ਬਰਤਾਨੀਆ ਦੇ ਗ੍ਰਹਿ ਮੰਤਰਾਲੇ ਵੱਲੋਂ ਨਵਾਜ਼ ਸ਼ਰੀਫ ਦੀ ਵੀਜ਼ਾ ਮਿਆਦ ਵਧਾਉਣ ਸਬੰਧੀ ਅਰਜ਼ੀ ਰੱਦ

3936
Share

ਇਸਲਾਮਾਬਾਦ/ਲੰਡਨ, 7 ਅਗਸਤ (ਪੰਜਾਬ ਮੇਲ)- ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਦੀ ਵੀਜ਼ਾ ਮਿਆਦ ਵਧਾਉਣ ਸਬੰਧੀ ਅਰਜ਼ੀ ਬਰਤਾਨੀਆ ਦੇ ਗ੍ਰਹਿ ਮੰਤਰਾਲੇ ਨੇ ਰੱਦ ਕਰ ਦਿੱਤੀ ਹੈ, ਹਾਲਾਂਕਿ ਉਨ੍ਹਾਂ ਨੂੰ ਅਪੀਲ ਦਾ ਅਧਿਕਾਰ ਵੀ ਦਿੱਤਾ ਗਿਆ ਹੈ। ਸ਼ਰੀਫ (71), ਜਿਨ੍ਹਾਂ ਨੂੰ ਪਾਕਿਸਤਾਨ ’ਚ ਭਿ੍ਰਸ਼ਟਾਚਾਰ ਦੇ ਦੋ ਮਾਮਲਿਆਂ ’ਚ ਦੋਸ਼ੀ ਠਹਿਰਾਇਆ ਗਿਆ ਹੈ, ਲਾਹੌਰ ਹਾਈ ਕੋਰਟ ਵੱਲੋਂ ਚਾਰ ਹਫ਼ਤਿਆਂ ਲਈ ਵਿਦੇਸ਼ ਜਾਣ ਦੀ ਆਗਿਆ ਦਿੱਤੇ ਜਾਣ ਮਗਰੋਂ ਨਵੰਬਰ 2019 ਤੋਂ ਲੰਡਨ ’ਚ ਰਹਿ ਰਹੇ ਹਨ। ‘ਡਾਅਨ ਨਿਊਜ਼’ ਨੇ ਪਾਕਿਸਤਾਨ ਮੁਸਲਿਮ ਲੀਗ-ਨਵਾਜ਼ (ਪੀ.ਐੱਮ.ਐੱਲ.-ਐੱਨ) ਦੀ ਤਰਜਮਾਨ ਮਰੀਅਮ ਔਰੰਗਜ਼ੇਬ ਦੇ ਹਵਾਲੇ ਨਾਲ ਦੱਸਿਆ, ‘ਬਰਤਾਨੀਆ ਦੇ ਗ੍ਰਹਿ ਮੰਤਰਾਲੇ ਨੇ ਮੁਹੰਮਦ ਨਵਾਜ਼ ਸ਼ਰੀਫ ਦਾ ਵੀਜ਼ਾ ਵਧਾਉਣ ਤੋਂ ਨਾਂਹ ਕਰ ਦਿੱਤੀ ਹੈ।’ ਮਰੀਅਮ ਨੇ ਦੱਸਿਆ ਕਿ ਗ੍ਰਹਿ ਮੰਤਰਾਲੇ ਦੇ ਫ਼ੈਸਲੇ ਖ਼ਿਲਾਫ਼ ਅਪੀਲ ਕੀਤੀ ਜਾ ਸਕਦੀ ਹੈ ਅਤੇ ਉਦੋਂ ਤੱਕ ਪੀ.ਐੱਮ.ਐੱਲ.-ਐੱਨ ਦੇ ਮੁਖੀ ਸ਼ਰੀਫ ਬਰਤਾਨੀਆ ’ਚ ਹੀ ਰਹਿਣਗੇ। ਹਾਲਾਂਕਿ ਰਿਪੋਰਟ ’ਚ ਇਹ ਸਪੱਸ਼ਟ ਨਹੀਂ ਕੀਤਾ ਗਿਆ ਹੈ ਕਿ ਨਵਾਜ਼ ਸ਼ਰੀਫ਼ ਦਾ ਬਰਤਾਨੀਆ ਦਾ ਵੀਜ਼ਾ ਕਦੋਂ ਤੱਕ ਵੈਲਿਡ ਹੈ।

Share