ਬਸਪਾ ਵੱਲੋਂ ਪੰਜਾਬ ਦੇ ਸਾਬਕਾ ਸੂਬਾਈ ਪ੍ਰਧਾਨ ਨੂੰ ਪਾਰਟੀ ਵਿਰੋਧੀ ਗਤੀਵਿਧੀਆਂ ਦਾ ਦੋਸ਼ ਲਾ ਕੇ ਪਾਰਟੀ ’ਚੋਂ ਕੱਢਿਆ

130
Share

ਜਲੰਧਰ, 27 ਜੂਨ (ਪੰਜਾਬ ਮੇਲ)- ਬਹੁਜਨ ਸਮਾਜ ਪਾਰਟੀ ਦੇ ਸਾਬਕਾ ਸੂਬਾਈ ਪ੍ਰਧਾਨ ਰਛਪਾਲ ਸਿੰਘ ਰਾਜੂ ਨੂੰ ਪਾਰਟੀ ਵਿਚੋਂ ਕੱਢ ਦਿੱਤਾ ਗਿਆ ਹੈ। ਬਸਪਾ ਦੇ ਸੂਬਾਈ ਪ੍ਰਧਾਨ ਜਸਵੀਰ ਸਿੰਘ ਗੜ੍ਹੀ ਦੇ ਦਸਤਖਤਾਂ ਹੇਠ ਜਾਰੀ ਕੀਤੇ ਬਿਆਨ ਵਿਚ ਰਛਪਾਲ ਸਿੰਘ ਰਾਜੂ ਨੂੰ ਪਾਰਟੀ ਵਿਰੋਧੀ ਗਤੀਵਿਧੀਆਂ ਵਿਚ ਸ਼ਾਮਲ ਹੋਣ ਦਾ ਦੋਸ਼ ਲਗਾਉਂਦਿਆ ਇਹ ਕਾਰਵਾਈ ਕੀਤੀ ਗਈ ਹੈ। ਸ਼੍ਰੋਮਣੀ ਅਕਾਲੀ ਦਲ ਤੇ ਬਹੁਜਨ ਸਮਾਜ ਪਾਰਟੀ ਵਿਚ 2022 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਲਈ ਗੱਠਜੋੜ ਹੋਇਆ ਹੈ। ਬਸਪਾ ਦੇ ਹਿੱਸੇ ਆਈਆਂ ਸਿਰਫ਼ 20 ਸੀਟਾਂ ਕਾਰਨ ਦੋਆਬੇ ਵਿਚ ਪਾਰਟੀ ਦੇ ਵਰਕਰਾਂ ਵਿਚ ਨਾਰਾਜ਼ਗੀ ਹੈ। ਸਾਬਕਾ ਪ੍ਰਧਾਨ ਰਛਪਾਲ ਸਿੰਘ ਰਾਜੂ ਨੇ ਗੜ੍ਹਸ਼ੰਕਰ ਤੇ ਹੁਸ਼ਿਆਰਪੁਰ ਵਿਧਾਨ ਸਭਾ ਹਲਕਿਆਂ ਵਿਚ ਨਾਰਾਜ਼ ਬਸਪਾ ਵਰਕਰਾਂ ਦੀਆਂ ਮੀਟਿੰਗਾਂ ਵਿਚ ਹਿੱਸਾ ਲਿਆ ਸੀ। ਉਧਰ ਰਛਪਾਲ ਸਿੰਘ ਰਾਜੂ ਨੇ ਪਾਰਟੀ ਵਿਚੋਂ ਕੱਢਣ ਦੀ ਪੁਸ਼ਟੀ ਕਰਦਿਆ ਕਿਹਾ ਕਿ ਬਸਪਾ ਦੀ ਕੌਮੀ ਪ੍ਰਧਾਨ ਕੁਮਾਰੀ ਮਾਇਆਵਤੀ ਨੂੰ ਗਲਤ ਸ਼ਿਕਾਇਤਾਂ ਕੀਤੀਆਂ ਗਈਆਂ ਹਨ। ਗੜ੍ਹਸ਼ੰਕਰ ਦੀ ਨਗਰ ਕੌਂਸਲ ਵਿਚ ਉਨ੍ਹਾਂ ਦੀ ਪਤਨੀ ਉਪ ਪ੍ਰਧਾਨ ਹੈ ਤੇ ਇੱਕ ਦਿਨ ਜ਼ਰੂਰੀ ਰੁਝੇਵੇਂ ਕਾਰਨ ਉਹ ਆਪਣੇ ਵਾਰਡ ਲਈ ਆਏ ਫੰਡ ਨਹੀਂ ਲੈਣ ਜਾ ਸਕੇ, ਤਾਂ ਉਨ੍ਹਾਂ ਦੀ ਥਾਂ ’ਤੇ ਉਹ ਚਲੇ ਗਏ। ਉਥੇ ਕਾਂਗਰਸ ਦੇ ਸਾਬਕਾ ਵਿਧਾਇਕ ਗੋਲਡੀ ਵੀ ਆ ਗਏ। ਉਨ੍ਹਾਂ ਨਾਲ ਮੀਡੀਆ ਵਿਚ ਛਪੀਆਂ ਤਸਵੀਰਾਂ ਨੂੰ ਇਸ ਤਰ੍ਹਾਂ ਪੇਸ਼ ਕੀਤਾ ਗਿਆ ਕਿ ਰਛਪਾਲ ਰਾਜੂ ਕਾਂਗਰਸ ਵਿਚ ਜਾ ਰਹੇ ਹਨ। ਰਛਪਾਲ ਸਿੰਘ ਰਾਜੂ ਨੇ ਕਿਹਾ ਕਿ ਉਹ ਬਸਪਾ ਦੇ ਵਫਦਾਰ ਸਿਪਾਹੀ ਹਨ ਤੇ ਬਾਬੂ ਕਾਂਸ਼ੀ ਰਾਮ ਦੀ ਵਿਚਾਰਧਾਰਾ ਨੂੰ ਲੈ ਕੇ ਚੱਲ ਰਹੇ ਹਨ ਤੇ ਚੱਲਦੇ ਰਹਿਣਗੇ। ਉਨ੍ਹਾਂ ਦੱਸਿਆ ਕਿ ਗੜ੍ਹਸ਼ੰਕਰ ਵਿਚ ਬਸਪਾ ਦੀ 24000 ਵੋਟ ਹੈ ਤੇ ਇੱਥੋਂ ਦੇ ਵਰਕਰ ਚਾਹੁੰਦੇ ਸਨ ਕਿ ਇਹ ਸੀਟ ਬਸਪਾ ਨੂੰ ਮਿਲੇ। ਉਧਰ ਲਖਨਊ ’ਚ ਬਹੁਜਨ ਸਮਾਜ ਪਾਰਟੀ ਦੇ ਕੌਮੀ ਪ੍ਰਧਾਨ ਕੁਮਾਰੀ ਮਾਇਆਵਤੀ ਵੱਲੋਂ ਕੀਤੀ ਮੀਟਿੰਗ ਵਿਚ ਸਪੱਸ਼ਟ ਕਰ ਦਿੱਤਾ ਹੈ ਕਿ ਜਿਹੜਾ ਅਕਾਲੀ ਦਲ ਨਾਲ ਗੱਠਜੋੜ ਹੋਇਆ ਹੈ, ਉਸ ਵਿਚ ਬਸਪਾ ਦੇ ਹਿੱਸੇ ਆਉਂਦੀਆਂ 20 ਸੀਟਾਂ ਵਿਚੋਂ ਕੋਈ ਸੀਟ ਵੀ ਬਦਲੀ ਨਹੀਂ ਜਾਵੇਗੀ। ਪਾਰਟੀ ਦੇ ਸੂਬਾ ਪ੍ਰਧਾਨ ਜਸਵੀਰ ਸਿੰਘ ਗੜ੍ਹੀ ਨੇ ਇਸ ਦੀ ਜਾਣਕਾਰੀ ਆਪਣੇ ਫੇਸਬੁੱਕ ਪੇਜ਼ ’ਤੇ ਦਿੱਤੀ ਹੈ। ਉਨ੍ਹਾਂ ਕਿਹਾ ਹੈ ਕਿ ਬਹੁਜਨ ਸਮਾਜ ਪਾਰਟੀ ਤੇ ਸ਼੍ਰੋਮਣੀ ਅਕਾਲੀ ਦਲ ਗਠਜੋੜ ਵਿਚ ਬਸਪਾ ਦੇ ਹਿੱਸੇ ਦੀਆਂ 20 ਅਤੇ ਅਕਾਲੀ ਦਲ ਦੇ ਹਿੱਸੇ ਦੀਆਂ 97 ਸੀਟਾਂ ਉਪਰ ਹੋਈ ਸਹਿਮਤੀ ਹੋਈ ਹੈ। ਇਸ ਵਿਚ ਕਿਸੇ ਵੀ ਤਰ੍ਹਾਂ ਦੀ ਫੇਰਬਦਲ ਬਾਰੇ ਚਰਚਾ ਜਾਂ ਗੱਲਬਾਤ ਨਹੀ ਹੋਵੇਗੀ। ਇਹ ਹਾਈਕਮਾਂਡ ਦੇ ਅੰਤਮ ਫੈਸਲਾ ਹੈ।

Share