ਬਹਾਮਾਸ ਦੇ ਹੋਟਲ ‘ਚ ਮਰੇ 3 ਅਮਰੀਕੀਆਂ ਦੀ ਹੋਈ ਪਛਾਣ, ਮੌਤ ਦੇ ਕਾਰਨਾਂ ਦਾ ਅਜੇ ਨਹੀਂ ਲੱਗਾ ਪਤਾ

21
Share

ਸੈਕਰਾਮੈਂਟੋ, 10 ਮਈ (ਹੁਸਨ ਲੜੋਆ ਬੰਗਾ/ਪੰਜਾਬ ਮੇਲ)- ਬਹਾਮਾਸ ਪੁਲਿਸ ਨੇ ਕਿਹਾ ਹੈ ਕਿ ਸੰਦਲਜ਼ ਰਿਜ਼ਾਰਟ ਵਿਚ ਠਹਿਰੇ ਦੋ ਅਮਰੀਕੀ ਜੋੜਿਆਂ ਦਾ ਇਲਾਜ ਕੀਤਾ ਗਿਆ ਸੀ, ਜਿਨ੍ਹਾਂ ਵਿਚੋਂ ਤਿੰਨ ਦੀ ਮੌਤ ਹੋ ਗਈ। ਪੁਲਿਸ ਕਮਿਸ਼ਨਰ ਪੌਲ ਰੋਲ ਨੇ ਕਿਹਾ ਹੈ ਕਿ ਇਹ ਫਲੋਰੀਡਾ ਤੇ ਟੈਨੇਸੀ ਦੇ ਰਹਿਣ ਵਾਲੇ ਸਨ। ਉਨ੍ਹਾਂ ਕਿਹਾ ਕਿ ਮ੍ਰਿਤਕਾਂ ਦੀ ਪਛਾਣ 64 ਸਾਲਾ ਵਿਨਸੈਟ ਪੌਲ ਚੀਆਰੇਲਾ, 68 ਸਾਲਾ ਮਾਈਕਲ ਫਿਲਿਪਸ ਤੇ 65 ਸਾਲਾ ਰੌਬੀ ਫਿਲਪਸ ਵਜੋਂ ਹੋਈ ਹੈ, ਜਦਕਿ ਚੀਆਰੇਲਾ ਦੀ ਪਤਨੀ ਨੂੰ ਪਹਿਲਾਂ ਬਹਾਮਾਸ ਦੇ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਪਰੰਤੂ ਬਾਅਦ ਵਿਚ ਹੈਲੀਕਾਪਟਰ ਰਾਹੀਂ ਉਸ ਨੂੰ ਗੰਭੀਰ ਹਾਲਤ ‘ਚ ਫਲੋਰੀਡਾ ਦੇ ਹਸਪਤਾਲ ਵਿਚ ਲਿਜਾਇਆ ਗਿਆ। ਕਮਿਸ਼ਨਰ ਨੇ ਕਿਹਾ ਕਿ ਉਹ ਮੌਤਾਂ ਦੇ ਕਾਰਨਾਂ ਬਾਰੇ ਕੋਈ ਅੰਦਾਜ਼ਾ ਨਹੀਂ ਲਾਉਣਾ ਚਾਹੁੰਦੇ ਤੇ ਇਸ ਸਬੰਧੀ ਪੁਲਿਸ ਤੇ ਸਿਹਤ ਅਧਿਕਾਰੀ ਜਾਂਚ ਕਰ ਰਹੇ ਹਨ। ਦੂਸਰੇ ਪਾਸੇ ਅਮਰੀਕਾ ਦੇ ਵਿਦੇਸ਼ ਵਿਭਾਗ ਨੇ ਕਿਹਾ ਹੈ ਕਿ ਉਹ ਜਾਂਚ ਉਪਰ ਨੇੜਿਉਂ ਨਜ਼ਰ ਰੱਖ ਰਿਹਾ ਹੈ।


Share