ਬਰਮਿੰਘਮ ‘ਚ ਚਾਕੂ ਨਾਲ ਕੀਤੇ ਲੜੀਵਾਰ ਹਮਲਿਆਂ ‘ਚ ਇਕ ਵਿਅਕਤੀ ਦੀ ਮੌਤ, 7 ਜ਼ਖ਼ਮੀ

509
Share

-ਵੈਸਟ ਮਿਡਲੈਂਡਜ਼ ਪੁਲਿਸ ਵੱਲੋਂ ਹਮਲਾ ‘ਵੱਡੀ ਘਟਨਾ’ ਕਰਾਰ
ਲੰਡਨ, 6 ਅਗਸਤ (ਪੰਜਾਬ ਮੇਲ)- ਕੇਂਦਰੀ ਇੰਗਲੈਂਡ ਦੇ ਬਰਮਿੰਘਮ ਸ਼ਹਿਰ ‘ਚ ਚਾਕੂ ਨਾਲ ਕੀਤੇ ਲੜੀਵਾਰ ਹਮਲਿਆਂ ਵਿੱਚ ਇਕ ਵਿਅਕਤੀ ਹਲਾਕ ਜਦੋਂਕਿ ਸੱਤ ਜਣੇ ਜ਼ਖ਼ਮੀ ਹੋ ਗਏ ਹਨ। ਜ਼ਖ਼ਮੀਆਂ ‘ਚੋਂ ਦੋ ਦੀ ਹਾਲਤ ਗੰਭੀਰ ਦੱਸੀ ਜਾਂਦੀ ਹੈ। ਵੈਸਟ ਮਿਡਲੈਂਡਜ਼ ਪੁਲਿਸ ਨੇ ਇਸ ਨੂੰ ‘ਵੱਡੀ ਘਟਨਾ’ ਕਰਾਰ ਦਿੱਤਾ ਹੈ। ਪੁਲਿਸ ਨੇ ਕਿਹਾ ਕਿ ਸ਼ਨਿੱਚਰਵਾਰ ਤੇ ਐਤਵਾਰ ਦੀ ਦਰਮਿਆਨੀ ਰਾਤ ਨੂੰ ਵੱਡੇ ਤੜਕੇ ਸਿਟੀ ਸੈਂਟਰ ‘ਚ ਚਾਕੂ ਨਾਲ ਹਮਲਾ ਕੀਤੇ ਜਾਣ ਦੀਆਂ ਕੋਈ ਰਿਪੋਰਟਾਂ ਮਿਲੀਆਂ ਹਨ। ਪੁਲਿਸ ਨੇ ਅਹਿਤਿਆਤ ਵਜੋਂ ਲੋਕਾਂ ਨੂੰ ਖੇਤਰ ਤੋਂ ਦੂਰ ਰਹਿਣ ਲਈ ਕਿਹਾ ਹੈ। ਪੁਲਿਸ ਨੇ ਕਿਹਾ ਕਿ ਹਮਲੇ ਪਿਛਲੇ ਮਕਸਦ ਬਾਰੇ ਅਜੇ ਕੁਝ ਵੀ ਸਪੱਸ਼ਟ ਨਹੀਂ ਹੈ। ਪੁਲਿਸ ਨੇ ਇਕ ਬਿਆਨ ‘ਚ ਕਿਹਾ ਕਿ ਹਾਲ ਦੀ ਘੜੀ ਅਸੀਂ ਕੁਝ ਵੀ ਦੱਸਣ ਦੀ ਸਥਿਤੀ ਵਿਚ ਨਹੀਂ ਹਾਂ। ਇਸ ਦੌਰਾਨ ਪੁਲਿਸ ਨੇ ਹਰਸਟ ਸਟਰੀਟ, ਇਰਵਿੰਗ ਸਟਰੀਟ ਤੇ ਐਡਮੰਡ ਸਟਰੀਟ ਖੇਤਰਾਂ ਨੂੰ ਘੇਰੇ ਵਿਚ ਲੈ ਲਿਆ ਹੈ। ਹਮਲੇ ਦੇ ਜ਼ਖ਼ਮੀਆਂ ਨੂੰ ਮੁਕਾਮੀ ਹਸਪਤਾਲਾਂ ‘ਚ ਦਾਖਲ ਕਰਵਾਇਆ ਗਿਆ ਹੈ। ਇਸ ਦੌਰਾਨ ਬਰਤਾਨੀਆ ਦੇ ਵਿਦੇਸ਼ ਮੰਤਰੀ ਡੋਮੀਨਿਕ ਰਾਬ ਨੇ ਕਿਹਾ ਕਿ ਇਸ ਹਮਲੇ ਦੇ ਦਹਿਸ਼ਤੀ ਹੋਣ ਬਾਰੇ ਹਾਲ ਦੀ ਘੜੀ ਕਈ ਸੰਕੇਤ ਨਹੀਂ ਹਨ, ਪਰ ਫਿਰ ਵੀ ਲੋਕ ਚੌਕਸ ਰਹਿਣ।


Share