ਬਹਿਬਲ ਕਲਾਂ ਗੋਲੀਕਾਂਡ: ਮਾਮਲੇ ਦੀ ਸੁਣਵਾਈ 11 ਮਾਰਚ ਤੱਕ ਮੁਲਤਵੀ

142
Share

ਫ਼ਰੀਦਕੋਟ, 28 ਫਰਵਰੀ (ਪੰਜਾਬ ਮੇਲ)-ਇੱਥੇ ਵਧੀਕ ਸੈਸ਼ਨ ਜੱਜ ਹਰਬੰਸ ਸਿੰਘ ਲੇਖੀ ਦੀ ਅਦਾਲਤ ’ਚ ਬਹਿਬਲ ਕਲਾਂ ਗੋਲੀਕਾਂਡ ਦੀ ਸੁਣਵਾਈ ਹੋਈ। ਸੁਣਵਾਈ ਦੌਰਾਨ ਆਈ.ਜੀ. ਪਰਮਰਾਜ ਸਿੰਘ ਉਮਰਾਨੰਗਲ ਤੋਂ ਬਿਨਾਂ ਬਾਕੀ ਸਾਰੇ ਮੁਲਜ਼ਮ ਅਦਾਲਤ ਵਿਚ ਹਾਜ਼ਰ ਸਨ। ਵਧੀਕ ਸੈਸ਼ਨ ਜੱਜ ਹਰਬੰਸ ਸਿੰਘ ਲੇਖੀ ਨੇ ਇਸ ਕੇਸ ਦੀ ਸੁਣਵਾਈ 11 ਮਾਰਚ ਨੂੰ ਕਰਨ ਦੇ ਆਦੇਸ਼ ਦਿੱਤੇ ਹਨ। ਬਹਿਬਲ ਕਲਾਂ ਗੋਲੀਕਾਂਡ ’ਚ ਮੁਲਜ਼ਮ ਵਜੋਂ ਨਾਮਜ਼ਦ ਹੋਏ ਪੁਲਿਸ ਅਧਿਕਾਰੀਆਂ ਵਲੋਂ ਪੰਜਾਬ ਤੇ ਹਰਿਆਣਾ ਹਾਈਕੋਰਟ ’ਚ ਪਟੀਸ਼ਨ ਦਾਇਰ ਕਰਕੇ ਮੰਗ ਕੀਤੀ ਗਈ ਹੈ ਕਿ ਬਹਿਬਲ ਕਲਾਂ ਗੋਲੀਕਾਂਡ ਦਾ ਚਲਾਨ ਜੋ ਵਧੀਕ ਸੈਸ਼ਨ ਜੱਜ ਫ਼ਰੀਦਕੋਟ ਦੀ ਅਦਾਲਤ ’ਚ ਪੇਸ਼ ਕੀਤਾ ਗਿਆ ਹੈ, ਨੂੰ ਰੱਦ ਕੀਤਾ ਜਾਵੇ ਅਤੇ ਜਿੰਨਾ ਚਿਰ ਤੱਕ ਪਟੀਸ਼ਨ ਚੱਲਦੀ ਹੈ, ਓਨਾ ਚਿਰ ਫ਼ਰੀਦਕੋਟ ਦੀ ਅਦਾਲਤ ’ਚ ਚੱਲਦੇ ਮੁਕੱਦਮੇ ਦੀ ਸੁਣਵਾਈ ਉੱਪਰ ਰੋਕ ਲਾਈ ਜਾਵੇ। ਹਾਲ ਦੀ ਘੜੀ ਹਾਈਕੋਰਟ ਨੇ ਮੁਕੱਦਮੇ ਦੀ ਸੁਣਵਾਈ ਉੱਪਰ ਰੋਕ ਲਾਉਣ ਤੋਂ ਇੰਨਕਾਰ ਕਰ ਦਿੱਤਾ ਅਤੇ ਇਸ ਪਟੀਸ਼ਨ ’ਤੇ ਪੰਜਾਬ ਸਰਕਾਰ ਨੂੰ ਨੋਟਿਸ ਜਾਰੀ ਕੀਤਾ ਹੈ ਅਤੇ ਦੋ ਹਫ਼ਤਿਆਂ ’ਚ ਪਟੀਸ਼ਨ ਦਾ ਜਵਾਬ ਅਦਾਲਤ ਵਿਚ ਦਾਖਲ ਕਰਨ ਦਾ ਹੁਕਮ ਦਿੱਤਾ ਹੈ। ਮੁਲਜ਼ਮਾਂ ਨੇ ਹਾਈਕੋਰਟ ’ਚ ਦਾਖਲ ਕੀਤੀ ਪਟੀਸ਼ਨ ’ਚ ਕਿਹਾ ਹੈ ਕਿ ਬਹਿਬਲ ਕਲਾਂ ਗੋਲੀਕਾਂਡ ਵਿਚ ਉਨ੍ਹਾਂ ਨੂੰ ਕਥਿਤ ਤੌਰ ’ਤੇ ਝੂਠਾ ਅਤੇ ਸਿਆਸੀ ਕਾਰਨਾਂ ਕਰਕੇ ਫ਼ਸਾਇਆ ਗਿਆ ਹੈ। ਇਸ ਕੇਸ ਵਿਚ ਸਾਬਕਾ ਡੀ.ਜੀ.ਪੀ. ਸੁਮੇਧ ਸੈਣੀ, ਆਈ.ਜੀ. ਪਰਮਰਾਜ ਸਿੰਘ ਉਮਰਾਨੰਗਲ, ਸਾਬਕਾ ਐੱਸ.ਐੱਸ.ਪੀ. ਚਰਨਜੀਤ ਸ਼ਰਮਾ, ਐੱਸ.ਪੀ. ਬਿਕਰਮ ਸਿੰਘ ਅਤੇ ਥਾਣਾ ਬਾਜਾਖਾਨਾ ਦੇ ਐੱਸ.ਐੱਚ.ਓ. ਅਮਰਜੀਤ ਸਿੰਘ ਕੁਲਾਰ ਮੁਲਜ਼ਮ ਵਜੋਂ ਨਾਮਜ਼ਦ ਹਨ। ਪੁਲਿਸ ਅਧਿਕਾਰੀਆਂ ਨੇ ਆਪਣੀ ਪਟੀਸ਼ਨ ’ਚ ਕਿਹਾ ਕਿ 14 ਅਕਤੂਬਰ 2015 ਨੂੰ ਹਥਿਆਰਬੰਦ ਭੀੜ ਨੇ ਪੁਲਿਸ ਉੱਪਰ ਹਮਲਾ ਕੀਤਾ ਸੀ ਅਤੇ ਜਾਂਚ ਟੀਮ ਨੇ ਹਮਲਾਵਰਾਂ ’ਤੇ ਕਾਰਵਾਈ ਕਰਨ ਦੀ ਥਾਂ ਇਸ ਕੇਸ ’ਚ ਪੁਲਿਸ ਅਧਿਕਾਰੀਆਂ ਨੂੰ ਹੀ ਦੋਸ਼ੀ ਵਜੋਂ ਨਾਮਜ਼ਦ ਕਰ ਦਿੱਤਾ।

Share