ਬਲਵੰਤ ਮੁਲਤਾਨੀ ਅਗਵਾ ਮਾਮਲਾ; ਸਾਬਕਾ ਡੀ.ਜੀ.ਪੀ. ਸੁਮੇਧ ਸੈਣੀ ਨੂੰ ਮਿਲੀ ਅੰਤ੍ਰਿਮ ਜ਼ਮਾਨਤ

677
Share

ਐੱਸ.ਏ.ਐੱਸ. ਨਗਰ, 10 ਜੂਨ (ਪੰਜਾਬ ਮੇਲ)- ਸਾਬਕਾ ਆਈ.ਏ.ਐੱਸ. ਦੇ ਬੇਟੇ ਬਲਵੰਤ ਸਿੰਘ ਮੁਲਤਾਨੀ ਅਗਵਾ ਮਾਮਲੇ ‘ਚ ਪੁਲਿਸ ਵਲੋਂ ਨਾਮਜ਼ਦ ਸੁਮੇਧ ਸੈਣੀ ਤੇ ਹੋਰਾਂ ਖ਼ਿਲਾਫ਼ ਦਰਜ ਮਾਮਲੇ ‘ਚ ਸੁਮੇਧ ਸੈਣੀ ਨੇ ਵਧੀਕ ਜ਼ਿਲ੍ਹਾ ਸ਼ੈਸਨ ਜੱਜ ਮੋਨੀਕਾ ਗੋਇਲ ਦੀ ਅਦਾਲਤ ‘ਚ ਅਗਾਊਂ ਜ਼ਮਾਨਤ ਦੀ ਅਰਜ਼ੀ ਦਾਇਰ ਕਰ ਕੇ ਕਿਹਾ ਕਿ ਪੰਜਾਬ ਪੁਲਿਸ ਉਸ ਖ਼ਿਲਾਫ਼ ਧਾਰਾ 302 ਦਾ ਵਾਧਾ ਕਿਸੇ ਵੀ ਸਮੇਂ ਕਰ ਸਕਦੀ ਹੈ। ਉਸਨੂੰ ਪਹਿਲਾਂ ਹੀ ਇਸ ਮਾਮਲੇ ‘ਚ ਜ਼ਮਾਨਤ ਦਿੱਤੀ ਗਈ ਹੈ, ਇਸ ਲਈ ਜੇਕਰ ਪੁਲਿਸ ਨੇ ਧਾਰਾ 302 ਦਾ ਵਾਧਾ ਕੀਤਾ ਹੈ ਤਾਂ ਉਸਨੂੰ ਅਗਾਊਂ ਜ਼ਮਾਨਤ ਦਿੱਤੀ ਜਾਵੇ। ਅਦਾਲਤ ਨੇ ਸੁਮੇਧ ਸੈਣੀ ਦੀ ਅਗਾਊਂ ਜ਼ਮਾਨਤ ਦੀ ਇਸ ਅਰਜ਼ੀ ਨੂੰ ਮਨਜ਼ੂਰ ਕਰਦਿਆਂ 18 ਜੂਨ 2020 ਤੱਕ ਅੰਤ੍ਰਿਮ ਜ਼ਮਾਨਤ (ਕੱਚੀ ਜ਼ਮਾਨਤ) ਦਿੰਦਿਆਂ ਗ੍ਰਿਫ਼ਤਾਰੀ ‘ਤੇ ਰੋਕ ਲਗਾ ਦਿੱਤੀ। ਉਧਰ ਸ਼ਿਕਾਇਤਕਰਤਾ ਪਲਵਿੰਦਰ ਸਿੰਘ ਮੁਲਤਾਨੀ ਨੇ ਜ਼ਿਲ੍ਹਾ ਅਟਾਰਨੀ ਸੰਜੀਵ ਬੱਤਰਾ ਦੇ ਧਿਆਨ ‘ਚ ਇਹ ਗੱਲ ਲਿਆਂਦੀ ਤੇ ਜ਼ਿਲ੍ਹਾ ਅਟਾਰਨੀ ਰਾਹੀਂ ਜ਼ਿਲ੍ਹਾ ਸੈਸ਼ਨ ਆਰ.ਐੱਸ. ਰਾਏ ਦੀ ਅਦਾਲਤ ‘ਚ ਇਕ ਅਰਜ਼ੀ ਦਾਇਰ ਕਰ ਕੇ ਸੁਮੇਧ ਸੈਣੀ ਦੀ ਅਗਾਊਂ ਜ਼ਮਾਨਤ ਦੀ ਅਰਜ਼ੀ ਨੂੰ ਕਿਸੇ ਹੋਰ ਜੱਜ ਕੋਲ ਭੇਜਣ ਦੀ ਗੁਹਾਰ ਲਗਾਈ ਹੈ। ਜ਼ਿਲ੍ਹਾ ਸੈਸ਼ਨ ਜੱਜ ਦੀ ਅਦਾਲਤ ਵਲੋਂ ਇਸ ਅਰਜ਼ੀ ‘ਤੇ ਸੁਣਵਾਈ ਕਰਦਿਆਂ ਸੁਮੇਧ ਸੈਣੀ ਨੂੰ 15 ਜੂਨ ਲਈ ਨੋਟਿਸ ਜਾਰੀ ਕੀਤਾ। ਸੁਮੇਧ ਸੈਣੀ ਸਮੇਤ ਹੋਰਾਂ ਖ਼ਿਲਾਫ਼ ਦਰਜ ਅਗਵਾ ਮਾਮਲੇ ‘ਚ ਸਾਬਕਾ ਪੁਲਿਸ ਅਧਿਕਾਰੀ ਪਿੰਕੀ ਕੈਟ ਵਲੋਂ ਧਾਰਾ 164 ਤਹਿਤ ਮੁਹਾਲੀ ਦੀ ਅਦਾਲਤ ‘ਚ ਆਪਣੇ ਬਿਆਨ ਦਰਜ ਕਰਵਾਏ ਗਏ ਕਿਉਂਕਿ ਪਿੰਕੀ ਕੈਟ ਵਲੋਂ ਇਕ ਨਾਮੀ ਮੈਗਜ਼ੀਨ ‘ਚ ਇਸ ਮਾਮਲੇ ਸਬੰਧੀ ਖੁਲਾਸੇ ਕੀਤੇ ਗਏ ਸਨ।


Share