ਬਰਤਾਨੀਆ ਪੀ.ਐੱਮ. ਨੇ ‘ਸਕਿਪਿੰਗ ਸਿੱਖ’ ਨੂੰ ‘ਪੁਆਇੰਟਸ ਆਫ਼ ਲਾਈਟ ਆਨਰ’ ਨਾਲ ਸਨਮਾਨਿਆ

790
Share

ਲੰਡਨ, 28 ਜੂਨ (ਪੰਜਾਬ ਮੇਲ)- ਕੋਰੋਨਾਵਾਇਰਸ ਕਾਰਨ ਹੋਈ ਤਾਲਾਬੰਦੀ ਦੌਰਾਨ ਰੱਸੀ ਟੱਪਣ ਵਾਲੇ ਆਪਣੇ ਵੀਡੀਓ ਦੀ ਮਦਦ ਨਾਲ ਬਰਤਾਨੀਆ ਦੀ ਕੌਮੀ ਸਿਹਤ ਸੇਵਾ (ਐੱਨ.ਐੱਚ.ਐੱਸ.) ਲਈ ਫੰਡ ਜੁਟਾ ਕੇ ਸੋਸ਼ਲ ਮੀਡੀਆ ‘ਤੇ ਛਾ ਜਾਣ ਵਾਲੇ 73 ਸਾਲਾਂ ‘ਸਕਿਪਿੰਗ ਸਿੱਖ’ (ਰੱਸੀ ਟੱਪਣਾ ਸਿੱਖ) ਰਾਜਿੰਦਰ ਸਿੰਘ ਨੂੰ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਨੇ ‘ਪੁਆਇੰਟਸ ਆਫ਼ ਲਾਈਟ ਆਨਰ’ ਨਾਲ ਨਿਵਾਜਿਆ ਹੈ। ਪੱਛਮੀ ਲੰਡਨ ਦੇ ਹਰਲਿੰਗਟਨ ਦੇ ਰਜਿੰਦਰ ਸਿੰਘ ਨੇ ਇਸ ਵਰ੍ਹੇ ਦੀ ਸ਼ੁਰੂਆਤ ‘ਚ ਆਪਣੇ ਕੁਝ ਵੀਡੀਓ ਸੋਸ਼ਲ ਮੀਡੀਆ ‘ਤੇ ਪਾਏ ਸਨ, ਜਿਨ੍ਹਾਂ ਵਿਚ ਉਹ ਕਸਰਤ ਕਰਦੇ ਵਿਖਾਈ ਦਿੰਦੇ ਹਨ। ਉਨ੍ਹਾਂ ਦੀ ਵੀਡੀਓ ਨੂੰ ਯੂ-ਟਿਊਬ ‘ਤੇ 2,50,000 ਤੋਂ ਵੱਧ ਲੋਕਾਂ ਨੇ ਵੇਖਿਆ ਸੀ, ਜਿਸ ਰਾਹੀਂ ਲੋਕਾਂ ਨੂੰ ਤਾਲਾਬੰਦੀ ‘ਚ ਚੁਸਤ-ਦਰੁੱਸਤ ਰਹਿਣ ਲਈ ਪ੍ਰੇਰਿਤ ਕੀਤਾ ਤੇ ਐੱਨ.ਐੱਚ.ਐੱਸ. ਨੂੰ ਦਾਨ ਦੇਣ ਲਈ 12,000 ਪਾਊਂਡ ਤੋਂ ਵੱਧ ਪੈਸੇ ਇਕੱਠੇ ਕੀਤੇ। ਪ੍ਰਧਾਨ ਮੰਤਰੀ ਸ਼੍ਰੀ ਜੌਹਨਸਨ ਨੇ ਇਸ ਹਫ਼ਤੇ ਰਜਿੰਦਰ ਸਿੰਘ ਨੂੰ ਭੇਜੇ ਇੱਕ ਨਿੱਜੀ ਪੱਤਰ ‘ਚ ਲਿਖਿਆ, ‘ਤੁਹਾਡੇ ‘ਸਕਿਪਿੰਗ ਸਿੱਖ’ ਫਿਟਨੈੱਸ ਵੀਡੀਓ ਨੇ ਉਨ੍ਹਾਂ ਹਜ਼ਾਰਾਂ ਲੋਕਾਂ ਨੂੰ ਪ੍ਰੇਰਿਤ ਕੀਤਾ, ਜਿਨ੍ਹਾਂ ਇਹ ਵੀਡੀਓ ਆਨਲਾਈਨ ਵੇਖੇ ਤੇ ਤੁਹਾਡੇ ਨਾਲ ਰੋਜ਼ ਕਸਰਤ ਕੀਤੀ। ਤੁਸੀਂ ਗੁਰਦੁਆਰੇ ਬੰਦ ਹੋਣ ਦੌਰਾਨ ਵੀ ਸਿੱਖ ਸਮਾਜ ਨੂੰ ਇਕੱਠਾ ਕਰਨ ਤੇ ਉਨ੍ਹਾਂ ਵਿਚ ਊਰਜਾ ਸੰਚਾਰ ਕਰਨ ਲਈ ਬਿਹਤਰੀਨ ਤਰੀਕਾ ਲੱਭਿਆ। ਉਨ੍ਹਾਂ ਕਿਹਾ, ‘ਸਾਡੇ ਅਸਾਧਾਰਨ ਐੱਨ.ਐੱਚ.ਐੱਸ. ਨੂੰ ਤੁਸੀਂ ਜੋ ਸਹਿਯੋਗ ਦੇ ਰਹੇ ਹੋ ਤੇ ਤਾਲਾਬੰਦੀ ਵਿਚ ਰੱਸੀ ਕੁੱਦਣ ਦੀ ਚੁਣੌਤੀ ਰਾਹੀਂ ਤੁਸੀਂ ਦੇਸ਼ ਦੇ ਲੋਕਾਂ ਨੂੰ ਰੱਸੀ ਟੱਪਣ ਤੇ ਆਪਣਾ ਮਨੋਬਲ ਉੱਚਾ ਰੱਖਣ ਲਈ ਜਿਸ ਢੰਗ ਨਾਲ ਉਤਸ਼ਾਹਿਤ ਕਰ ਰਹੇ ਹੋ, ਉਸ ਲਈ ਮੈਂ ਨਿੱਜੀ ਤੌਰ ‘ਤੇ ਤੁਹਾਡਾ ਸ਼ੁਕਰੀਆ ਅਦਾ ਕਰਨਾ ਚਾਹੁੰਦਾ ਹਾਂ।’ ਪ੍ਰਧਾਨ ਮੰਤਰੀ ‘ਪੁਆਇੰਟ ਆਫ ਲਾਈਟ ਪੁਰਸਕਾਰ’ ਹਰ ਹਫ਼ਤੇ ਦੇ ਅਖੀਰ ‘ਚ ਉਨ੍ਹਾਂ ਲੋਕਾਂ ਨੂੰ ਦਿੱਤਾ ਜਾਂਦਾ ਹੈ, ਜੋ ਆਪਣੇ ਸਮਾਜ ‘ਚ ਤਬਦੀਲੀ ਲਿਆ ਰਹੇ ਹਨ ਤੇ ਲੋਕਾਂ ਨੂੰ ਪ੍ਰੇਰਿਤ ਕਰ ਰਹੇ ਹਨ।


Share