ਕਾਰਵਾਈ ਵਿਚ ਤੇਜ਼ੀ ਲਿਆਉਣ ਦੀ ਹਦਾਇਤ ਕੀਤੀ ਹੈ। ਉਨ੍ਹਾਂ ਕਿਹਾ ਕਿ ਇਸ ਮਾਮਲੇ ਦੀ ਦੇਖ-ਰੇਖ ਕਰ ਰਹੀ ਕਾਨੂੰਨੀ ਟੀਮ 10 ਜੂਨ ਨੂੰ ਅੰਦੋਲਨਕਾਰੀਆਂ ਨਾਲ ਦੁਬਾਰਾ ਗੱਲਬਾਤ ਕਰੇਗੀ ਤੇ 10 ਜੁਲਾਈ ਤੱਕ ਕੇਸ ਦੀ ਪ੍ਰਗਤੀ ਰਿਪੋਰਟ ਅੰਦੋਲਨਕਾਰੀਆਂ ਸਾਹਮਣੇ ਪੇਸ਼ ਕੀਤੀ ਜਾਵੇਗੀ।
ਦੱਸਣਯੋਗ ਹੈ ਕਿ 10 ਅਪ੍ਰੈਲ ਨੂੰ ਸਰਕਾਰ ਵੱਲੋਂ ਟੀਮ ਬਣਾ ਕੇ ਭਰੋਸਾ ਦਿੱਤਾ ਗਿਆ ਸੀ ਕਿ 90 ਦਿਨਾਂ ਵਿਚ ਇਸ ਮਾਮਲੇ ‘ਚ ਕਾਰਵਾਈ ਕੀਤੀ ਜਾਵੇਗੀ। ਬੁੱਧਵਾਰ ਨੂੰ ਟੀਮ ਨਾਲ ਗੱਲਬਾਤ ਮਗਰੋਂ ਅੰਦੋਲਨਕਾਰੀਆਂ ਨੇ ਧਰਨਾ ਚੁੱਕ ਲਿਆ ਹੈ।
ਬਹਿਬਲ ਗੋਲੀ ਕਾਂਡ ਮਾਮਲੇ ਦੀ ਸੁਣਵਾਈ ਇਥੋਂ ਦੀ ਸਪੈਸ਼ਲ ਅਦਾਲਤ ਵਿਚ 13 ਮਈ ਨੂੰ ਹੋਵੇਗੀ। ਇਸ ਦਿਨ ਵਧੀਕ ਸੈਸ਼ਨ ਜੱਜ ਰਾਜੀਵ ਕਾਲੜਾ ਦੀ ਅਦਾਲਤ ‘ਚ ਮੁਲਜ਼ਮਾਂ ਖ਼ਿਲਾਫ਼ ਦੋਸ਼ ਆਇਦ ਹੋਣ ਦੇ ਮੁੱਦੇ ‘ਤੇ ਬਹਿਸ ਹੋਣੀ ਹੈ। ਅਦਾਲਤ ਵਿਚ ਚਲਾਨ ਪੇਸ਼ ਹੋਣ ਤੋਂ ਦੋ ਸਾਲ ਬਾਅਦ ਵੀ ਮੁਲਜ਼ਮਾਂ ਖ਼ਿਲਾਫ਼ ਦੋਸ਼ ਆਇਦ ਹੋਣ ਦੀ ਕਾਰਵਾਈ ਮੁਕੰਮਲ ਨਹੀਂ ਹੋ ਸਕੀ।


Share