ਬਲਜਿੰਦਰ ਮਾਨ ਵਲੋਂ ਵਿਰਾਸਤੀ ਘਰ ਵਾਸਤੇ ਭਾਅ ਨੂੰ ਪੁਰਾਤਨ ਵਸਤਾਂ ਭੇਟ

109
ਵਿਰਾਸਤੀ ਘਰ ਵਾਸਤੇ ਤਰਸੇਮ ਭਾਅ ਅਤੇ ਮਨਜੀਤ ਕੌਰ ਨੂੰ ਵਸਤਾਂ ਭੇਟ ਕਰਦੇ ਹੋਏ ਬਲਜਿੰਦਰ ਮਾਨ, ਬੱਗਾ ਸਿੰਘ ਆਰਟਿਸਟ, ਪਵਨ ਸਕਰੂਲੀ, ਪੰਮੀ ਖੂਸ਼ਹਾਲਪੁਰੀ, ਸੰਨੀ ਹੀਰ ਲੰਗੇਰੀ ਅਤੇ ਸੁਖਮਨ ਸਿੰਘ ਆਦਿ।
Share

ਮਾਹਿਲਪੁਰ, 15 ਮਈ (ਪੰਜਾਬ ਮੇਲ)- ਨਵੀਂ ਪੀੜ੍ਹੀ ਨੂੰ ਅਮੀਰ ਵਿਰਾਸਤ ਨਾਲ ਜੋੜਨ ਵਾਸਤੇ ਜਿੱਥੇ ਨਰੋਏ ਸਾਹਿਤ ਦੀ ਲੋੜ ਹੈ, ਉਥੇ ਪੁਰਾਤਨ ਵਸਤਾਂ ਨੂੰ ਸੰਭਾਲਣ ਦੀ ਵੀ ਲੋੜ ਹੈ। ਇਸ ਵਾਸਤੇ ਮਾਹਿਲਪੁਰ ਦੇ ਖੇਡ ਪ੍ਰਮੋਟਰ ਅਤੇ ਸੱਭਿਆਚਾਰ ਪ੍ਰੇਮੀ ਤਰਸੇਮ ਭਾਅ ਵਲੋਂ ਜੇਜੋਂ ਰੋਡ ਮਾਹਿਲਪੁਰ ਵਿਖੇ ਇਕ ਵਿਰਾਸਤੀ ਘਰ ਉਸਾਰਿਆ ਹੈ। ਇਹ ਵਿਚਾਰ ਸ਼੍ਰੋਮਣੀ ਬਾਲ ਸਾਹਿਤਕਾਰ ਬਲਜਿੰਦਰ ਮਾਨ ਨੇ ਵਿਰਾਸਤੀ ਘਰ ਦੇ ਨਿਰਮਾਤਾ ਤਰਸੇਮ ਭਾਅ ਅਤੇ ਉਨ੍ਹਾਂ ਦੀ ਜੀਵਨ ਸਾਥਣ ਮਨਜੀਤ ਕੌਰ ਨੂੰ ਵਸਤਾਂ ਭੇਟ ਕਰਦਿਆਂ ਆਖੇ। ਉਨ੍ਹਾਂ ਅੱਗੇ ਕਿਹਾ ਕਿ ਇਹ ਵਸਤਾਂ ਉਸਨੂੰ ਮਾਹਿਲਪੁਰ ਦੇ ਕੌਮੀ ਪੁਰਸਕਾਰ ਜੇਤੂ ਅਧਿਆਪਕ ਅਤੇ ਲੇਖਕ ਗਿਆਨੀ ਹਰਕੇਵਲ ਸਿੰਘ ਸੈਲਾਨੀ ਨੇ ਨਿੱਕੀਆਂ ਕਰੂੰਬਲਾਂ ਰੀਲੀਜ਼ ਸਮਾਰੋਹ ਮੌਕੇ 14 ਨਵੰਬਰ 1995 ਨੂੰ ਭੇਟ ਕੀਤੀਆਂ ਸਨ। ਹੁਣ ਇਸ ਵਿਰਾਸਤੀ ਘਰ ਦੇ ਬਣਨ ਨਾਲ ਮਾਹਿਲਪੁਰ ਦੀ ਚਰਚਾ ਵਿਰਾਸਤੀ ਇਮਾਰਤਾਂ ਵਿਚ ਵੀ ਹੋਣ ਲੱਗੇਗੀ। ਇਸ ਤੋਂ ਪਹਿਲਾਂ ਮਾਹਿਲਪੁਰ ਨੂੰ ਬੱਬਰਾਂ, ਅੰਬਾਂ, ਪੜ੍ਹਾਕੂਆਂ, ਫੁੱਟਬਾਲਰਾਂ, ਸ਼ੌਕੀਂ ਮੇਲੇ ਅਤੇ ਨਿੱਕੀਆਂ ਕਰੂੰਬਲਾਂ ਬਾਲ ਰਸਾਲੇ ਕਰਕੇ ਜਾਣਿਆ ਜਾਂਦਾ ਰਿਹਾ ਹੈ। ਸਮਾਰੋਹ ਦੀ ਪ੍ਰਧਾਨਗੀ ਕਰਦਿਆਂ ਬੱਗਾ ਸਿੰਘ ਆਰਟਿਸਟ ਨੇ ਕਿਹਾ ਕਿ ਸਾਹਿਤ ਅਤੇ ਸੱਭਿਆਚਾਰ ਦੀ ਸਾਂਭ ਸੰਭਾਲ ਲਈ ਯਤਨ ਕਰਨੇ ਕਿਸੇ ਦੇਸ਼ ਪ੍ਰੇਮ ਤੋਂ ਘੱਟ ਨਹੀਂ ।ਅਜਿਹਾ ਕਰਨ ਨਾਲ ਨਵੀਂ ਪਨੀਰੀ ਨੂੰ ਆਪਣੇ ਮੂਲ ਨਾਲ ਜੁੜਨ ਦਾ ਮੌਕਾ ਮਿਲੇਗਾ।
ਇਸ ਮੌਕੇ ਲੋਕ ਕਵੀ ਪੰਮੀ ਖੂਸ਼ਹਾਲਪੁਰੀ, ਪਵਨ ਸਕਰੂਲੀ ਅਤੇ ਸੁਖਮਨ ਸਿੰਘ ਨੇ ਆਪਣੇ ਗੀਤਾਂ ਅਤੇ ਕਵਿਤਾਵਾਂ ਨਾਲ ਭਰਪੂਰ ਮਨੋਰੰਜਨ ਕੀਤਾ। ਸਮਾਰੋਹ ਵਿਚ ਪਿ੍ਰੰ. ਮਨਜੀਤ ਕੌਰ, ਰਵਨੀਤ ਕੌਰ, ਹਰਮਨਪ੍ਰੀਤ ਕੌਰ, ਨਿਧੀ ਅਮਨ ਸਹੋਤਾ, ਮਨਜਿੰਦਰ ਸਿੰਘ, ਹਰਮੇਸ਼ ਲਾਲ, ਜਸਪ੍ਰੀਤ ਸਿੰਘ, ਹਰਵੀਰ ਮਾਨ ਤੋਂ ਇਲਾਵਾ ਦੂਰ ਨੇੜੇ ਦੇ ਸੱਭਿਆਚਾਰ ਪ੍ਰੇਮੀ ਹਾਜ਼ਰ ਹੋਏ। ਅੰਤ ਵਿਚ ਸਭ ਦਾ ਧੰਨਵਾਦ ਕਰਦਿਆਂ ਕੁਲਦੀਪ ਕੌਰ ਬੈਂਸ ਨੇ ਕਿਹਾ ਕਿ ਸਾਨੂੰ ਆਪਣੇ ਅਮੀਰ ਵਿਰਸੇ ਨੂੰ ਕਦੀ ਵੀ ਭੁਲਾਉਣਾ ਨਹੀਂ ਚਾਹੀਦਾ। ਦੇਸ਼ਾਂ-ਵਿਦੇਸ਼ਾਂ ਵਿਚ ਸਾਡੀ ਮਾਤ ਭਾਸ਼ਾ ਅਤੇ ਸੰਸਕਿ੍ਰਤੀ ਹੀ ਸਾਡੀ ਪਛਾਣ ਹੈ। ਆਓ ਆਪਾਂ ਸਾਰੇ ਇਸ ਵਿਰਾਸਤੀ ਘਰ ਨੂੰ ਹੋਰ ਦਿਲਕਸ਼ ਬਨਾਉਣ ਵਿਚ ਆਪੋ ਆਪਣਾ ਯੋਗਦਾਨ ਪਾਈਏ।

Share