ਬਰੈਂਪਟਨ ਤੇ ਸਿਆਟਲ ਵਿਖੇ ਭਾਜਪਾ ਦੇ ਹਮਾਇਤੀਆਂ ਦਾ ਵਿਰੋਧ, ਕਿਸਾਨਾਂ ਦੇ ਹੱਕ ’ਚ ਰੋਸ ਪ੍ਰਦਰਸ਼ਨ

453
Share

ਸਿਆਟਲ, 1 ਮਾਰਚ (ਪੰਜਾਬ ਮੇਲ)- ਸਿਆਟਲ ਦੇ ਬੈਲਵਿਊ ਸ਼ਹਿਰ ਵਿਖੇ ਕੁਝ ਮੋਦੀ ਭਗਤਾਂ ਨੂੰ ਉਸ ਵੇਲੇ ਆਪਣੀ ਤਿਰੰਗਾ ਯਾਤਰਾ ਛੱਡ ਕੇ ਭੱਜਣਾ ਪੈ ਗਿਆ, ਜਦੋਂ ਸੈਂਕੜੇ ਕਿਸਾਨ ਹਿਤੈਸ਼ੀ ਨੌਜਵਾਨ ਝੰਡੇ ਤੇ ਬੈਨਰ ਲੈ ਕੇ ‘ਮੋਦੀ ਸਰਕਾਰ ਮੁਰਦਾਬਾਦ’ ਤੇ ‘ਕਾਲੇ ਕਾਨੂੰਨ ਵਾਪਸ ਲਓ’ ਦੇ ਨਾਅਰੇ ਮਾਰਦੇ ਉਥੇ ਪੁੱਜ ਗਏ। ਜਾਣਕਾਰੀ ਅਨੁਸਾਰ ਕੁਝ ਦਿਨ ਪਹਿਲਾਂ ਇਥੇ ਭਾਜਪਾ ਤੇ ਆਰ.ਐੱਸ.ਐੱਸ. ਸਮਰਥਕਾਂ ਨੇ ਤਿੰਨ ਖੇਤੀ ਕਾਨੂੰਨਾਂ ਦੇ ਸਮਰਥਨ ’ਚ ‘ਸਿਆਟਲ ਤਿਰੰਗਾ ਕਾਰ ਰੈਲੀ’ ਕੱਢਣ ਦੀ ਤਿਆਰੀ ਕੀਤੀ, ਜੋ ਬੈਲਵਿਊ ਸ਼ਹਿਰ ਕੱਢਣੀ ਸੀ, ਜਿਸ ਨੂੰ ਮੋਦੀ ਸਮਰਥਕਾਂ ਨੇ ਗੁਪਤ ਰੱਖਿਆ ਸੀ, ਪਰ ਇਸ ਰੈਲੀ ਦੀ ਸੂਚਨਾ ਸਿਆਟਲ ਦੇ ਕਿਸਾਨ ਹਿਤੈਸ਼ੀਆਂ ਨੂੰ ਮਿਲ ਗਈ, ਜੋ ਉਨ੍ਹਾਂ ਤੋਂ ਪਹਿਲਾਂ ਹੀ ਰੈਲੀ ਨਿਕਲਣ ਵਾਲੀ ਥਾਂ ’ਤੇ ਇਕੱਠੇ ਹੋ ਗਏ ਪਰ ਮੋਦੀ ਸਮਰਥਕਾਂ ਨੇ ਪਹਿਲਾਂ ਹੀ ਰੈਲੀ ਦੀ ਥਾਂ ਬਦਲ ਲਈ ਸੀ। ਕਿਸਾਨ ਹਿਤੈਸ਼ੀ ਜਿਨ੍ਹਾਂ ਵਿਚ ਵੱਡੀ ਗਿਣਤੀ ਵਿਚ ਨੌਜਵਾਨ ਮੁੰਡੇ, ਕੁੜੀਆਂ ਤੇ ਬਜ਼ੁਰਗ ਵੀ ਸ਼ਾਮਲ ਸਨ, ਉਥੇ ਵੀ ਪਹੁੰਚ ਗਏ। ਤਿਰੰਗਾ ਰੈਲੀ ਕੱਢਣ ਲਈ ਸਿਰਫ਼ 8-10 ਕਾਰਾਂ ਹੀ ਸਨ ਤੇ ਕੁਝ ’ਤੇ ਭਾਰਤ ਦੇ ਝੰਡੇ ਲੱਗੇ ਸਨ ਪਰ ਜਦੋਂ ਉਥੇ ਭਾਰੀ ਨਾਅਰੇਬਾਜ਼ੀ ਸ਼ੁਰੂ ਹੋਈ ਤੇ ਇਨ੍ਹਾਂ ਕਾਰਾਂ ਨੂੰ ਕਿਸਾਨ ਸਮਰਥਕਾਂ ਨੇ ਘੇਰ ਲਿਆ, ਤਾਂ ਕੁਝ ਤਿਰੰਗੇ ਉਤਾਰ ਕੇ ਉਥੋਂ ਖਿਸਕ ਗਏ ਪਰ ਇਕ-ਦੋ ਕਾਰਾਂ ਉਥੇ ਖੜ੍ਹੀਆਂ ਰਹੀਆਂ, ਜਿਥੇ ਕਿਸਾਨ ਹਿਤੈਸ਼ੀਆਂ ਨੇ ਜੰਮ ਕੇ ਮੋਦੀ ਸਰਕਾਰ ਖਿਲਾਫ਼ ਨਾਅਰੇਬਾਜ਼ੀ ਕੀਤੀ।
ਇਸੇ ਤਰ੍ਹਾਂ ਬਰੈਂਪਟਨ ਵਿਖੇ ਭਾਰਤੀ ਮੂਲ ਦੇ ਕੁਝ ਨੋਜਵਾਨਾ ਨੂੰ ਪਤਾ ਲੱਗਾ ਕਿ ਇੱਥੇ ਭਾਜਪਾ ਦੇ ਹੱਕ ’ਚ ਰੈਲੀ ਕੱਢ ਰਹੇ ਹਨ ਬਹੁਤ ਸਾਰੇ ਨੌਜਵਾਨ ਉਸ ਥਾਂ ਉਥੇ ਪੁੱਜ ਗਏ ਅਤੇ ਮੋਦੀ ਭਾਜਪਾ ਦੀ ਰੈਲੀ ਬਲਾਕ ਕਰਦਿਆਂ ਕਿਸਾਨਾਂ ਦੇ ਹੱਕ ’ਚ ਰੋਸ ਪ੍ਰਦਰਸ਼ਨ ਕੀਤਾ। ਭਾਰਤੀ ਮੂਲ ਦੇ ਨੌਜਵਾਨਾਂ ਨੇ ਕਿਸਾਨਾਂ ਦੇ ਹੱਕ ’ਚ ਹਾਅ ਦਾ ਨਾਅਰਾ ਮਾਰਦੇ ਹੋਏ ਬਰੈਂਪਟਨ ਦੇ Trinity/410 ਅਤੇ Shopper World ਵਿਖੇ ਕਿਸਾਨੀ ਬਿਲਾਂ ਦੇ ਹਿਮਾਇਤੀਆਂ ਵੱਲੋ ਕੀਤੀਆਂ ਜਾ ਰਹੀਆਂ ਕਾਰ ਰੈਲੀਆਂ ਜਾ ਰੋਡ ਸ਼ੋਅ ਦਾ ਕਿਸਾਨੀ ਬਿਲਾਂ ਦੇ ਵਿਰੋਧੀਆਂ ਵੱਲੋ ਵਿਰੋਧ ਕੀਤਾ ਗਿਆ ਹੈ। ਖੇਤੀਬਾੜੀ ਬਿਲਾਂ ਦੇ ਹਿਮਾਇਤੀਆਂ ਵੱਲੋਂ ਛੋਟੇ-ਛੋਟੇ ਗਰੁੱਪਾਂ ਵਿਚ ਇੱਕਠ ਕੀਤਾ ਗਿਆ ਸੀ, ਜੋ ਕਾਰ ਰੈਲੀਆਂ ਦੇ ਰੂਪ ਵਿਚ ਸੀ। ਪਤਾ ਲੱਗਣ ’ਤੇ ਬਿਲਾਂ ਦੇ ਵਿਰੋਧੀਆਂ ਵੱਲੋਂ ਵੀ ਬਿਲਾਂ ਦੇ ਖਿਲਾਫ ਨਾਅਰੇਬਾਜ਼ੀ ਤੇ ਇਨ੍ਹਾਂ ਰੈਲੀਆਂ ਦਾ ਵਿਰੋਧ ਕੀਤੇ ਜਾਣ ਦੀਆਂ ਖਬਰਾ ਹਨ।

Share