ਬਰੈਂਪਟਨ ’ਚ ਪਤਨੀ ਤੇ ਸੱਸ ਦੇ ਕਤਲ ਦੇ ਦੋਸ਼ ’ਚ ਪੰਜਾਬੀ ਨੂੰ ਦੋਹਰੀ ਉਮਰ ਕੈਦ

518
ਬਲਜੀਤ ਤੇ ਅਵਤਾਰ ਕੌਰ ਦੀਆਂ ਪੁਰਾਣੀਆਂ ਤਸਵੀਰਾਂ।
Share

* ਨਾਲ-ਨਾਲ ਚੱਲਣਗੀਆਂ ਦੋਵੇਂ ਸਜ਼ਾਵਾਂ; * 25 ਸਾਲ ਨਹੀਂ ਮਿਲ ਸਕੇਗੀ ਪੈਰੋਲ
ਬਰੈਂਪਟਨ, 20 ਅਕਤੂਬਰ (ਪੰਜਾਬ ਮੇਲ)- ਕੈਨੇਡਾ ਦੇ ਸ਼ਹਿਰ ਬਰੈਂਪਟਨ ’ਚ ਅਦਾਲਤ ਵਲੋਂ ਬੀਤੇ ਦਿਨੀਂ ਦਲਵਿੰਦਰ ਸਿੰਘ ਨੂੰ ਸ਼ਹਿਰ ’ਚ ਆਪਣੇ ਘਰ ਅੰਦਰ (12 ਜਨਵਰੀ 2018 ਦੀ ਰਾਤ ਨੂੰ) ਆਪਣੀ ਪਤਨੀ ਬਲਜੀਤ ਥਾਂਦੀ (32) ਅਤੇ ਸੱਸ ਅਵਤਾਰ ਕੌਰ (60) ਦੇ ਕਤਲ ਦੇ ਦੋਸ਼ ਵਿਚ ਦੋਹਰੀ ਉਮਰ ਕੈਦ ਦੀ ਸਜ਼ਾ ਦਿੱਤੀ ਗਈ। ਦੋਵੇਂ ਸਜ਼ਾਵਾਂ ਨਾਲ-ਨਾਲ ਚੱਲਣਗੀਆਂ ਅਤੇ ਉਸ ਨੂੰ 25 ਸਾਲ ਪੈਰੋਲ ਨਹੀਂ ਮਿਲ ਸਕੇਗੀ। ਜੱਜ ਕੋਫੀ ਬ੍ਰਨੇਜ਼ ਨੇ ਆਪਣੇ ਫੈਸਲੇ ’ਚ ਲਿਖਿਆ ਹੈ ਕਿ ਜਦੋਂ ਦੋਸ਼ੀ ਨੂੰ ਆਪਣੀ ਪਤਨੀ ਅਤੇ ਸੱਸ ਵਲੋਂ ਨਵਜਨਮੇ ਬੱਚੇ ਦੀ ਲੋਹੜੀ ਮਨਾਉਣ ਦੇ ਪ੍ਰੋਗਰਾਮ ਦਾ ਪ੍ਰਬੰਧ ਉਸ ਤੋਂ ਚੋਰੀ ਕੀਤੇ ਜਾਣ ਬਾਰੇ ਪਤਾ ਲੱਗਾ, ਤਾਂ ਉਹ ਗੁੱਸੇ ’ਚ ਬੇਕਾਬੂ ਹੋ ਗਿਆ, ਬਹਿਸ ਮਗਰੋਂ ਵਧੇ ਝਗੜੇ ’ਚ (11 ਕੁ ਮਿੰਟਾਂ ਦੌਰਾਨ) ਉਸ ਨੇ ਬਲਜੀਤ ਅਤੇ ਅਵਤਾਰ ਨੂੰ ਰਸੋਈ ’ਚ ਚਾਕੂ ਮਾਰ ਕੇ ਖਤਮ ਕਰ ਦਿੱਤਾ। ਫੈਸਲਾ ਸੁਣਾਏ ਜਾਣ ਸਮੇਂ ਦਲਵਿੰਦਰ ਅਦਾਲਤ ਵਿਚ ਹਾਜ਼ਰ ਸੀ। ਸਰਕਾਰੀ ਵਕੀਲ ਨੇ ਦੱਸਿਆ ਕਿ ਆਰਥਿਕ ਤੰਗੀ ਹੋਣ ਕਰਕੇ ਦਲਵਿੰਦਰ ਲੋਹੜੀ ਦਾ ਖਰਚਾ ਨਹੀਂ ਕਰਨਾ ਚਾਹੁੰਦਾ ਸੀ ਪਰ ਉਸ ਦੀ ਪਤਨੀ ਲੋਹੜੀ ਪਾਉਣਾ ਚਾਹੁੰਦੀ ਸੀ। ਦਲਵਿੰਦਰ ਤੇ ਬਲਜੀਤ ਦਾ ਵਿਆਹ 2016 ’ਚ ਹੋਇਆ ਸੀ ਪਰ ਜਲਦੀ ਮਗਰੋਂ ਝਗੜੇ ਸ਼ੁਰੂ ਹੋ ਗਏ। 2017 ’ਚ ਬੱਚੇ ਦੇ ਜਨਮ ਮਗਰੋਂ ਦੋਸ਼ੀ ਨੂੰ ਆਪਣੀ ਪਤਨੀ ਨੂੰ ਕੁੱਟਣ ਦੇ ਦੋਸ਼ਾਂ ’ਚ ਪੁਲਿਸ ਨੇ ਗਿ੍ਰਫਤਾਰ ਕੀਤਾ ਸੀ। ਜ਼ਮਾਨਤ ਦੀਆਂ ਸ਼ਰਤਾਂ ਤਹਿਤ ਉਹ ਪਤਨੀ ਬਲਜੀਤ ਦੇ ਨੇੜੇ ਨਹੀਂ ਜਾ ਸਕਦਾ ਸੀ ਤੇ ਨਾ ਹੀ ਉਸ ਨਾਲ ਘਰ ’ਚ ਰਹਿ ਸਕਦਾ ਸੀ ਪਰ ਜ਼ਮਾਨਤ ਦੀਆਂ ਸ਼ਰਤਾਂ ਤੋੜ ਕੇ ਉਸ ਨੇ ਵਾਰਦਾਤ ਨੂੰ ਅੰਜਾਮ ਦਿੱਤਾ।

Share