ਬਹਿਬਲ ਗੋਲੀ ਕਾਂਡ: ਉਮਰਾਨੰਗਲ ਫਿਲਹਾਲ ਪੇਸ਼ਗੀ ਜ਼ਮਾਨਤ ਲੈਣ ਦਾ ਕਾਨੂੰਨਨ ਹੱਕਦਾਰ ਨਹੀਂ : ਸੈਸ਼ਨ ਜੱਜ

570

ਫ਼ਰੀਦਕੋਟ, 7 ਅਕਤੂਬਰ (ਪੰਜਾਬ ਮੇਲ)- ਬਹਿਬਲ ਗੋਲੀ ਕਾਂਡ ਵਿੱਚ ਮੁਲਜ਼ਮ ਵਜੋਂ ਨਾਮਜ਼ਦ ਮੁਅੱਤਲੀ ਅਧੀਨ ਆਈ.ਜੀ. ਪਰਮਰਾਜ ਸਿੰਘ ਉਮਰਾਨੰਗਲ ਵੱਲੋਂ ਦਾਇਰ ਪੇਸ਼ਗੀ ਜ਼ਮਾਨਤ ਅਰਜ਼ੀ ਦਾ ਸੈਸ਼ਨ ਜੱਜ ਸੁਮੀਤ ਮਲਹੋਤਰਾ ਦੀ ਕੋਰਟ ਨੇ ਅੱਜ ਇਹ ਕਹਿੰਦਿਆਂ ਨਿਪਟਾਰਾ ਕਰ ਦਿੱਤਾ ਕਿ ਉਨ੍ਹਾਂ ਕੋਲ ਗ੍ਰਿਫ਼ਤਾਰੀ ਤੋਂ ਬਚਣ ਲਈ ਪਹਿਲਾਂ ਹੀ ਹਾਈ ਕੋਰਟ ਵੱਲੋਂ ਦਿੱਤੀ ਪੇਸ਼ਗੀ ਜ਼ਮਾਨਤ ਹੈ। ਉਮਰਾਨੰਗਲ ਨੇ ਗ੍ਰਿਫ਼ਤਾਰੀ ਦਾ ਖ਼ਦਸ਼ਾ ਜ਼ਾਹਿਰ ਕਰਦਿਆਂ ਸੈਸ਼ਨ ਕੋਰਟ ਤੋਂ ਪੇਸ਼ਗੀ ਜ਼ਮਾਨਤ ਮੰਗੀ ਸੀ। ਸੈਸ਼ਨ ਜੱਜ ਨੇ ਸਾਫ਼ ਕਰ ਦਿੱਤਾ ਕਿ ਉਮਰਾਨੰਗਲ ਹਾਲ ਦੀ ਘੜੀ ਪੇਸ਼ਗੀ ਜ਼ਮਾਨਤ ਲੈਣ ਦਾ ਕਾਨੂੰਨਨ ਹੱਕਦਾਰ ਨਹੀਂ ਹੈ।
ਜਾਣਕਾਰੀ ਅਨੁਸਾਰ ਉਮਰਾਨੰਗਲ ਨੇ 7 ਮਾਰਚ 2019 ਨੂੰ ਪੰਜਾਬ ਤੇ ਹਰਿਆਣਾ ਹਾਈਕੋਰਟ ਤੋਂ ਗ੍ਰਿਫ਼ਤਾਰੀ ਉੱਪਰ ਆਰਜ਼ੀ ਰੋਕ ਦਾ ਹੁਕਮ ਲਿਆ ਹੋਇਆ ਹੈ। ਅਦਾਲਤ ਨੇ ਸਪੱਸ਼ਟ ਕੀਤਾ ਕਿ ਉਮਰਾਨੰਗਲ ਦੀ ਗ੍ਰਿਫ਼ਤਾਰੀ ਉੱਪਰ ਇੱਕ ਹਫ਼ਤੇ ਲਈ ਰੋਕ ਲੱਗੀ ਹੋਈ ਹੈ ਅਤੇ ਹਾਈ ਕੋਰਟ ਦੇ ਹੁਕਮਾਂ ਮੁਤਾਬਕ ਜਾਂਚ ਟੀਮ ਇੱਕ ਹਫ਼ਤੇ ਦਾ ਨੋਟਿਸ ਦੇਣ ਉਪਰੰਤ ਹੀ ਉਮਰਾਨੰਗਲ ਨੂੰ ਗ੍ਰਿਫ਼ਤਾਰ ਕਰ ਸਕਦੀ ਹੈ। ਇਸ ਲਈ ਉਮਰਾਨੰਗਲ ਵੱਲੋਂ ਗ੍ਰਿਫ਼ਤਾਰੀ ਦਾ ਖਦਸ਼ਾ ਜਤਾਉਣਾ ਗ਼ਲਤ ਸਾਬਤ ਹੁੰਦਾ ਹੈ।
