ਬਸਪਾ ਦੀ ਅਸਲ ਤਾਕਤ ਦੀ ਪਰਖ ਹੋਵੇਗੀ ਦੁਆਬੇ ’ਚ!

188
-ਜਸਵੀਰ ਸਿੰਘ ਗੜ੍ਹੀ, ਨਛੱਤਰ ਪਾਲ ਅਤੇ ਬਲਵਿੰਦਰ ਕੁਮਾਰ ਕਰਤਾਰਪੁਰ ਤੋਂ ਲੜਨਗੇ ਚੋਣ
Share

-ਮਾਲਵਾ, ਮਾਝਾ ਤੇ ਪੁਆਧ ਦੇ ਮੁਕਾਬਲੇ ਬਸਪਾ ਦਾ ਵੋਟ ਫੀਸਦੀ ਦੋਆਬਾ ਖੇਤਰ ’ਚ ਪੰਜ ਗੁਣਾਂ
-ਜਸਵੀਰ ਸਿੰਘ ਗੜ੍ਹੀ ਫਗਵਾੜਾ ਤੋਂ, ਨਛੱਤਰ ਪਾਲ ਨਵਾਂ ਸ਼ਹਿਰ ਅਤੇ ਬਲਵਿੰਦਰ ਕੁਮਾਰ ਕਰਤਾਰਪੁਰ ਤੋਂ ਲੜਨਗੇ ਚੋਣ
ਬੰਗਾ, 24 ਜਨਵਰੀ (ਪੰਜਾਬ ਮੇਲ)- ਬਹੁਜਨ ਸਮਾਜ ਪਾਰਟੀ ਵੱਲੋਂ ਸ਼੍ਰੋਮਣੀ ਅਕਾਲੀ ਦਲ ਨਾਲ ਸਮਝੌਤਾ ਕਰਕੇ ਭਾਵੇਂ ਪੰਜਾਬ ਭਰ ’ਚ ਸੱਤਾ ਤਬਦੀਲੀ ਦਾ ਹਿੱਸਾ ਬਣਨ ਲਈ ਦਾਅਵਾ ਕੀਤਾ ਜਾ ਰਿਹਾ ਹੈ, ਪਰ ਉਸ ਦੀ ਅਸਲ ਤਾਕਤ ਦੀ ਪਰਖ ਦੋਆਬੇ ’ਚ ਹੋਵੇਗੀ। ਮਾਲਵਾ, ਮਾਝਾ ਤੇ ਪੁਆਧ ਦੇ ਮੁਕਾਬਲੇ ਬਸਪਾ ਦਾ ਵੋਟ ਫੀਸਦੀ ਦੋਆਬਾ ਖੇਤਰ ’ਚ ਪੰਜ ਗੁਣਾਂ ਹੈ, ਇਸੇ ਕਰਕੇ ਪਾਰਟੀ ਨੇ ਆਪਣੇ ਮੋਹਰੀ ਆਗੂਆਂ ਨੂੰ ਦੋਆਬਾ ਦੇ ਹਲਕਿਆਂ ਤੋਂ ਚੋਣ ਮੈਦਾਨ ’ਚ ਉਤਾਰਿਆ ਹੈ। ਇਨ੍ਹਾਂ ’ਚ ਬਸਪਾ ਦੇ ਸੂਬਾ ਪ੍ਰਧਾਨ ਜਸਵੀਰ ਸਿੰਘ ਗੜ੍ਹੀ, ਸੂਬਾ ਜਨਰਲ ਸਕੱਤਰ ਨਛੱਤਰ ਪਾਲ ਅਤੇ ਬਲਵਿੰਦਰ ਕੁਮਾਰ ਕ੍ਰਮਵਾਰ ਫ਼ਗਵਾੜਾ, ਨਵਾਂਸ਼ਹਿਰ ਅਤੇ ਕਰਤਾਰਪੁਰ ਤੋਂ ਚੋਣ ਲੜਨਗੇ। ਇਸ ਤੋਂ ਇਲਾਵਾ ਪਾਰਟੀ ਦੇ ਸੂਬਾਈ ਆਗੂ ਐਡਵੋਕੇਟ ਬਲਵਿੰਦਰ ਕੁਮਾਰ ਹਲਕਾ ਕਰਤਾਰਪੁਰ ਤੋਂ ਉਮੀਦਵਾਰ ਬਣਾਏ ਗਏ ਹਨ, ਜਦਕਿ ਹਲਕਾ ਸ਼ਾਮ ਚੁਰਾਸੀ ਤੋਂ ਇੰਜੀਨੀਅਰ ਮਹਿੰਦਰ ਸਿੰਘ ਨੂੰ ਟਿਕਟ ਦੇਣ ਲਈ ਅਕਾਲੀ ਦਲ ਦੇ ਸਾਬਕਾ ਵਜ਼ੀਰ ਦੀ ਟਿਕਟ ਕੱਟੀ ਗਈ ਹੈ।
