ਬਹਿਬਲ ਕਲਾਂ ਗੋਲੀਕਾਂਡ: ਹੁਣ ਪੁਲਿਸ ਅਫ਼ਸਰਾਂ ਦੀ ਸਾਜਿਸ਼ ਦੁਆਲੇ ਘੁੰਮਣ ਲੱਗੀ ਜਾਂਚ

801
Share

ਜਲੰਧਰ, 22 ਜੁਲਾਈ (ਮੇਜਰ ਸਿੰਘ)-ਬਹਿਬਲ ਕਲਾਂ ਗੋਲੀਕਾਂਡ ਦੀ ਵਿਸ਼ੇਸ਼ ਜਾਂਚ ਟੀਮ ਵੱਲੋਂ ਕੀਤੀ ਜਾ ਰਹੀ ਤਫ਼ਤੀਸ਼ ਹੁਣ ਇਸ ਮਾਮਲੇ ‘ਚ ਪੁਲਿਸ ਅਫ਼ਸਰਾਂ ਵੱਲੋਂ ਘੜੀ ਸਾਜ਼ਿਸ਼ ਦੁਆਲੇ ਘੁੰਮਣ ਲੱਗੀ ਹੈ। ਇਸ ਤੋਂ ਪਹਿਲਾਂ ‘ਸਿਟ’ ਦੀ ਤਫ਼ਤੀਸ਼ ਇਥੇ ਹਾਜ਼ਰ ਪੁਲਿਸ ਅਫ਼ਸਰਾਂ ਤੱਕ ਹੀ ਸੀਮਤ ਸੀ ਤੇ ‘ਸਿਟ’ ਇਸ ਮਾਮਲੇ ‘ਚ ਕਰੀਬ ਇਕ ਸਾਲ ਪਹਿਲਾਂ ਦੋਸ਼ੀ ਐਲਾਨੇ ਮੋਗਾ ਦੇ ਸੇਵਾ-ਮੁਕਤ ਐੱਸ.ਐੱਸ.ਪੀ. ਵਿਰੁੱਧ ਚਲਾਨ ਵੀ ਪੇਸ਼ ਕਰ ਚੁੱਕੀ ਹੈ ਤੇ ਬਾਕੀ ਮੁਲਜ਼ਮ ਐਲਾਨੇ 3 ਪੁਲਿਸ ਅਫ਼ਸਰਾਂ ਖ਼ਿਲਾਫ਼ ਮੁੜ ਚਲਾਨ ਵੀ ਪੇਸ਼ ਨਹੀਂ ਕੀਤਾ। ਪਿਛਲੇ ਮਹੀਨੇ ਬਹਿਬਲ ਕਲਾਂ ਮੁਕੱਦਮੇ ਦੀ ਜਾਂਚ ਦਾ ਕੰਮ ਵੀ ਆਈ.ਜੀ. ਕੁੰਵਰ ਵਿਜੇ ਪ੍ਰਤਾਪ ਸਿੰਘ ਦੇ ਹੱਥ ਆਉਣ ਤੋਂ ਬਾਅਦ ਨਾ ਸਿਰਫ਼ ਜਾਂਚ ਦਾ ਕੰਮ ਤੇਜ਼ ਕਰ ਦਿੱਤਾ ਗਿਆ ਹੈ, ਸਗੋਂ ਜਾਂਚ ਦੀ ਦਿਸ਼ਾ ਵੀ ਬਦਲ ਗਈ ਹੈ। ‘ਸਿਟ’ ਅੰਦਰਲੇ ਸੂਤਰਾਂ ਮੁਤਾਬਕ ਬਹਿਬਲ ਕਲਾਂ ਕਾਂਡ ਦੀ ਸਾਜ਼ਿਸ਼ ਕੋਟਕਪੂਰਾ ਵਿਖੇ ਘੜੀ ਸਮਝੀ ਜਾ ਰਹੀ ਹੈ। ਇਸੇ ਦਿਸ਼ਾ ਅਧੀਨ ਸੇਵਾ-ਮੁਕਤ ਐੱਸ.ਐੱਸ.ਪੀ. ਮੋਗਾ ਦੀ ਜਿਪਸੀ ਨੂੰ ਫ਼ਰੀਦਕੋਟ ਲਿਆ ਕੇ ਗੋਲੀਆਂ ਮਾਰ ਕੇ ਸਿੱਖ ਸੰਗਤ ਨੂੰ ਦੋਖੀ ਗਰਦਾਰਨਣ ਦੀ ਸਾਜ਼ਿਸ਼ ਵਿਚ ਸੁਹੇਲ ਸਿੰਘ ਬਰਾੜ ਤੇ ਪੰਕਜ ਬਾਂਸਲ ਗ੍ਰਿਫ਼ਤਾਰ ਕਰ ਲਏ ਗਏ ਹਨ ਤੇ ਇਸ ਤੋਂ ਬਾਅਦ ਹੁਣ ਕੋਟਕਪੂਰਾ ਦੇ ਥਾਣਾ ਮੁਖੀ ਰਹੇ ਗੁਰਦੀਪ ਸਿੰਘ ਪੰਧੇਰ ਬਹਿਬਲ ਕਲਾਂ ਗੋਲੀਕਾਂਡ ‘ਚ ਨਾਮਜ਼ਦ ਕਰ ਦਿੱਤਾ ਗਿਆ ਹੈ। ਥਾਣਾ ਮੁਖੀ ਪੰਧੇਰ ਨੂੰ ਪਿਛਲੇ ਦਿਨੀਂ ਪਹਿਲਾ ਕੋਟਕਪੂਰਾ ਵਿਖੇ ਹੋਏ ਲਾਠੀਚਾਰਜ ਤੇ ਗੋਲੀਬਾਰੀ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਗਿਅ ਸੀ ਪਰ ‘ਸਿਟ’ ਵੱਲੋਂ ਹੁਣ ਦੱਸਿਆ ਗਿਆ ਹੈ ਕਿ ਬਹਿਬਲ ਕਲਾਂ ਗੋਲੀਕਾਂਡ ਦੀ ਸਾਜ਼ਿਸ਼ ਕੋਟਕਪੂਰਾ ਵਿਖੇ ਲਾਠੀਚਾਰਜ ਤੇ ਗੋਲੀ ਚਲਾਏ ਜਾਣ ਸਮੇਂ ਹੀ ਘੜੀ ਗਈ। ਹਾਲਾਂਕਿ ਉਸ ਸਮੇਂ ਦਾ ਕੋਟਕਪੂਰਾ ਦਾ ਥਾਣਾ ਮੁਖੀ ਪੰਧੇਰ ਬਹਿਬਲ ਕਲਾਂ ‘ਚ ਵਾਪਰੀ ਘਟਨਾ ਸਮੇਂ ਹਾਜ਼ਰ ਨਹੀਂ ਸੀ ਪਰ ਉਸ ਨੂੰ ਸਾਜ਼ਿਸ਼ ‘ਚ ਸ਼ਾਮਲ ਕਰਕੇ ਦੋਸ਼ੀ ਨਾਮਜ਼ਦ ਕਰ ਦਿੱਤਾ ਹੈ ਤੇ ਨਾਲ ਹੀ ਤਤਕਾਲੀ ਐੱਸ.ਐੱਸ.ਪੀ. ਤੇ ਡੀ.ਐੱਸ.ਪੀ. ਨੂੰ ਜਾਂਚ ‘ਚ ਸ਼ਾਮਲ ਕਰਕੇ ਕੋਟਕਪੂਰਾ ਕੇਸ ‘ਚ ਮੁਅੱਤਲ ਆਈ.ਜੀ. ਤੇ ਸਾਬਕਾ ਡੀ.ਜੀ.ਪੀ. ਨੂੰ ਇਸ ਕੇਸ ‘ਚ ਨਾਮਜ਼ਦ ਕਰਨ ਦੀ ਦਿਸ਼ਾ ਤੈਅ ਹੋ ਗਈ ਹੈ। ‘ਸਿਟ’ ਸੂਤਰਾਂ ਦਾ ਕਹਿਣਾ ਹੈ ਕਿ ਕੋਟਕਪੂਰਾ ਤੇ ਬਹਿਬਲ ਕਲਾਂ ਵਿਖੇ ਰੋਸ ਪ੍ਰਗਟ ਕਰਨ ਵਾਲੀ ਸੰਗਤ ਨੂੰ ਖਦੇੜਨ ਦੀ ਯੋਜਨਾ ਕੋਟਕਪੂਰਾ ‘ਚ ਹੀ ਘੜੀ ਗਈ ਸੀ ਤੇ ਦੋਵੇਂ ਥਾਵਾਂ ਉੱਪਰ ਵਾਪਰੀਆਂ ਘਟਨਾਵਾਂ ਬਾਰੇ ਝੂਠੀਆਂ ਰਿਪੋਰਟਾਂ ਲਿਖਣ ਤੇ ਸਬੂਤਾਂ ਨੂੰ ਮਿਟਾਉਣ ਤੇ ਫ਼ਰਜ਼ੀ ਸਬੂਤ ਘੜਨ ਬਾਰੇ ਵਿਉਂਤਾਂ ਵੀ ਬਾਅਦ ‘ਚ ਮੁੜ ਇਸੇ ਜਗ੍ਹਾ ਬੈਠ ਕੇ ਹੀ ਬਣਾਈਆਂ ਗਈਆਂ ਸਨ। ਇਹ ਵੀ ਸਮਝਿਆ ਜਾ ਰਿਹਾ ਹੈ ਕਿ ਪਿਛਲੇ ਸਾਲ ‘ਸਿਟ’ ਵੱਲੋਂ ਦੋਸ਼ੀ ਕਰਾਰ ਦਿੱਤੇ ਤਿੰਨਾਂ ਮੁਲਜ਼ਮਾਂ ਐੱਸ.ਪੀ. ਬਿਕਰਮਜੀਤ ਸਿੰਘ, ਥਾਣਾ ਬਾਜਾਖਾਨਾ ਦੇ ਮੁਖੀ ਅਮਰਜੀਤ ਸਿੰਘ ਕੁਲਾਰ ਤੇ ਪ੍ਰਦੀਪ ਕੁਮਾਰ ਨੂੰ ਮੁੜ ਜਾਂਚ ‘ਚ ਸ਼ਾਮਲ ਕੀਤਾ ਜਾ ਸਕਦਾ ਹੈ।


Share