ਬਲਿਊ ਮਾਉਨਟੇਨ ਗੁਰਦੁਆਰਾ ਸਾਹਿਬ ਵਿਖੇ ਕੀਰਤਨ ਦਰਬਾਰ

354
Share

– ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਦਿਵਸ ਨੂੰ ਸਮਰਪਿਤ ਰਿਹਾ ਕੀਰਤਨ ਦਰਬਾਰ
ਫਿਲਾਡੇਲਫੀਆ, (ਸੁਰਿੰਦਰ ਗਿੱਲ/ਪੰਜਾਬ ਮੇਲ)- ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਦਿਵਸ ਨੂੰ ਸਮਰਪਿਤ ਕੀਰਤਨ ਦਰਬਾਰ ਗੁਰਦੁਆਰਾ ਸਾਹਿਬ ਬਲਿਊ ਮਾਉਨਟੇਨ ਵਿਖੇ ਕਰਵਾਇਆ ਗਿਆ ਹੈ, ਜਿਸ ਵਿਚ ਵੱਖ-ਵੱਖ ਪ੍ਰਾਂਤਾਂ ਤੋਂ ਕੁੱਲ 13 ਟੀਮਾਂ ਨੇ ਹਿੱਸਾ ਲਿਆ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਅੰਕਿਤ ਗੁਰਬਾਣੀ ਤੇ ਰਾਗਾਂ ਦੇ ਆਧਾਰ ’ਤੇ ਬੱਚਿਆਂ ਨੇ ਕੀਰਤਨ ਕੀਤਾ। ਹਰੇਕ ਟੀਮ ਨੇ ਆਪਣੀ ਧਾਰਮਿਕ ਪ੍ਰਤਿਭਾ ਨੂੰ ਰਾਗਾਂ ਰਾਹੀਂ ਉਜਾਗਰ ਕੀਤਾ। ਜਿੱਥੇ ਇਸ ਕੀਰਤਨ ਦਰਬਾਰ ਦਾ ਅਨੰਦ ਸੰਗਤਾਂ ਨੇ ਲਿਆ, ਉੱਥੇ ਵਿਦਿਆਰਥੀਆਂ ਨੇ ਵੀ ਪੂਰੀ ਤਨਦੇਹੀ ਨਾਲ ਆਪਣੀ ਕੀਰਤਨ ਕਲਾ ਨੂੰ ਪੇਸ਼ ਕੀਤਾ।
ਇਸ ਉਪਰਾਲੇ ਵਿਚ ਮੁੱਖ ਭੂਮਿਕਾ ਨਿਭਾਉਣ ਵਾਲ਼ਿਆਂ ਵਿਚ ਭਾਈ ਲਖਵਿੰਦਰ ਸਿੰਘ ਤੇ ਭਾਈ ਅਜੈਪਾਲ ਸਿੰਘ ਜੀ ਦਾ ਯੋਗਦਾਨ ਰਿਹਾ ਹੈ, ਜਿਨ੍ਹਾਂ ਨੇ ਮਾਪਿਆਂ ਤੇ ਬੱਚਿਆਂ ਨੂੰ ਇਸ ਕੀਰਤਨ ਦਰਬਾਰ ’ਚ ਸ਼ਾਮਲ ਕਰਨ ਲਈ ਪ੍ਰੇਰਨਾ ਦਿੱਤੀ ਹੈ। ਸੰਗਤਾਂ ਸ਼ਾਂਤ ਤੇ ਇਕ ਮੰਨ ਇਕ ਚਿੱਤ ਹੋ ਕੇ ਕੀਰਤਨ ਵਿਚ ਲੀਨ ਰਹੀਆਂ, ਜਿਨ੍ਹਾਂ ਨੇ ਬੱਚਿਆਂ ਦੇ ਕੀਰਤਨ ਦੀ ਪ੍ਰਤਿਭਾ ਨੂੰ ਨਿਭਾਉਂਦੇ ਵੇਖਿਆ, ਸੁਣਿਆ ਤੇ ਜ਼ਿਕਰ ਕੀਤਾ ਕਿ ਇਹ ਵਿਦਿਆਰਥੀ ਕਿਸੇ ਤਜ਼ਰਬੇਕਾਰ ਅਧਿਆਪਕ ਦੇ ਸਿਖਾਏ ਵਿਦਿਆਰਥੀ ਹਨ, ਜਿਨਾ ਨੂੰ ਸੁਰ, ਤਾਲ, ਲੈਅ ਤੇ ਧੁਨੀ ਦਾ ਗਿਆਨ ਹੈ।
