ਬਹਿਬਲ ਗੋਲੀ ਕਾਂਡ: ਅਦਾਲਤ ਵੱਲੋਂ ਸੁਣਵਾਈ 28 ਜਨਵਰੀ ਨੂੰ ਤੈਅ

170
Share

ਫਰੀਦਕੋਟ, 19 ਜਨਵਰੀ (ਪੰਜਾਬ ਮੇਲ)- ਬਹਿਬਲ ਗੋਲੀ ਕਾਂਡ ਦੀ ਇੱਥੇ ਵਧੀਕ ਸੈਸ਼ਨ ਜੱਜ ਹਰਬੰਸ ਸਿੰਘ ਲੇਖੀ ਦੀ ਅਦਾਲਤ ’ਚ ਸੁਣਵਾਈ ਹੋਣੀ ਸੀ ਪਰ ਇਸ ਕੇਸ ਵਿਚ ਮੁਲਜ਼ਮ ਵਜੋਂ ਨਾਮਜ਼ਦ ਉੱਚ ਪੁਲਿਸ ਅਧਿਕਾਰੀ ਬਿਮਾਰ ਹੋਣ ਕਾਰਨ ਅਦਾਲਤ ਸਾਹਮਣੇ ਪੇਸ਼ ਨਹੀਂ ਹੋਏ, ਜਿਸ ਕਰਕੇ ਅਦਾਲਤ ਨੇ ਇਸ ਮਾਮਲੇ ਦੀ ਅਗਲੀ ਸੁਣਵਾਈ 28 ਜਨਵਰੀ ਤੈਅ ਕੀਤੀ ਹੈ। ਐੱਸ.ਪੀ. ਬਿਕਰਮ ਸਿੰਘ ਨੇ ਅਦਾਲਤ ਵਿਚ ਹਾਜ਼ਰ ਨਾ ਹੋ ਸਕਣ ਦੀ ਅਰਜ਼ੀ ਦੇ ਕੇ ਦੱਸਿਆ ਕਿ ਕਰੋਨਾ ਹੋਣ ਕਾਰਨ ਉਹ ਅਦਾਲਤ ਵਿਚ ਪੇਸ਼ ਨਹੀਂ ਹੋ ਸਕਦਾ, ਜਦੋਂਕਿ ਪਰਮਰਾਜ ਸਿੰਘ ਉਮਰਾਨੰਗਲ ਅਤੇ ਸਾਬਕਾ ਪੁਲਿਸ ਮੁਖੀ ਚਰਨਜੀਤ ਸ਼ਰਮਾ ਨੇ ਸਿਹਤ ਠੀਕ ਨਾ ਹੋਣ ਕਾਰਨ ਪੇਸ਼ੀ ਨਹੀਂ ਭੁਗਤੀ। ਅਦਾਲਤ ਨੇ ਮੁਲਜ਼ਮਾਂ ਖਿਲਾਫ਼ ਦੋਸ਼ ਆਇਦ ਕਰਨ ਦੇ ਮੁੱਦੇ ’ਤੇ ਬਹਿਸ ਸੁਣਨੀ ਸੀ। ਇਸੇ ਦਰਮਿਆਨ ਬਹਿਬਲ ਗੋਲੀ ਕਾਂਡ ਦੇ ਪੀੜਤਾਂ ਨੇ 20 ਜਨਵਰੀ ਨੂੰ ਬਹਿਬਲ ਕਲਾਂ ਵਿਚ ਪੰਥਕ ਇਕੱਠ ਕਰਨ ਦਾ ਐਲਾਨ ਕੀਤਾ ਹੈ।
ਇਸ ਮਾਮਲੇ ਸਬੰਧੀ ਇਨਸਾਫ਼ ਦੀ ਲੜਾਈ ਲੜ ਰਹੇ ਸੁਖਰਾਜ ਸਿੰਘ ਨੇ ਕਿਹਾ ਕਿ ਬਹਿਬਲ ਗੋਲੀ ਕਾਂਡ ਦੇ ਮੁਲਜ਼ਮਾਂ ਨੂੰ ਪੰਜਾਬ ਸਰਕਾਰ ਸਜ਼ਾ ਦਿਵਾਉਣ ਵਿਚ ਬੁਰੀ ਤਰ੍ਹਾਂ ਅਸਫ਼ਲ ਰਹੀ ਹੈ। ਪੀੜਤ ਪਰਿਵਾਰ ਪਿਛਲੇ ਇੱਕ ਮਹੀਨੇ ਤੋਂ ਗੋਲੀ ਕਾਂਡ ਵਾਲੀ ਥਾਂ ’ਤੇ ਧਰਨੇ ਉੱਪਰ ਬੈਠਾ ਹੋਇਆ ਹੈ। ਇਸ ਤੋਂ ਪਹਿਲਾਂ ਵੀ ਉਨ੍ਹਾਂ ਵੱਲੋਂ ਸੰਘਰਸ਼ ਕੀਤਾ ਗਿਆ ਸੀ ਪਰ ਉਨ੍ਹਾਂ ਨੂੰ ਇਨਸਾਫ਼ ਨਹੀਂ ਮਿਲਿਆ। ਹੁਣ ਪਰਿਵਾਰ ਨੇ 20 ਜਨਵਰੀ ਨੂੰ ਪੰਥਕ ਇਕੱਠ ਕਰਨ ਦਾ ਐਲਾਨ ਕੀਤਾ ਹੈ। ਹਾਲਾਂਕਿ ਭਾਰਤ ਦੇ ਚੋਣ ਕਮਿਸ਼ਨ ਨੇ 22 ਜਨਵਰੀ ਤੱਕ ਕਿਸੇ ਵੀ ਤਰ੍ਹਾਂ ਦੇ ਜਨਤਕ ਇਕੱਠ ਉੱਪਰ ਰੋਕ ਲਾਈ ਹੋਈ ਹੈ। ਇਸ ਦੇ ਬਾਵਜੂਦ ਪੀੜਤਾਂ ਨੇ ਇਨਸਾਫ਼ ਲੈਣ ਲਈ ਇਕੱਠ ਕਰਨ ਦਾ ਐਲਾਨ ਕੀਤਾ ਹੈ।

Share