ਦੱਸਣਯੋਗ ਹੈ ਦੋਆਬਾ ਤੋਂ ਹੀ ਆਪਣਾ ਸਿਆਸੀ ਸਫ਼ਰ ਸ਼ੁਰੂ ਕਰਨ ਵਾਲੀ ਬਸਪਾ ਨੇ ਇਸ ਦੇ ਹਲਕਾ ਬੰਗਾ, ਗੜ੍ਹਸ਼ੰਕਰ, ਮਾਹਿਲਪੁਰ, ਬਲਾਚੌਰ, ਸ਼ਾਮ ਚੁਰਾਸੀ, ਆਦਮਪੁਰ ਆਦਿ ਤੋਂ 1992 ’ਚ ਵਿਰੋਧੀ ਧਿਰ ਦਾ ਰੁਤਬਾ ਹਾਸਲ ਕੀਤਾ ਸੀ। ਇਸੇ ਤਰ੍ਹਾਂ 1996 ’ਚ ਬਸਪਾ ਨੇ ਲੋਕ ਸਭਾ ਚੋਣਾਂ ਵੇੇਲੇ ਦੋਆਬਾ ਖੇਤਰ ਦੇ ਹਲਕਾ ਹੁਸ਼ਿਆਰਪੁਰ ਅਤੇ ਫ਼ਿਲੌਰ ਤੋਂ ਹੀ ਜਿੱਤ ਪ੍ਰਾਪਤ ਕੀਤੀ ਸੀ।
ਬਸਪਾ ਦੇ ਸੂਬਾ ਪ੍ਰਧਾਨ ਜਸਵੀਰ ਸਿੰਘ ਗੜ੍ਹੀ ਨੇ ਇਸ ਵਾਰ ਦੀਆਂ ਚੋਣਾਂ ਨੂੰ ਪੰਜਾਬ ਅਤੇ ਪਾਰਟੀ ਦਾ ਸਾਂਝਾ ਭਵਿੱਖ ਦੱਸਦਿਆਂ ਕਿਹਾ ਕਿ ਦੋਆਬਾ ਦੇ ਪਿੰਡ ਮੂਸਾਪੁਰ ਤੋਂ ਬਸਪਾ ਬਾਨੀ ਬਾਬੂ ਕਾਂਸ਼ੀ ਰਾਮ ਵੱਲੋਂ ਸਮਾਜਿਕ ਤਬਦੀਲੀ ਦਾ ਬਿਗੁਲ ਵਜਾਉਣ ਲਈ ਬਾਕੀ ਹਲਕਿਆਂ ਵਾਂਗ ਦੋਆਬੇ ਵਿਚੋਂ ਵੀ ਵੱਡਾ ਯੋਗਦਾਨ ਪਵੇਗਾ।
ਸ਼੍ਰੋਮਣੀ ਅਕਾਲੀ ਦਲ ਵੱਲੋਂ ਦੋਆਬੇ ਦੇ ਹੀ ਹਲਕਾ ਫ਼ਿਲੌਰ, ਬੰਗਾ ਅਤੇ ਆਦਮਪੁਰ ਤੋਂ ਕ੍ਰਮਵਾਰ 2017 ’ਚ ਜਿੱਤੇ ਵਿਧਾਇਕ ਅਤੇ ਮੁੜ ਬਣਾਏ ਉਮੀਦਵਾਰ ਬਲਦੇਵ ਸਿੰਘ ਖਹਿਰਾ, ਸੁਖਵਿੰਦਰ ਕੁਮਾਰ ਸੁੱਖੀ ਅਤੇ ਪਵਨ ਕੁਮਾਰ ਟੀਨੂੰ ਵੀ ਬਸਪਾ ’ਚੋਂ ਹੀ ਬਾਗੀ ਹੋ ਕੇ ਗਏ ਹਨ। ਇੱਥੇ ਇਹ ਵੀ ਦੱਸਣਯੋਗ ਹੈ ਕਿ ਬਸਪਾ ਦੀ ਸੂਬਾਈ ਇਕਾਈ ਦੇ ਮੋਹਰੀ ਅਹੁਦੇਦਾਰਾਂ ’ਚ ਹੁਣ ਤੱਕ ਦੋਆਬਾ ਦੀ ਹੀ ਫੜ ਰਹੀ ਹੈ, ਜਿਨ੍ਹਾਂ ਵਿਚ ਅਵਤਾਰ ਸਿੰਘ ਕਰੀਮਪੁਰੀ, ਰਸ਼ਪਾਲ ਰਾਜੂ ਅਤੇ ਗੁਰਲਾਲ ਸੈਲਾ ਸੂਬਾ ਪ੍ਰਧਾਨ ਰਹਿ ਚੁੱਕੇ ਹਨ। ਇਨ੍ਹਾਂ ਤੋਂ ਇਲਾਵਾ ਹਰਭਜਨ ਲਾਖਾ, ਸਤਨਾਮ ਸਿੰਘ ਕੈਂਥ, ਸ਼ਿੰਗਾਰਾ ਰਾਮ ਸਹੂੰਗੜਾ, ਦੇਵੀ ਦਾਸ ਨਾਹਰ, ਡਾ. ਰਾਮ ਲਾਲ ਜੱਸੀ ਇਸ ਦੇ ਮੋਢੀ ਆਗੂਆਂ ’ਚ ਸ਼ਾਮਲ ਰਹੇ।

Share