ਮਾਪੇ ਵੀ ਆਪਣੇ ਬੱਚਿਆਂ ਦੀ ਕੀਰਤਨ ਦੀ ਕਾਰਗੁਜ਼ਾਰੀ ਵੇਖ, ਸੁਣ ਕੇ ਖੁਸ਼ ਸਨ। ਉਨ੍ਹਾਂ ਦਾ ਕਹਿਣਾ ਸੀ ਕਿ ਪ੍ਰਬੰਧਕਾਂ ਵੱਲੋਂ ਅਜਿਹੀ ਟ੍ਰੇਨਿੰਗ ਵਿਦਿਆਰਥੀਆਂ ਨੂੰ ਦੇ ਕੇ ਮੁਕਾਬਲੇ ਦੇ ਕੀਰਤਨੀਏ ਵਜੋਂ ਉਭਾਰਿਆ ਹੈ।
ਗੁਰੂ ਘਰ ਦੀ ਪ੍ਰਬੰਧਕ ਕਮੇਟੀ ਨੇ ਵਿਦਿਆਰਥੀਆਂ ਦਾ ਮਾਣ-ਸਨਮਾਨ ਕੀਤਾ ਤੇ ਬੱਚਿਆਂ ਦੇ ਮਾਪਿਆਂ, ਸਿਖਲਾਈ ਅਧਿਆਪਕ ਤੇ ਸਹਿਯੋਗੀਆਂ ਦਾ ਧੰਨਵਾਦ ਕੀਤਾ। ਸਮੁੱਚਾ ਕੀਰਤਨ ਦਰਬਾਰ ਧਾਰਮਿਕ ਰਹੁ-ਰੀਤਾਂ ਦੇ ਨਾਲ-ਨਾਲ ਸੰਗਤਾਂ ਤੇ ਪ੍ਰਬੰਧਕਾਂ ਦੇ ਆਸ਼ੇ ’ਤੇ ਪੂਰਨ ਉਤਰਿਆ ਹੈ, ਜਿਸ ਦੀ ਸ਼ਲਾਘਾ ਚਾਰ-ਚੁਫੇਰਿਉਂ ਹੋਈ ਹੈ।
13 ਟੀਮਾਂ ਵਿਚ ਸਿੱਖ ਐਸੋਸੀਏਸ਼ਨ ਬਾਲਟੀਮੋਰ ਗੁਰੂ ਘਰ ਤੋਂ ਦੀਪਨੂਰ ਕੌਰ, ਜੋਤਨੂਰ ਸਿੰਘ, ਬ੍ਰਹਮਲੀਨ ਕੌਰ, ਅਭੇਪਾਲ ਸਿੰਘ, ਵਿਰਾਜਦੀਪ ਸਿੰਘ, ਅਭੀਜੋਤ ਸਿੰਘ, ਅੰਸ਼ਪ੍ਰੀਤ ਸਿੰਘ, ਵੰਸ਼ਦੀਪ ਸਿੰਘ, ਕਰਨ ਸਿੰਘ ਆਦਿ ਨੇ ਇਸ ਕੀਰਤਨ ਦਰਬਾਰ ਵਿਚ ਮਾਪਿਆਂ ਸਮੇਤ ਸ਼ਮੂਲੀਅਤ ਕੀਤੀ। ਸਟੇਜ ਤੋਂ ਭਾਈ ਲਖਵਿੰਦਰ ਸਿੰਘ ਜੀ ਨੇ ਆਈਆਂ ਸੰਗਤਾਂ ਤੇ ਵਿਦਿਆਰਥੀਆਂ ਤੇ ਮਾਪਿਆਂ ਦਾ ਧੰਨਵਾਦ ਕੀਤਾ ਤੇ ਭਵਿੱਖ ਵਿਚ ਅਜਿਹੇ ਕੀਰਤਨ ਦਰਬਾਰ ਵੱਡੇ ਪੱਧਰ ’ਤੇ ਮਨਾਉਣ ਦਾ ਫੈਸਲਾ ਕੀਤਾ ਹੈ।

Share