ਬਹਿਬਲ ਗੋਲੀਕਾਂਡ : ਸਾਬਕਾ ਡੀਜੀਪੀ ਸੈਣੀ ਤੇ ਆਈਜੀ ਉਮਰਾਨੰਗਲ ਨੇ ਮੰਗੀ ਪੇਸ਼ਗੀ ਜ਼ਮਾਨਤ

471
ਪਰਮਰਾਜ ਸਿੰਘ ਉਮਰਾਨੰਗਲ, ਸੁਮੇਧ ਸੈਣੀ,
Share

ਫਰੀਦਕੋਟ, 5 ਫਰਵਰੀ (ਪੰਜਾਬ ਮੇਲ)-  ਲਗਪਗ ਪੰਜ ਸਾਲ ਪੁਰਾਣੇ ਬਹਿਬਲ ਗੋਲੀਕਾਂਡ ਕੇਸ ਦੇ ਮੁਲਜ਼ਮ ਤਤਕਾਲੀ ਡੀਜੀਪੀ ਸੁਮੈਧ ਸਿੰਘ ਸੈਣੀ ਤੇ ਆਈਜੀ ਪਰਮਰਾਜ ਸਿੰਘ ਉਮਰਾਨੰਗਲ ਨੇ ਵੀਰਵਾਰ ਨੂੰ ਜ਼ਿਲ੍ਹਾ ਤੇ ਸੈਸ਼ਨ ਜੱਜ ਸੁਮਿਤ ਮਲਹੋਤਰਾ ਦੀ ਅਦਾਲਤ ’ਚ ਪੇਸ਼ਗੀ ਜ਼ਮਾਨਤ ਅਰਜ਼ੀ ਦਾਖਲ ਕੀਤੀ ਹੈ।
ਇਸ ਅਰਜ਼ੀ ’ਤੇ ਜ਼ਿਲ੍ਹਾ ਅਦਾਲਤ ਨੇ ਸੂਬਾ ਸਰਕਾਰ ਨੂੰ ਨੋਟਿਸ ਜਾਰੀ ਕਰਦੇ ਹੋਏ ਸੁਣਵਾਈ ਲਈ 8 ਫਰਵਰੀ ਦੀ ਤਰੀਕ ਤੈਅ ਕੀਤੀ ਹੈ। ਇਸ ਕੇਸ ’ਚ ਪੰਜਾਬ ਪੁਲਿਸ ਦੀ ਐੱਸਆਈਟੀ ਨੇ ਦੋਵਾਂ ਅਧਿਕਾਰੀਆਂ ਨੂੰ ਪਿਛਲੇ ਸਾਲ ਛੇ ਅਕਤੂਬਰ ਨੂੰ ਨਾਮਜ਼ਦ ਕਰ ਲਿਆ ਸੀ ਤੇ ਪਿਛਲੇ ਮਹੀਨੇ 15 ਜਨਵਰੀ ਨੂੰ ਉਨ੍ਹਾਂ ਖਿਲਾਫ਼ ਜੇਐੱਮਆਈਸੀ ਦੀ ਅਦਾਲਤ ’ਚ ਚਾਰਜਸ਼ੀਟ ਵੀ ਦਾਖਲ ਕਰ ਦਿੱਤੀ ਸੀ ਜਿਸ ਦੇ ਆਧਾਰ ’ਤੇ ਜੇਐੱਮਆਈਸੀ ਸੁਰੇਸ਼ ਕੁਮਾਰ ਦੀ ਅਦਾਲਤ ਨੇ ਉਨ੍ਹਾਂ ਨੂੰ 9 ਫਰਵਰੀ ਨੂੰ ਪੇਸ਼ ਹੋਣ ਲਈ ਨੋਟਿਸ ਜਾਰੀ ਕੀਤਾ ਹੋਇਆ ਹੈ। ਅਦਾਲਤ ’ਚ ਪੇਸ਼ ਹੋਣ ਤੋਂ ਪਹਿਲਾਂ ਦੋਵੇਂ ਅਧਿਕਾਰੀਆਂ ਨੇ ਪੇਸ਼ਗੀ ਜ਼ਮਾਨਤ ਲਈ ਜ਼ਿਲ੍ਹਾ ਅਦਾਲਤ ’ਚ ਅਰਜ਼ੀ ਦਾਖਲ ਕੀਤੀ ਹੈ।

