ਬਹਿਬਲ ਗੋਲੀ ਕਾਂਡ: ਪੰਜਾਬ ਸਰਕਾਰ ਵੱਲੋਂ ਨਿਯੁਕਤ ਵਿਸ਼ੇਸ਼ ਪਬਲਿਕ ਪ੍ਰਾਸੀਕਿਊਟਰ ਅਦਾਲਤ ’ਚ ਪੇਸ਼

438
ਅਦਾਲਤ ’ਚੋਂ ਬਾਹਰ ਆਉਦੇ ਹੋਏ ਸਪੈਸ਼ਲ ਪਬਲਿਕ ਪ੍ਰਾਸੀਕਿਊਟਰ ਰਾਜਵਿੰਦਰ ਸਿੰਘ ਬੈਂਸ।
Share

-ਮੁਲਜ਼ਮਾਂ ਖ਼ਿਲਾਫ਼ ਦੋਸ਼ ਆਇਦ ਕਰਨ ਦੀ ਕੀਤੀ ਮੰਗ
ਫ਼ਰੀਦਕੋਟ, 20 ਅਕਤੂਬਰ (ਪੰਜਾਬ ਮੇਲ)- ਪੰਜਾਬ ਸਰਕਾਰ ਵਲੋਂ ਨਿਯੁਕਤ ਵਿਸ਼ੇਸ਼ ਪਬਲਿਕ ਪ੍ਰਾਸੀਕਿਊਟਰ ਸੀਨੀਅਰ ਐਡਵੋਕੇਟ ਰਾਜਵਿੰਦਰ ਸਿੰਘ ਬੈਂਸ ਬਹਿਬਲ ਗੋਲੀ ਕਾਂਡ ਮਾਮਲੇ ’ਚ ਸਥਾਨਕ ਵਧੀਕ ਸ਼ੈਸ਼ਨ ਜੱਜ ਹਰਬੰਸ ਸਿੰਘ ਲੇਖੀ ਦੀ ਅਦਾਲਤ ’ਚ ਪੇਸ਼ ਹੋਏ। ਪਹਿਲੀ ਵਾਰ ਪੇਸ਼ ਹੋਏ ਐਡਵੋਕੇਟ ਬੈਂਸ ਵਲੋਂ ਅਦਾਲਤ ਪਾਸੋਂ ਬਹਿਬਲ ਕਲਾਂ ਗੋਲੀ ਕਾਂਡ ਮਾਮਲੇ ’ਚ ਮੁਲਜ਼ਮਾਂ ਖ਼ਿਲਾਫ਼ ਦੋਸ਼ ਆਇਦ ਕਰਨ ਦੀ ਮੰਗ ਕੀਤੀ ਗਈ। ਦੂਜੇ ਪਾਸੇ ਸਾਬਕਾ ਐੱਸ.ਐੱਸ.ਪੀ. ਚਰਨਜੀਤ ਸ਼ਰਮਾ ਵਲੋਂ ਆਪਣੇ ਵਕੀਲ ਰਾਹੀਂ ਅਦਾਲਤ ’ਚ ਅਰਜ਼ੀ ਦੇ ਕੇ ਐਡਵੋਕੇਟ ਬੈਂਸ ਦੀ ਨਿਯੁਕਤੀ ਨੂੰ ਚੁਣੌਤੀ ਦਿੱਤੀ ਗਈ ਹੈ। ਉਨ੍ਹਾਂ ਆਪਣੀ ਅਰਜ਼ੀ ’ਚ ਤਰਕ ਦਿੱਤਾ ਹੈ ਕਿ ਐਡਵੋਕੇਟ ਬੈਂਸ ਕੋਟਕਪੂਰਾ ਗੋਲੀ ਕਾਂਡ ’ਚ ਮੁਦੱਈ ਦੇ ਵਕੀਲ ਰਹਿ ਚੁੱਕੇ ਹਨ, ਇਸ ਕਰਕੇ ਉਨ੍ਹਾਂ ਵਲੋਂ ਸਰਕਾਰ ਦੇ ਵਿਸ਼ੇਸ਼ ਪਬਲਿਕ ਪ੍ਰਾਸੀਕਿਊਟਰ ਵਜੋਂ ਆਪਣੀਆਂ ਸੇਵਾਵਾਂ ਦੇਣਾ ਵਾਜ਼ਿਬ ਨਹੀਂ ਹੈ। ਇਸ ’ਤੇ ਪਬਲਿਕ ਪ੍ਰਾਸੀਕਿਊਟਰ ਰਾਜਵਿੰਦਰ ਸਿੰਘ ਬੈਂਸ ਨੇ ਕਥਿਤ ਮੁਲਜ਼ਮਾਂ ਦੇ ਇਸ ਤਰਕ ਨੂੰ ਗੈਰ-ਸੰਵਿਧਾਨਕ ਦੱਸਦਿਆਂ ਕਿਹਾ ਕਿ ਉਨ੍ਹਾਂ ਦੇ ਇਸ ਹੱਕ ਨੂੰ ਕੋਈ ਕਾਨੂੰਨੀ ਚੁਣੌਤੀ ਨਹੀਂ ਦਿੱਤੀ ਜਾ ਸਕਦੀ। ਅਦਾਲਤ ਨੇ ਇਸ ਮਾਮਲੇ ਦੀ ਅਗਲੀ ਸੁਣਵਾਈ 29 ਅਕਤੂਬਰ ਤੱਕ ਪਾ ਦਿੱਤੀ ਹੈ। ਅਦਾਲਤ ’ਚ ਸੁਣਵਾਈ ਦੌਰਾਨ ਸਾਬਕਾ ਐੱਸ.ਐੱਸ.ਪੀ. ਚਰਨਜੀਤ ਸ਼ਰਮਾ, ਇੰਸਪੈਕਟਰ ਅਮਰਜੀਤ ਸਿੰਘ ਕੁਲਾਰ, ਬਿਕਰਮਜੀਤ ਸਿੰਘ, ਸੁਹੇਲ ਸਿੰਘ ਬਰਾੜ ਤੇ ਪੰਕਜ ਕੁਮਾਰ ਬਾਂਸਲ ਹਾਜ਼ਰ ਸਨ। ਇਸ ਮੌਕੇ ਅਦਾਲਤ ਨੇ ਪੁਰਾਣੀ ਸਿੱਟ ਵਲੋਂ ਦਾਖ਼ਲ ਚਾਰਜਸ਼ੀਟ ਦੀਆਂ ਕਾਪੀਆਂ ਉਕਤ ਕਥਿਤ ਮੁਲਜ਼ਮਾਂ ਨੂੰ ਮੁਹੱਈਆ ਕਰਵਾ ਦਿੱਤੀਆਂ ਹਨ।

Share