ਬਲਬੀਰ ਸਿੰਘ ਸੀਨੀਅਰ ਦੇ ਨਾਂ ’ਤੇ ਰੱਖਿਆ ਜਾਵੇਗਾ ਮੋਹਾਲੀ ਦੇ ਅੰਤਰਰਾਸ਼ਟਰੀ ਹਾਕੀ ਸਟੇਡੀਅਮ ਦਾ ਨਾਂ

1119
Share

ਮੋਹਾਲੀ, 26 ਮਈ (ਪੰਜਾਬ ਮੇਲ)- ਪੰਜਾਬ ਦੇ ਖੇਡ ਮੰਤਰੀ ਰਾਣਾ ਗੁਰਮੀਤ ਸੋਢੀ ਨੇ ਮਹਾਨ ਹਾਕੀ ਖਿਡਾਰੀ ਬਲਬੀਰ ਸਿੰਘ ਸੀਨੀਅਰ ਨੂੰ ਸ਼ਰਧਾਂਜਲੀ ਦੇਣ ਤੋਂ ਬਾਅਦ ਬੀਤੇ ਦਿਨ ਨੂੰ ਐਲਾਨ ਕੀਤਾ ਕਿ ਮੋਹਾਲੀ ’ਚ ਅੰਤਰਰਾਸ਼ਟਰੀ ਹਾਕੀ ਸਟੇਡੀਅਮ ਦਾ ਨਾਂ ਸਵਰਗਵਾਸੀ ਬਲਬੀਰ ਸਿੰਘ ਸੀਨੀਅਰ ਦੇ ਨਾਂ ’ਤੇ ਰੱਖਿਆ ਜਾਵੇਗਾ। ਪੰਜਾਬ ਦੇ ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੇ ਪੱਤਰਕਾਰਾਂ ਤੋਂ ਕਿਹਾ ਕਿ ਮੋਹਾਲੀ ’ਚ ਅੰਤਰਰਾਸ਼ਟਰੀ ਹਾਕੀ ਸਟੇਡੀਅਮ ਦਾ ਨਾਂ ਬਲਬੀਰ ਸਿੰਘ ਸੀਨੀਅਰ ਦੇ ਨਾਂ ’ਤੇ ਰੱਖਿਆ ਜਾਵੇਗਾ। ਇਸ ਦਾ ਰਸਮੀ ਉਦਘਾਟਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸਹੀਂ ਸਮੇਂ ਤੇ ਕਰਨਗੇ। ਤਿੰਨ ਵਾਰ ਦੇ ਓਲੰਪਿਕ ਸੋਨ ਤਮਗਾ ਜੇਤੂ ਬਲਬੀਰ ਸਿੰਘ ਸੀਨੀਅਰ ਦਾ ਸੋਮਵਾਰ ਸਵੇਰੇ ਮੋਹਾਲੀ ’ਚ ਦਿਹਾਂਤ ਹੋ ਗਿਆ ਸੀ। ਉਹ 96 ਸਾਲਾਂ ਦੇ ਸਨ ਅਤੇ ਪਿਛਲੇ ਦੋ ਹਫ਼ਤਿਆਂ ਤੋਂ ਕਈ ਸਿਹਤ ਸਮੱਸਿਆਵਾਂ ਨਾਲ ਜੂਝ ਰਹੇ ਸਨ। ਬਲਬੀਰ ਸਿੰਘ ਸੀਨੀਅਰ ਦਾ ਪੂਰੇ ਰਾਜ ਦੇ ਸਨਮਾਨਾਂ ਨਾਲ ਸੋਮਵਾਰ ਸ਼ਾਮ ਨੂੰ ਚੰਡੀਗੜ੍ਹ ਵਿਖੇ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਬਲਬੀਰ ਸਿੰਘ ਸੀਨੀਅਰ ਦੇ ਦੋਹਤੇ ਕਬੀਰ ਸਿੰਘ ਭੋਮੀਆ ਨੇ ਸਿੱਖ ਗੁਰੂਆਂ ਦੀ ਮੌਜੂਦਗੀ ਚ ਇਲੈਕਟ੍ਰਿਕ ਸ਼ਮਸ਼ਾਨਘਾਟ ਚ ਅੰਤਿਮ ਸੰਸਕਾਰ ਕੀਤਾ। ਉਨ੍ਹਾਂ ਦੀ ਬੇਟੀ ਸੁਸ਼ਬੀਰ ਅਤੇ ਹੋਰ ਨੇੜਲੇ ਰਿਸ਼ਤੇਦਾਰ ਇੱਥੇ ਮੌਜੂਦ ਸਨ। ਉਨ੍ਹਾਂ ਦੇ ਪਰਿਵਾਰ ’ਚ ਬੇਟੀ ਸੁਸ਼ਬੀਰ ਅਤੇ ਤਿੰਨ ਪੁੱਤਰ ਕੰਵਲਬੀਰ, ਕਰਣਬੀਰ ਅਤੇ ਗੁਰਬੀਰ ਹਨ।


Share