ਬਹਿਬਲ ਗੋਲੀਕਾਂਡ ਵਾਲੇ ਦਿਨ 14 ਅਕਤੂਬਰ 2015 ਨੂੰ ਪੁਲਿਸ ਦੀ ਗੋਲੀ ਲੱਗਣ ਕਾਰਨ ਦੋ ਨੌਜਵਾਨਾਂ ਦੀ ਮੌਤ ਹੋ ਗਈ ਸੀ ਜਿਸ ’ਚ ਇਖ ਹਫਤੇ ਬਾਅਦ 21 ਅਕਤੂਬਰ ਨੂੰ ਅਣਪਛਾਤੀ ਪੁਲਿਸ ਪਾਰਟੀ ’ਤੇ ਹੱਤਿਆ ਦਾ ਮਾਮਲਾ ਦਰਜ ਕੀਤਾ ਗਿਆ ਸੀ। ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਦੇ ਆਧਾਰ ’ਤੇ ਇਸ ਕੇਸ ’ਚ ਤਤਕਾਲੀ ਐੱਸਐੱਸਪੀ ਮੋਗਾ ਤਰਨਜੀਤ ਸਿੰਘ ਸ਼ਰਮਾ, ਉਨ੍ਹਾਂ ਦੇ ਰੀਡਰ ਇੰਸਪੈਕਟਰ ਪ੍ਰਦੀਪ ਸਿੰਘ, ਐੱਸਪੀ ਫਾਜ਼ਿਲਕਾ ਬਿਕਰਮਜੀਤ ਸਿੰਘ ਤੇ ਤਤਕਾਲੀ ਐੱਸਐੱਚਓ ਬਾਜਾਖਾਨਾ ਅਮਰਜੀਤ ਸਿੰਘ ਕੁਲਾਰ ਨੂੰ ਨਾਮਜ਼ਦ ਕੀਤਾ ਗਿਆ।ਪਿਛਲੇ ਸਾਲ ਹੀ ਐੱਸਆਈਟੀ ਨੇ ਇਸ ਕੇਸ ’ਚ ਤਤਕਾਲੀ ਐੱਸਐੱਚਓ ਸਿਟੀ ਕੋਟਕਪੂਰਾ ਗੁਰਦੀਪ ਸਿੰਘ ਪੰਧੇਰ ਤੋਂ ਇਲਾਵਾ ਮੁਲਜ਼ਮ ਪੁਲਿਸ ਅਧਿਕਾਰੀਆਂ ਦੀ ਮਦਦ ਦੇ ਦੋਸ਼ ’ਚ ਫਰੀਦਕੋਟ ਦੇ ਸੁਹੇਲ ਸਿੰਘ ਬਰਾੜ ਤੇ ਮੋਗਾ ਦੇ ਪੰਕਜ ਬਾਂਸਲ ਨੂੰ ਵੀ ਗਿ੍ਰਫ਼ਤਾਰ ਕਰ ਲਿਆ ਗਿਆ ਤੇ ਪਹਿਲਾਂ ਤੋਂ ਨਾਮਜ਼ਦ ਇੰਸਪੈਕਟਰ ਪ੍ਰਦੀਪ ਸਿੰਘ ਨੂੰ ਵਾਦਾ ਮਾਫ ਗਵਾਹ ਬਣਾ ਲਿਆ ਸੀ।

ਵਾਦਾ ਮਾਫ ਗਵਾਹ ਇੰਸਪੈਕਟਰ ਪ੍ਰਦੀਪ ਸਿੰਘ ਵਲੋਂ ਦਰਜ ਕਰਵਾਏ ਗਏ ਬਿਆਨਾਂ ਤੇ ਜਾਂਚ ਰਿਪੋਰਟ ਦੇ ਆਧਾਰ ’ਤੇ ਐੱਸਆਈਟੀ ਨੇ ਉਕਤ ਕੇਸ ’ਚ ਤਤਕਾਲੀ ਡੀਜੀਪੀ ਸੈਣੀ, ਤਤਕਾਲੀ ਪੁਲਿਸ ਕਮਿਸ਼ਨਰ ਲੁਧਿਆਣਾ ਆਈਜੀ ਉਰਮਾਨੰਗਲ ਨੂੰ ਨਾਮਜ਼ਦ ਕੀਤਾ ਗਿਆ ਸੀ ਤੇ ਬਾਅਦ ’ਚ ਉਨ੍ਹਾਂ ਖ਼ਿਲਾਫ਼ ਚਾਰਜਸ਼ੀਟ ਵੀ ਦਾਖਲ ਕੀਤੀ ਗਈ ਸੀ।

ਐੱਸਆਈਟੀ ਦੀ ਪੜਤਾਲ ਦੌਰਾਨ ਸਾਹਮਣੇ ਆਇਆ ਸੀ ਕਿ ਬਹਿਬਲ ਗੋਲੀਕਾਂਡ ਵਾਲੇ ਦਿਨ ਆਈਜੀ ਉਮਰਾਨੰਗਲ ਲਗਾਤਾਰ ਡੀਜੀਪੀ ਸੈਣੀ ਨਾਲ ਸੰਪਰਕ ਬਣਾਏ ਹੋਏ ਸਨ ਤੇ ਉਨ੍ਹਾਂ ਦੀ ਆਪਸ ’ਚ 22 ਵਾਰ ਗੱਲ ਹੋਈ ਸੀ। ਇਸ ਦੇ ਆਧਾਰ ’ਤੇ ਐੱਸਆਈਟੀ ਨੇ ਦੋਵਾਂ ਅਧਿਕਾਰੀਆਂ ਨੂੰ ਬਹਿਬਲ ਗੋਲੀਕਾਂਡ ਦੀ ਸਾਜ਼ਿਸ਼ ਹੋਣ ਦਾ ਦਾਅਵਾ ਕੀਤਾ ਹੈ।

Share