ਬਰਾਕ ਓਬਾਮਾ ਵੱਲੋਂ ਅਮਰੀਕੀ ਅਧਿਕਾਰੀਆਂ ਦੀ ਅਸਿੱਧੇ ਤੌਰ ‘ਤੇ ਆਲੋਚਨਾ

801

ਕਿਹਾ; ਕੋਰੋਨਾ ਨਾਲ ਲੜਨ ਲਈ ਅਮਰੀਕੀ ਅਧਿਕਾਰੀਆਂ ‘ਚ ਅਗਵਾਈ ਦੀ ਕਮੀ
ਵਾਸ਼ਿੰਗਟਨ, 17 ਮਈ (ਪੰਜਾਬ ਮੇਲ)- ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਨੇ ਸ਼ਨੀਵਾਰ ਨੂੰ ਡੋਨਾਲਡ ਟਰੰਪ ਸਮੇਤ ਕੁਝ ਅਧਿਕਾਰੀਆਂ ਦੀ ਅਸਿੱਧੇ ਤੌਰ ‘ਤੇ ਆਲੋਚਨਾ ਕੀਤੀ। ਉਨ੍ਹਾਂ ਨੇ ਕਾਲਜ ਗ੍ਰੈਜੁਏਟਸ ਵਿਦਿਆਰਥੀਆਂ ਨੂੰ ਆਨਲਾਈਨ ਸੰਬੋਧਿਤ ਕਰਦਿਆਂ ਕਿਹਾ ਕਿ ਇਸ ਮਹਾਮਾਰੀ ਨੇ ਦਿਖਾ ਦਿੱਤਾ ਹੈ ਕਿ ਬਹੁਤ ਸਾਰੇ ਅਧਿਕਾਰੀ ਇੰਚਾਰਜ ਹੋਣ ਦਾ ਨਾਟਕ ਤੱਕ ਨਹੀਂ ਕਰ ਪਾ ਰਹੇ ਹਨ। ਓਬਾਮਾ ਨੇ ਯੂ-ਟਿਊਬ, ਫੇਸਬੁੱਕ ਅਤੇ ਟਵਿੱਟਰ ‘ਤੇ ਪ੍ਰਸਾਰਿਤ ਇਤਿਹਾਸਿਕ ਬਲੈਕ ਕਾਲਜਾਂ ਅਤੇ ਯੂਨੀਵਰਸਿਟੀਆਂ ਦੇ ਲਈ 2 ਘੰਟੇ ਲਾਈਵ ਸਟ੍ਰੀਮਿੰਗ ਪ੍ਰੋਗਰਾਮ ‘Show Me Your Walk, HBCU Edition’ ਤੇ ਗੱਲ ਕੀਤੀ। ਉਨ੍ਹਾਂ ਦੀ ਟਿੱਪਣੀ ਰਾਜਨੀਤਿਕ ਸੀ ਅਤੇ ਵਾਇਰਸ ਤੇ ਉਸ ਦੇ ਸਮਾਜਿਕ ਅਤੇ ਆਰਥਿਕ ਪ੍ਰਭਾਵਾਂ ਤੋਂ ਪਰ੍ਹੇ ਵਰਤਮਾਨ ਦੀਆਂ ਘਟਨਾਵਾਂ ‘ਤੇ ਆਧਾਰਿਤ ਸੀ।
ਓਬਾਮਾ ਨੇ ਕਿਹਾ, ”ਕਿਸੇ ਵੀ ਚੀਜ਼ ਤੋਂ ਵੱਧ ਇਸ ਕੋਵਿਡ-19 ਮਹਾਮਾਰੀ ਨਾਲ ਪੂਰੀ ਤਰ੍ਹਾਂ ਅਤੇ ਅਖੀਰ ‘ਚ ਇਸ ਗੱਲ ਤੋਂ ਪਰਦਾ ਉਠ ਗਿਆ ਹੈ ਕਿ ਇੰਨੇ ਸਾਰੇ ਲੋਕਾਂ ਨੂੰ ਪਤਾ ਹੈ ਕਿ ਉਹ ਕੀ ਕਰ ਰਹੇ ਹਨ। ਬਹੁਤ ਸਾਰੇ ਇੰਚਾਰਜ ਹੋਣ ਦਾ ਨਾਟਕ ਤੱਕ ਨਹੀਂ ਕਰ ਪਾ ਰਹੇ ਹਨ।” ਭਾਵੇਂਕਿ ਆਪਣੇ ਸੰਬੋਧਨ ‘ਚ ਓਬਾਮਾ ਨੇ ਰਾਸ਼ਟਰਪਤੀ ਡੋਨਾਲਡ ਟਰੰਪ ਜਾਂ ਫਿਰ ਕਿਸੇ ਹੋਰ ਫੈਡਰਲ ਜਾਂ ਅਧਿਕਾਰੀ ਦਾ ਨਾਮ ਨਹੀਂ ਲਿਆ। ਸਾਬਕਾ ਰਾਸ਼ਟਰਪਤੀ ਨੇ ਦੁਨੀਆਂ ਦੇ ਇਨ੍ਹਾਂ ਮੁਸ਼ਕਲ ਹਾਲਾਤਾਂ ਦਾ ਸਾਹਮਣਾ ਕਰਨ ਵਾਲੇ ਗ੍ਰੈਜੁਏਟ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਅਤੇ ਉਨ੍ਹਾਂ ਦੀ ਤਾਰੀਫ ਕੀਤੀ। ਉਨ੍ਹਾਂ ਨੇ ਫਰਵਰੀ ‘ਚ ਹੋਈ ਗੋਲੀਬਾਰੀ ਦੀ ਘਟਨਾ ਦਾ ਜ਼ਿਕਰ ਕੀਤਾ, ਜਿਸ ਵਿਚ 2 ਸਾਲ ਦੇ ਅਹਿਮਦ ਅਰਬੇਰੀ ਦੀ ਉਸ ਸਮੇਂ ਹੱਤਿਆ ਕਰ ਦਿੱਤੀ ਗਈ ਸੀ, ਜਦੋਂ ਉਹ ਜਾਰਜੀਆ ਵਿਚ ਇਕ ਰਿਹਾਇਸ਼ੀ ਸੜਕ ‘ਤੇ ਜੋਗਿੰਗ ਕਰ ਰਿਹਾ ਸੀ।
ਓਬਾਮਾ ਨੇ ਕਿਹਾ, ”ਈਮਾਨਦਾਰੀ ਨਾਲ ਕਹਾਂ ਤਾਂ ਇਸ ਤਰ੍ਹਾਂ ਦੀ ਬੀਮਾਰੀ ਸਿਰਫ ਅੰਦਰੂਨੀ ਅਸਮਾਨਤਾਵਾਂ ਅਤੇ ਵਾਧੂ ਬੋਝਾਂ ਨੂੰ ਉਜਾਗਰ ਕਰਦੀ ਹੈ, ਜਿਸ ਨਾਲ ਇਤਿਹਾਸਿਕ ਤੌਰ ‘ਤੇ ਬਲੈਕ ਭਾਈਚਾਰਿਆਂ ਨੇ ਨਜਿੱਠਣਾ ਹੈ। ਅਸੀਂ ਇਸ ਨੂੰ ਆਪਣੇ ਭਾਈਚਾਰੇ ‘ਤੇ ਕੋਵਿਡ-19 ਦੇ ਪ੍ਰਤੀਕੂਲ ਪ੍ਰਭਾਵ ਵਾਂਗ ਦੇਖਦੇ ਹਾਂ। ਜਿਵੇਂ ਕਿ ਅਸੀਂ ਦੇਖਦੇ ਹਾਂ ਕਿ ਜੇਕਰ ਇਕ ਬਲੈਕ ਪੁਰਸ਼ ਜੋਗਿੰਗ ਦੇ ਲਈ ਜਾਂਦਾ ਹੈ, ਤਾਂ ਕੁਝ ਲੋਕਾਂ ਨੂੰ ਲੱਗਦਾ ਹੈ ਕਿ ਉਨ੍ਹਾਂ ਨੂੰ ਉਸ ਨੂੰ ਰੋਕ ਕੇ ਸਵਾਲ ਪੁੱਛਣੇ ਚਾਹੀਦੇ ਹਨ ਅਤੇ ਜੇਕਰ ਉਹ ਜਵਾਬ ਨਹੀਂ ਦਿੰਦਾ ਹੈ, ਤਾਂ ਉਸ ਨੂੰ ਗੋਲੀ ਮਾਰ ਦੇਣੀ ਚਾਹੀਦੀ ਹੈ।”