ਬਰੈਂਪਟਨ ਕੌਂਸਲ ਵੱਲੋਂ ਗੁਰਪ੍ਰੀਤ ਢਿੱਲੋਂ ਬਿਨਾਂ ਤਨਖਾਹ ਤਿੰਨ ਮਹੀਨੇ ਲਈ ਸਸਪੈਂਡ

626
Share

ਬਰੈਂਪਟਨ, 6 ਅਗਸਤ (ਪੰਜਾਬ ਮੇਲ)- ਬਰੈਂਪਟਨ ਕੌਂਸਲ ਨੇ ਵਾਰਡ ਨੰਬਰ 9 ਤੇ 10 ਤੋਂ ਸਿਟੀ ਅਤੇ ਪੀਲ ਰਿਜਨਲ ਕੌਂਸਲਰ ਗੁਰਪ੍ਰੀਤ ਢਿੱਲੋਂ ਨੂੰ ਤਿੰਨ ਮਹੀਨਿਆਂ ਲਈ ਬਿਨਾਂ ਤਨਖਾਹ ਸਸਪੈਂਡ ਕਰਨ ਦਾ ਫੈਸਲਾ ਕੀਤਾ ਹੈ। ਉਨ੍ਹਾਂ ਉੱਤੇ ਨਵੰਬਰ 2019 ਵਿਚ ਤੁਰਕੀ ਦੇ ਦੌਰੇ ਦੌਰਾਨ ਇਕ ਮਹਿਲਾ ਦੇ ਕਥਿਤ ਤੌਰ ਉੱਤੇ ਕੀਤੇ ਜਿਨਸੀ ਸ਼ੋਸ਼ਣ ਸਬੰਧੀ ਇੰਟੇਗ੍ਰਿਟੀ ਕਮਿਸ਼ਨਰ ਦੀ ਰਿਪੋਰਟ ਆਉਣ ਤੋਂ ਬਾਅਦ ਬੁੱਧਵਾਰ ਨੂੰ ਹੋਈ ਕੌਂਸਲ ਦੀ ਮੀਟਿੰਗ ਵਿਚ ਇਹ ਮੁੱਦਾ ਮੁੜ ਵਿਚਾਰਿਆ ਗਿਆ ਅਤੇ ਇਸ ਸਬੰਧੀ ਵੋਟਿੰਗ ਕਰਵਾਈ ਗਈ ਸੀ। ਇੰਟੇਗ੍ਰਿਟੀ ਕਮਿਸ਼ਨਰ ਦੀਆਂ ਸਿਫਾਰਸ਼ਾਂ ਨੂੰ ਮੰਨਦਿਆਂ ਢਿੱਲੋਂ ਦੀ ਪਬਲਿਕ ਤੇ ਸਿਟੀ ਹਾਲ ਤੱਕ ਪਹੁੰਚ ਉੱਤੇ ਵੀ ਹਾਲ ਦੀ ਘੜੀ ਰੋਕ ਲਾ ਦਿੱਤੀ ਗਈ ਹੈ। ਬਰੈਂਪਟਨ ਕੌਂਸਲ ਨੇ ਸਰਬਸੰਮਤੀ ਨਾਲ ਇੰਟੇਗ੍ਰਿਟੀ ਕਮਿਸ਼ਨਰ ਦੀਆਂ ਸਿਫਾਰਸ਼ਾਂ ਦਾ ਸਮਰਥਨ ਕੀਤਾ। ਕੌਂਸਲਰ ਗੁਰਪ੍ਰੀਤ ਢਿੱਲੋਂ ਮੀਟਿੰਗ ਵਿਚ ਮੌਜੂਦ ਨਹੀਂ ਸਨ। ਬਾਕੀ 10 ਕੌਂਸਲ ਮੈਂਬਰਾਂ ਨੇ ਇਨ੍ਹਾਂ ਸਾਰੀਆਂ ਸਿਫਾਰਸ਼ਾਂ ਦਾ ਸਮਰਥਨ ਕਰਨ ਦਾ ਫੈਸਲਾ ਕੀਤਾ।
ਜ਼ਿਕਰਯੋਗ ਹੈ ਕਿ 2019 ਵਿਚ ਗੁਰਪ੍ਰੀਤ ਢਿੱਲੋਂ ਨਾਲ ਟਰੇਡ ਮਿਸ਼ਨ ਉੱਤੇ ਤੁਰਕੀ ਗਈ ਬਰੈਂਪਟਨ ਦੀ ਬਿਜ਼ਨੈੱਸ ਵੁਮੈਨ ਵੱਲੋਂ ਇਹ ਦੋਸ਼ ਲਾਏ ਗਏ ਸਨ, ਜਿਨ੍ਹਾਂ ਦੀ ਜਾਂਚ ਇੰਟੇਗ੍ਰਿਟੀ ਕਮਿਸ਼ਨਰ ਮੁਨੀਜ਼ਾ ਸ਼ੇਖ ਨੇ ਕੀਤੀ। ਇਹ ਮਿਸ਼ਨ ਕੈਨੇਡਾ-ਤੁਰਕੀ ਬਿਜ਼ਨੈੱਸ ਕੌਂਸਲ ਵੱਲੋਂ ਆਯੋਜਿਤ ਕੀਤਾ ਗਿਆ ਸੀ। ਮਹਿਲਾ ਨੇ ਦੋਸ਼ ਲਾਏ ਸਨ ਕਿ ਉਸ ਉੱਤੇ ਜਿਨਸੀ ਹਮਲਾ 14 ਨਵੰਬਰ, 2019 ਨੂੰ ਅੰਕਾਰਾ ਦੇ ਉਸ ਦੇ ਹੋਟਲ ਦੇ ਕਮਰੇ ਵਿਚ ਹੋਇਆ ਸੀ। ਇੰਟੇਗ੍ਰਿਟੀ ਕਮਿਸ਼ਨਰ ਨੇ ਇਹ ਵੀ ਆਖਿਆ ਕਿ ਢਿੱਲੋਂ ਨੇ ਜਾਂਚ ਦੌਰਾਨ ਉਸ ਨਾਲ ਸਹਿਯੋਗ ਨਹੀਂ ਕੀਤਾ। ਦੂਜੇ ਪਾਸੇ ਢਿੱਲੋਂ ਨੇ ਆਪਣੇ ਵਕੀਲ ਰਾਹੀਂ ਜਾਰੀ ਕੀਤੇ ਪੱਤਰ ਵਿਚ ਉਕਤ ਦੋਸ਼ਾਂ ਤੋਂ ਇਨਕਾਰ ਕੀਤਾ ਹੈ। ਉਨ੍ਹਾਂ ਕਿਹਾ ਕਿ ਇਸ ਮਾਮਲੇ ਦੀ ਜਾਂਚ ਵਿਚ ਸ਼ੁਰੂ ਤੋਂ ਹੀ ਕਮੀਆਂ ਰਹੀਆਂ ਹਨ ਅਤੇ ਇਹ ਇਕਪਾਸੜ ਹੈ। ਸਿਆਸੀ ਤੌਰ ਉੱਤੇ ਉਨ੍ਹਾਂ ਨੂੰ ਜਾਣਬੁੱਝ ਕੇ ਨਿਸ਼ਾਨਾ ਬਣਾਇਆ ਜਾ ਰਿਹਾ ਹੈ।


Share