ਬਲੈਕ ਮੂਲ ਦੇ ਆਦਮੀ ਨੂੰ ਗੋਲੀ ਨਾਲ ਜਾਨੋਂ ਮਾਰਨ ਵਾਲਾ ਪੁਲਿਸ ਅਧਿਕਾਰੀ ਨੌਕਰੀ ਤੋਂ ਬਰਖਾਸਤ

367
Share

ਫਰਿਜ਼ਨੋ, 30 ਦਸੰਬਰ (ਮਾਛੀਕੇ/ਧਾਲੀਆਂ/ਪੰਜਾਬ ਮੇਲ)- ਅਮਰੀਕੀ ਸੂਬੇ ਓਹਾਇਓ ਦੇ ਕੋਲੰਬਸ ’ਚ ਪਿਛਲੇ ਹਫਤੇ ਇੱਕ ਕਾਲੇ ਨਿਹੱਥੇ ਆਦਮੀ ਨੂੰ ਇੱਕ ਗੋਰੇ ਪੁਲਿਸ ਅਧਿਕਾਰੀ ਵੱਲੋਂ ਗੋਲੀ ਨਾਲ ਜਾਨੋਂ ਮਾਰ ਦਿੱਤਾ ਗਿਆ ਸੀ। ਇਸ ਮਾਮਲੇ ’ਚ ਸਥਾਨਕ ਫਰੈਟਰਨਲ ਆਰਡਰ ਆਫ਼ ਪੁਲਿਸ (ਐੱਫ.ਓ.ਪੀ.) ਅਨੁਸਾਰ, ਇਸ ਕਤਲ ਦੇ ਦੋਸ਼ੀ ਕੋਲੰਬਸ ਪੁਲਿਸ ਅਧਿਕਾਰੀ ਐਡਮ ਕੋਏ ਦੀਆਂ ਸੇਵਾਵਾਂ ਨੂੰ ਖਤਮ ਕਰ ਦਿੱਤਾ ਗਿਆ ਹੈ। ਸੋਮਵਾਰ ਨੂੰ ਹੋਈ ਇਸ ਮਾਮਲੇ ਦੀ ਸੁਣਵਾਈ ਦੌਰਾਨ ਇਹ ਫੈਸਲਾ ਲਿਆ ਗਿਆ ਹੈ ਅਤੇ ਐੱਫ.ਓ.ਪੀ. ਦੇ ਵਾਈਸ ਪ੍ਰੈਜ਼ੀਡੈਂਟ ਬ੍ਰਾਇਨ ਸਟੀਲ ਨੇ ਕੋਏ ਦੇ ਬਰਖਾਸਤ ਹੋਣ ਬਾਰੇ ਪੁਸ਼ਟੀ ਕੀਤੀ ਹੈ। ਫ੍ਰੈਂਕਲਿਨ ਕਾਉਂਟੀ ਕੋਰੋਨਰ ਦੇ ਦਫਤਰ ਤੋਂ ਮਿਲੀ ਮੁੱਢਲੀ ਰਿਪੋਰਟ ਅਨੁਸਾਰ ਆਂਦਰੇ ਹਿੱਲ ਦੀ ਮੌਤ ਨੂੰ ਇੱਕ ਕਤਲ ਵਜੋਂ ਦੱਸਿਆ ਗਿਆ ਹੈ ਕਿਉਂਕਿ ਮੌਤ ਦਾ ਮੁੱਢਲਾ ਕਾਰਨ ਗੋਲੀਬਾਰੀ ਦੇ ਜ਼ਖ਼ਮ ਹਨ, ਜਦਕਿ ਪੋਸਟਮਾਰਟਮ ਦੀ ਪੂਰੀ ਰਿਪੋਰਟ 12 ਤੋਂ 14 ਹਫ਼ਤਿਆਂ ’ਚ ਮਿਲਣ ਦੀ ਉਮੀਦ ਹੈ। ਇਸ ਕੇਸ ਦੀ ਸੁਣਵਾਈ ਸ਼ਹਿਰ ਦੇ ਪਬਲਿਕ ਸੇਫਟੀ ਡਾਇਰੈਕਟਰ ਨੇਡ ਪੈੱਟਸ ਦੁਆਰਾ ਕੀਤੀ ਗਈ ਹੈ ਅਤੇ ਇਸ ਵਿਭਾਗ ਦੇ ਸੋਮਵਾਰ ਨੂੰ ਜਾਰੀ ਕੀਤੇ ਇੱਕ ਬਿਆਨ ਅਨੁਸਾਰ ਕੋਏ ਸੁਣਵਾਈ ਵਿਚ ਹਾਜ਼ਰ ਨਹੀਂ ਸੀ, ਉਸ ਦੀ ਤਰਫੋਂ ਸੁਣਵਾਈ ਵਿਚ ਫਰੈਟਰਨਲ ਆਰਡਰ ਆਫ਼ ਪੁਲਿਸ ਦੇ ਮੈਂਬਰ ਸ਼ਾਮਲ ਹੋਏ ਸਨ। ਇਸ ਮਾਮਲੇ ਦੇ ਦੋਸ਼ੀ 44 ਸਾਲਾ ਕੋਏ ਤਕਰੀਬਨ 19 ਸਾਲਾਂ ਤੋਂ ਵਿਭਾਗ ’ਚ ਕੰਮ ਕਰ ਰਿਹਾ ਹੈ ਅਤੇ ਉਨ੍ਹਾਂ ਦੋ ਅਧਿਕਾਰੀਆਂ ਵਿਚੋਂ ਇੱਕ ਸੀ, ਜਿਸਨੇ ਪਾਰਕ ਕੀਤੀ ਐੱਸ.ਯੂ.ਵੀ. ਬਾਰੇ ਕਾਰਵਾਈ ਕੀਤੀ ਸੀ। ਕਾਲੇ ਮੂਲ ਦੇ ਵਿਅਕਤੀ ਆਂਦਰੇ ਹਿੱਲ ਦੀ ਮੌਤ ਦੇ ਮਾਮਲੇ ’ਚ, ਕੋਏ ਨੇ ਇੱਕ ਘਰ ਦੇ ਗੈਰਾਜ ਵਿਚ ਇਸ ਆਦਮੀ ’ਤੇ ਆਪਣੇ ਸਰਵਿਸ ਹਥਿਆਰ ਨਾਲ ਕਈ ਵਾਰ ਫਾਇਰ ਕੀਤੇ ਅਤੇ ਇਸ ਦੌਰਾਨ ਗੋਲੀ ਲੱਗਣ ਤੱਕ ਕੋਏ ਜਾਂ ਉਸਦੀ ਸਾਥੀ ਅਧਿਕਾਰੀ ਨੇ ਨਿਗਰਾਨੀ ਕੈਮਰੇ ਚਾਲੂ ਨਹੀਂ ਕੀਤੇ ਸਨ। ਪਰ ਕੈਮਰਿਆਂ ਦੀ ‘‘ਲੁੱਕ-ਬੈਕ’’ ਵਿਸ਼ੇਸ਼ਤਾ ਦੇ ਕਾਰਨ ਇਨ੍ਹਾਂ ਦੇ ਚਾਲੂ ਹੋਣ ਤੋਂ 60 ਸਕਿੰਟ ਪਹਿਲਾਂ ਦੀ ਵੀਡੀਓ ਖੁਦ ਰਿਕਾਰਡ ਹੋ ਗਈ ਸੀ। ਇਸ ਵੀਡੀਓ ਵਿਚ ਅਧਿਕਾਰੀ ਆਪਣੇ ਵਾਹਨ ਤੋਂ ਬਾਹਰ ਨਿਕਲ ਕੇ ਗੈਰਾਜ ਵੱਲ ਜਾ ਰਹੇ ਹਨ ਅਤੇ ਹਿੱਲ ਜਿਸਦੇ ਖੱਬੇ ਹੱਥ ਵਿਚ ਸੈੱਲਫੋਨ ਹੈ ਅਤੇ ਇਸ ਦੌਰਾਨ ਉਹ ਅਧਿਕਾਰੀਆਂ ਵੱਲ ਆਉਂਦਾ ਹੈ। ਇਸ ਮੌਕੇ ਕੋਏ ਦੁਆਰਾ ਹਿੱਲ ਨੂੰ ਗੋਲੀ ਮਾਰ ਦਿੱਤੀ ਜਾਂਦੀ ਹੈ। ਇਸ ਸੰਬੰਧੀ ਪੈੱਟਸ ਦੇ ਫੈਸਲੇ ਤੱਕ ਕੋਏ ਨੂੰ ਡਿਊਟੀ ਤੋਂ ਮੁਕਤ ਕਰਨ ਦੇ ਨਾਲ, ਬੰਦੂਕ ਅਤੇ ਬੈਜ ਸਮੇਤ ਸਾਰੀਆਂ ਪੁਲਿਸ ਸ਼ਕਤੀਆਂ ਖੋਹ ਲਈਆਂ ਗਈਆਂ ਸਨ।

Share