ਜਾਂਚ ਟੀਮ ਦੇ ਐੱਸ.ਪੀ. ਬਲਬੀਰ ਸਿੰਘ ਨੇ ਅਦਾਲਤ ਨੂੰ ਦੱਸਿਆ ਕਿ ਉਮਰਾਨੰਗਲ ਨੂੰ ਅਜੇ ਤੱਕ ਨੋਟਿਸ ਜਾਰੀ ਨਹੀਂ ਕੀਤਾ ਗਿਆ ਅਤੇ ਉਹ ਪੰਜਾਬ ਤੇ ਹਰਿਆਣਾ ਹਾਈ ਕੋਰਟ ਵੱਲੋਂ ਜਾਰੀ ਉਪਰੋਕਤ ਹੁਕਮਾਂ ਦੀ ਪਾਲਣਾ ਕਰਨਗੇ। ਇਸ ਤੋਂ ਪਹਿਲਾਂ ਹੋਈ ਬਹਿਸ ਵਿਚ ਜ਼ਿਲ੍ਹਾ ਅਟਾਰਨੀ ਨੇ ਅਦਾਲਤ ਨੂੰ ਦੱਸਿਆ ਕਿ ਪੜਤਾਲ ਦੌਰਾਨ ਆਈ.ਜੀ. ਅਮਰ ਸਿੰਘ ਚਾਹਲ ਨੇ ਖੁਲਾਸਾ ਕੀਤਾ ਸੀ ਕਿ ਪਰਮਰਾਜ ਸਿੰਘ ਉਮਰਾਨੰਗਲ ਨੂੰ ਕੋਟਕਪੂਰਾ ਤੇ ਬਹਿਬਲ ਵਿਚ ਲੱਗੇ ਧਰਨੇ ‘ਚ ਬੁਲਾਇਆ ਨਹੀਂ ਗਿਆ ਅਤੇ ਉਸ ਦਾ ਆਪਣੇ ਆਪ ਧਰਨੇ ਵਿਚ ਪੁੱਜਣਾ ਸਾਜ਼ਿਸ਼ ਜਾਪਦਾ ਹੈ। ਦੂਜੇ ਪਾਸੇ ਉਮਰਾਨੰਗਲ ਵੱਲੋਂ ਪੇਸ਼ ਸੀਨੀਅਰ ਵਕੀਲ ਏ.ਪੀ.ਐੱਸ. ਦਿਓਲ ਨੇ ਕਿਹਾ ਕਿ ਆਈ.ਜੀ. ਉਮਰਾਨੰਗਲ ਨੂੰ ਸਾਜ਼ਿਸ਼ ਅਤੇ ਰੰਜਿਸ਼ ਤਹਿਤ ਬਹਿਬਲ ਗੋਲੀ ਕਾਂਡ ਮਾਮਲੇ ‘ਚ ਫਸਾਇਆ ਜਾ ਰਿਹਾ ਹੈ। ਉਨ੍ਹਾਂ ਵਿਸ਼ੇਸ਼ ਜਾਂਚ ਟੀਮ ਦੇ ਅਧਿਕਾਰੀਆਂ ‘ਤੇ ਪੜਤਾਲ ਦੌਰਾਨ ਪੱਖਪਾਤ ਦੇ ਦੋਸ਼ ਲਾਉਂਦਿਆਂ ਦਾਅਵਾ ਕੀਤਾ ਕਿ ਟੀਮ ਦੇ ਮੈਂਬਰ ਆਈ.ਜੀ. ਕੁੰਵਰਵਿਜੈ ਪ੍ਰਤਾਪ ਸਿੰਘ ਨੂੰ ਬਦਲਣ ਲਈ ਹਾਈ ਕੋਰਟ ਵਿਚ ਕਾਨੂੰਨੀ ਕਾਰਵਾਈ ਚੱਲ ਰਹੀ ਹੈ, ਜਿਸ ਉੱਪਰ 15 ਅਕਤੂਬਰ ਨੂੰ ਫੈਸਲਾ ਆਉਣ ਦੀ ਸੰਭਾਵਨਾ ਹੈ।