ਬਰਤਾਨੀਆ ਦੀ ਮਹਾਰਾਣੀ ਨੂੰ ਕੋਰੋਨਾਵਾਇਰਸ ਕਾਰਨ 18 ਮਿਲੀਅਨ ਪੌਂਡ ਦੇ ਨੁਕਸਾਨ ਦਾ ਖਦਸ਼ਾ

881
Share

ਲੰਡਨ, 21 ਮਈ (ਪੰਜਾਬ ਮੇਲ)-ਗਲੋਬਲ ਮਹਾਮਾਰੀ ਕੋਰੋਨਾਵਾਇਰਸ ਕਾਰਨ ਦੁਨੀਆਂ ਭਰ ਦੇ ਦੇਸ਼ਾਂ ਦੀ ਅਰਥਵਿਵਸਥਾ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ ਹੈ। ਇਕ ਜਾਣਕਾਰੀ ਮੁਤਾਬਕ ਕੋਰੋਨਾਵਾਇਰਸ ਕਾਰਨ ਬਰਤਾਨੀਆ ਦੀ ਮਹਾਰਾਣੀ ਐਲਿਜ਼ਾਬੈਥ ਨੂੰ 18 ਮਿਲੀਅਨ ਪੌਂਡ (1.8 ਕਰੋੜ ਪੌਂਡ) ਦਾ ਨੁਕਸਾਨ ਹੋ ਸਕਦਾ ਹੈ। ਲਾਰਡ ਚੈਂਬਰਲੇਨ ਨੇ ਇਕ ਈ-ਮੇਲ ‘ਚ ਕਰਮਚਾਰੀਆਂ ਨੂੰ ਇਸ ਸਬੰਧੀ ਚਿਤਾਵਨੀ ਦਿੱਤੀ ਹੈ। ਕੋਰੋਨਾਵਾਇਰਸ ਕਾਰਨ ਸ਼ਾਹੀ ਮਹਿਲ ਸੈਲਾਨੀਆਂ ਲਈ ਬੰਦ ਹੈ। ਸ਼ਾਹੀ ਮਹਿਲ ਨੂੰ ਦੇਖਣ ਲਈ ਆਉਣ ਵਾਲੇ ਸੈਲਾਨੀਆਂ ਤੋਂ ਮਹਾਰਾਣੀ ਨੂੰ 4 ਮਿਲੀਅਨ ਪੌਂਡ (40 ਲੱਖ ਰੁਪਏ) ਮਿਲਦੇ ਹਨ। ਲਾਰਡ ਚੈਂਬਰਲੇਨ ਅਰਲ ਪੀਲ ਜੋ ਸ਼ਾਹੀ ਪਰਿਵਾਰ ਦੇ ਪ੍ਰਮੁੱਖ ਹਨ। ਉਨ੍ਹਾਂ ਨੇ ਕਰਮਚਾਰੀਆਂ ਨੂੰ ਲਿਖੇ ਈ-ਮੇਲ ਵਿਚ ਸਵੀਕਾਰ ਕੀਤਾ ਕਿ ਸ਼ਾਹੀ ਆਮਦਨ ਵਿਚ ਇਸ ਸਾਲ ਇਕ ਤਿਹਾਈ ਦੀ ਗਿਰਾਵਟ ਹੋਣ ਦੀ ਆਸ ਹੈ, ਜਿਸ ਕਾਰਨ ਤਨਖਾਹ ‘ਤੇ ਰੋਕ ਲੱਗ ਸਕਦੀ ਹੈ। ਨਵੀਆਂ ਨਿਯੁਕਤੀਆਂ ‘ਤੇ ਵੀ ਰੋਕ ਲੱਗ ਸਕਦੀ ਹੈ। ਪਿਛਲੇ ਸਾਲ ਸ਼ਾਹੀ ਪਰਿਵਾਰ ਨੂੰ ਟਿਕਟ ਅਤੇ ਸਮਾਰਿਕਾ ਵਿਕਰੀ ਤੋਂ 70 ਮਿਲੀਅਨ ਪੌਂਡ ਤੋਂ ਵੱਧ ਦੀ ਕਮਾਈ ਹੋਈ ਸੀ। ਸ਼ਾਹੀ ਪਰਿਵਾਰ ਨੂੰ ਕ੍ਰਾਊਨ ਅਸਟੇਟ ਤੋਂ ਵੱਡੀ ਕਮਾਈ ਹੁੰਦੀ ਹੈ। ਸ਼ਾਹੀ ਪਰਿਵਾਰ ਨੂੰ ਬਕਿੰਘਮ ਪੈਲੇਸ ਤੋਂ ਇਕ ਸਾਲ ਵਿਚ ਕਰੀਬ 12 ਮਿਲੀਅਨ ਪੌਂਡ, ਵਿੰਡਸਰ ਕਾਸਲ ਤੋਂ 25 ਮਿਲੀਅਨ ਪੌਂਡ, ਈਡਨਬਰਗ ਦੇ ਹੋਲੀਰੂਡ ਹਾਊਸ ਤੋਂ 5.6 ਮਿਲੀਅਨ ਪੌਂਡ, ਦਿ ਰੌਇਲ ਮਿਊਜ਼ ਤੋਂ 1.6 ਮਿਲੀਅਨ ਪੌਂਡ ਅਤੇ ਕਲੇਰੈਂਸ ਹਾਊਸ ਤੋਂ 132,000 ਪੌਂਡ ਦੀ ਕਮਾਈ ਹੁੰਦੀ ਹੈ। ਮਹਾਰਾਣੀ ਦੀ ਕੁੱਲ ਸੰਪਤੀ 350 ਮਿਲੀਅਨ ਪੌਂਡ ਦੀ ਹੈ, ਜਦਕਿ ਪਿਛਲੇ ਸਾਲ ਉਨ੍ਹਾਂ ਨੂੰ ਸਰਕਾਰੀ ਜ਼ਿੰਮੇਵਾਰੀਆਂ ਲਈ ਟੈਕਸ ਫੰਡਾਂ ਵਿਚੋਂ 82.4 ਮਿਲੀਅਨ ਪੌਂਡ ਮਿਲੇ ਸਨ।


Share